ਸ਼੍ਰੋਮਣੀ ਪੰਜਾਬੀ ਸਾਹਿਤਕਾਰ ਸ. ਬਲਦੇਵ ਸਿੰਘ ਸੜਕਨਾਮਾ ਦੀ ਪ੍ਰਧਾਨਗੀ ਹੇਠ ਭਾਸ਼ਾ ਵਿਭਾਗ ਮੋਗਾ ਵੱਲੋਂ ਕੌਮਾਂਤਰੀ ਮਾਂ-ਬੋਲੀ ਦਿਵਸ ਮਨਾਇਆ ਗਿਆ
ਨਿਊਜ਼ ਪੰਜਾਬ
ਮੋਗਾ 21 ਫਰਵਰੀ:21 ਫਰਵਰੀ ਨੂੰ ਵਿਸ਼ਵ ਪੱਧਰ ‘ਤੇ ਮਨਾਏ ਜਾਂਦੇ ਕੌਮਾਂਤਰੀ ਮਾਂ-ਬੋਲੀ ਦਿਵਸ ਦੇ ਪ੍ਰਸੰਗ ਵਿਚ ਭਾਸ਼ਾ ਵਿਭਾਗ ਮੋਗਾ ਵੱਲੋਂ ਸ਼ਾਨਦਾਰ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਸ. ਬਲਦੇਵ ਸਿੰਘ ਸੜਕਨਾਮਾ ਨੇ ਕੀਤੀ। ਉਨ੍ਹਾਂ ਤੋਂ ਇਲਾਵਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਰਾਕੇਸ਼ ਕੁਮਾਰ ਮੱਕੜ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ. ਪ੍ਰਭਦੀਪ ਸਿੰਘ ਨੱਥੋਵਾਲ, ਸ਼੍ਰੀ ਕੇ.ਐੱਲ. ਗਰਗ, ਅਮਰ ਸੂਫ਼ੀ, ਡਾ. ਸੁਰਜੀਤ ਸਿੰਘ ਦੌਧਰ, ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਅਜੀਤਪਾਲ ਸਿੰਘ ਨੇ ਸਭ ਨੂੰ ਜੀ ਆਇਆਂ ਕਿਹਾ। ਸਮਾਗਮ ਦੀ ਸ਼ੁਰੂਆਤ ਮਾਤ-ਭਾਸ਼ਾ ਲਈ ਅਹਿਦ ਨਾਲ ਕੀਤੀ ਗਈ।
ਪੰਜਾਬੀ ਮਾਤ ਭਾਸ਼ਾ ਦੇ ਪ੍ਰਚਾਰ/ਪ੍ਰਸਾਰ ਨੂੰ ਸਮਰਪਿਤ ਇਹ ਅਹਿਦ ਠੀਕ 11.00 ਵਜੇ ਜ਼ਿਲ੍ਹਾ ਪੱਧਰ ‘ਤੇ ਵੱਖ-ਵੱਖ ਸਕੂਲਾਂ, ਕਾਲਜਾਂ ਅਤੇ ਸਰਕਾਰੀ ਦਫ਼ਤਰਾਂ ਵਿਖੇ ਲਈ ਗਈ। ਇਸ ਉਪਰੰਤ ਗੁਰਦੇਵ ਦਰਦੀ ਦੁਆਰਾ ਪੰਜਾਬੀ ਮਾਂ-ਬੋਲੀ ਨੂੰ ਸਮਰਪਿਤ ਇਕ ਖੂਬਸੂਰਤ ਗੀਤ ਅਤੇ ਜੀ. ਐੱਸ. ਪੀਟਰ ਦੁਆਰਾ ਸੁਰਜੀਤ ਪਾਤਰ ਦੀ ਗ਼ਜ਼ਲ ਦਾ ਗਾਇਨ ਕੀਤਾ ਗਿਆ। ਡਾ. ਸੁਰਜੀਤ ਬਰਾੜ ਦੁਆਰਾ ‘ਪੰਜਾਬੀ ਮਾਤ ਭਾਸ਼ਾ ਮਹੱਤਵ ਅਤੇ ਚੁਣੌਤੀਆਂ’ ਵਿਸ਼ੇ ‘ਤੇ ਪੇਪਰ ਪੜ੍ਹਦਿਆਂ ਅੱਜ ਦੇ ਸੈਮੀਨਾਰ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਨੇ ਆਪਣੇ ਪੇਪਰ ਦੌਰਾਨ ਯੁਨੈਸਕੋ ਦੀ ਰਿਪੋੋਰਟ ਦੇ ਹਵਾਲੇ ਨਾਲ ਪੰਜਾਬੀ ਮਾਤ-ਭਾਸ਼ਾ ਦੀ ਨਿੱੱਘਰ ਰਹੀ ਹਾਲਤ ‘ਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਇਸ ਵਿਚਾਰ ਚਰਚਾ ਨੂੰ ਅੱਗੇ ਵਧਾਉਂਦਿਆਂ ਸ. ਅਮਰ ਸੂਫ਼ੀ, ਡਾ. ਸੁਰਜੀਤ ਦੌਧਰ, ਗੁਰਮੇਲ ਬੌਡੇ, ਅਸ਼ੋਕ ਚਟਾਨੀ, ਡਾ. ਸੁਰਜੀਤ ਢੁੱਡੀਕੇ, ਦਵਿੰਦਰ ਗਿੱਲ, ਜੀ. ਐੱਸ. ਪੀਟਰ ਅਤੇ ਗੁਰਦੇਵ ਦਰਦੀ ਵੱਲੋਂ ਮਹੱਤਵਪੂਰਨ ਨੁਕਤੇ ਉਠਾਏ ਗਏ।
ਜ਼ਿਲ੍ਹਾ ਭਾਸ਼ਾ ਅਫ਼ਸਰ ਸ਼੍ਰੀ ਰਾਕੇਸ਼ ਮੱਕੜ ਨੇ ਮਾਤ-ਭਾਸ਼ਾ ਦੇ ਪ੍ਰਚਾਰ ਲਈ ਸਕੂਲਾਂ ਵਿਖੇ ਬਣਾਏ ਭਾਸ਼ਾ ਮੰਚਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ. ਪ੍ਰਭਦੀਪ ਸਿੰਘ ਨੱਥੋਵਾਲ ਨੇ ਭਾਸ਼ਾ ਵਿਭਾਗ, ਮੋਗਾ ਦੀਆਂ ਗਤੀਵਿਧੀਆਂ ਦੀ ਸ਼ਲਾਘਾ ਕਰਦਿਆਂ ਇਸ ਨੂੰ ਹਰ ਪ੍ਰਕਾਰ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ। ਇੰਗਲੈਂਡ ਤੋਂ ਪਹੁੰਚੇ ਪ੍ਰਸਿੱਧ ਗ਼ਜ਼ਲਗੋ ਅਜ਼ੀਮ ਸ਼ੇਖਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਕੇ. ਐੱਲ. ਗਰਗ ਨੇ ਅੱਜ ਦੇ ਸਮਾਗਮ ਦੀ ਸਫ਼ਲਤਾ ਲਈ ਵਧਾਈ ਦਿੱਤੀ। ਸ. ਬਲਦੇਵ ਸਿੰਘ ਸੜਕਨਾਮਾ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਮੋਗਾ ਵਿਖੇ ਨਵੇਂ ਬਣੇ ਭਾਸ਼ਾ ਦਫ਼ਤਰ ਲਈ ਸਰਕਾਰ ਦਾ ਧੰਨਵਾਦ ਕੀਤਾ। ਸਮਾਗਮ ਦਾ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸ਼੍ਰੀ ਜਸਵਿੰਦਰ ਕੁਮਾਰ ਨੇ ਬਾਖੂਬੀ ਨਿਭਾਈ। ਸਮਾਗਮ ਵਿਚ ਉਪਰੋਕਤ ਵਕਤਿਆਂ ਤੋਂ ਇਲਾਵਾ ਖੋਜ ਅਫ਼ਸਰ ਸਤਪਾਲ ਸਿੰਘ, ਸੀਨੀਅਰ ਸਹਾਇਕ ਬਲਵੀਰ ਰਾਮ, ਜਗੀਰ ਸਿੰਘ ਖੋਖਰ, ਚਰਨਜੀਤ ਸਮਾਲਸਰ, ਧਾਮੀ ਗਿੱਲ, ਡਾ. ਪਲਵਿੰਦਰ ਕੌਰ, ਰਮਨਪ੍ਰੀਤ ਕੌਰ, ਅਮਰਪ੍ਰੀਤ ਕੌਰ, ਹਰਦੀਪ ਕੌਰ, ਨਰਿੰਦਰ ਮੋਹੀ, ਕੁਲਵੰਤ ਸਿੰਘ, ਗੁਰਦੀਪ ਸਿੰਘ ਲੋਪੋਂ, ਨਵਨੀਤ ਸਿੰਘ ਸੇਖਾ, ਸੋਹਨ ਲਾਲ, ਅਵਤਾਰ ਸਮਾਲਸਰ, ਹਰਵਿੰਦਰ ਸਿੰਘ ਬਿਲਾਸਪੁਰ, ਬੇਅੰਤ ਕੌਰ ਗਿੱਲ, ਰਜਿੰਦਰ ਕੌਰ, ਜਸਵਿੰਦਰ ਕੌਰ ਆਦਿ ਹਾਜ਼ਰ ਸਨ।