ਚੰਡੀਗੜ੍ਹ ‘ਚ ਬਿਜਲੀ ਸਪਲਾਈ ਹੋਵੇਗੀ ਫੋਜ ਦੀ ਨਿਗਰਾਨੀ ਹੇਠ – ਸਮਝੌਤੇ ਤੋਂ ਬਾਅਦ ਵੀ ਫੋਜ ਦੇ ਜਵਾਨ ਪਾਵਰ ਕੇਂਦਰਾਂ ਤੇ ਨਿਗ੍ਹਾ ਰੱਖਣਗੇ
ਨਿਊਜ਼ ਪੰਜਾਬ
ਬਿਜਲੀ ਮੁਲਾਜ਼ਮਾਂ ਨੇ ਸਮਝੌਤੇ ਤੋਂ ਬਾਅਦ ਹੜਤਾਲ ਵਾਪਸ ਲੈਣ ਤੋਂ ਬਾਅਦ ਚੰਡੀਗੜ੍ਹ ‘ਚ ਬਿਜਲੀ ਸਪਲਾਈ ਦੀ ਸਥਿਤੀ ਹੁਣ ਕਾਬੂ ਹੇਠ ਹੈ ਅਤੇ ਜ਼ਿਆਦਾਤਰ ਥਾਵਾਂ ‘ਤੇ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਗਈ ਹੈ। ਇਸ ਦੇ ਬਾਵਜੂਦ ਚੰਡੀਗੜ੍ਹ ਦੇ ਸਾਰੇ ਸਟੇਸ਼ਨਾਂ ‘ਤੇ ਫੌਜ ਦੇ ਜਵਾਨ ਤਾਇਨਾਤ ਹਨ। ਫੌਜ ਦਾ ਕਹਿਣਾ ਹੈ ਕਿ ਜਦੋਂ ਤੱਕ ਪ੍ਰਸ਼ਾਸਨ ਅਤੇ ਬਿਜਲੀ ਕਰਮਚਾਰੀਆਂ ਵਿੱਚ ਸਥਿਤੀ ਆਮ ਵਾਂਗ ਨਹੀਂ ਹੁੰਦੀ, ਉਦੋਂ ਤੱਕ ਫੌਜ ਦੇ ਇੰਜੀਨੀਅਰ ਸਟੇਸ਼ਨਾਂ ‘ਤੇ ਹੀ ਰਹਿਣਗੇ। ਫੌਜ ਦੇ 100 ਦੇ ਕਰੀਬ ਜਵਾਨ ਵੱਖ-ਵੱਖ ਥਾਵਾਂ ‘ਤੇ ਤਾਇਨਾਤ ਹਨ। ਫੋਜ਼ ਦੇ ਜਵਾਨ ਇੱਕ ਹਫਤਾ ਹੋਰ ਪਾਵਰ ਕੇਂਦਰਾਂ ਤੇ ਨਿਗ੍ਹਾ ਰੱਖਣਗੇ
ਨਿੱਜੀਕਰਨ ਵਿਰੁੱਧ ਬਿਜਲੀ ਕਾਮਿਆਂ ਦੀ ਹੜਤਾਲ ਕਾਰਨ ਮੰਗਲਵਾਰ ਨੂੰ ਚੰਡੀਗੜ੍ਹ ‘ਚ ਮੁਕੰਮਲ ਬਿਜਲੀ ਗੁੱਲ ਹੋਣ ਕਾਰਨ ਪ੍ਰਸ਼ਾਸਨ ਦੇ ਸਾਹ ਸੂਤੇ ਹੋਏ ਸਨ। ਤੁਰੰਤ ਫੌਜ ਦੀ ਮਦਦ ਮੰਗੀ ਗਈ। ਫੌਜ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਅਤੇ ਪੱਛਮੀ ਕਮਾਂਡ ਦੇ ਕਮਾਂਡਰ ਨਵ ਕੇ ਖੰਡੂਰੀ ਨਾਲ ਗੱਲਬਾਤ ਤੋਂ ਬਾਅਦ ਮੈਦਾਨ ਵਿੱਚ ਉਤਰੀ। ਇਸ ਸਮੁੱਚੀ ਕਾਰਵਾਈ ਦੀ ਕਮਾਂਡ ਚੀਫ ਇੰਜੀਨੀਅਰ ਕਮਾਂਡ, ਮੇਜਰ ਜਨਰਲ ਪੀ.ਐਸ ਚੱਢਾ ਅਤੇ ਕਰਨਲ ਜਸਦੀਪ ਸਿੰਘ ਸੰਧੂ, ਸਲਾਹਕਾਰ-ਕਮ-ਪ੍ਰਿੰਸੀਪਲ ਡਾਇਰੈਕਟਰ, ਸਿਵਲ ਮਿਲਟਰੀ ਅਫੇਅਰਜ਼ ਨੇ ਕੀਤੀ।
ਚੰਡੀਗੜ੍ਹ ਪ੍ਰਸ਼ਾਸਨ ਨਾਲ ਮੀਟਿੰਗ ਤੋਂ ਬਾਅਦ 8 ਵਜੇ ਵੱਖ-ਵੱਖ ਸਟੇਸ਼ਨਾਂ ‘ਤੇ ਫੌਜ ਦੇ ਜਵਾਨ ਤਾਇਨਾਤ ਕਰ ਦਿੱਤੇ ਗਏ। ਹਨੇਰਾ ਹੋਣ ਕਾਰਨ ਇੰਜਨੀਅਰਾਂ ਨੂੰ ਨੁਕਸ ਕੱਢਣ ਵਿੱਚ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਸਭ ਤੋਂ ਵੱਧ ਸਮੱਸਿਆ ਸੈਕਟਰ 56, 52 ਅਤੇ 43 ਵਿੱਚ ਸਥਿਤ 66 ਕੇਵੀਏ ਸਬ ਸਟੇਸ਼ਨਾਂ ਵਿੱਚ ਸੀ। ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਜਦੋਂ ਇੱਥੇ ਕੋਈ ਨੁਕਸ ਨਹੀਂ ਲੱਭਿਆ ਤਾਂ ਦਿੱਲੀ ਤੋਂ 25 ਵਿਸ਼ੇਸ਼ ਸਿਖਲਾਈ ਪ੍ਰਾਪਤ ਇਲੈਕਟ੍ਰੀਕਲ ਇੰਜੀਨੀਅਰਾਂ ਦੀ ਟੀਮ ਬੁਲਾਈ ਗਈ।