ਵਿਧਾਨ ਸਭਾ ਹਲਕਿਆਂ ਦਾ ਜ਼ਿਲ੍ਹਾ ਵਾਰ ਵੇਰਵਾ – ਪੰਜਾਬ ਵਿੱਚ 72 ਫ਼ੀਸਦੀ ਦੇ ਕਰੀਬ ਪੋਲਿੰਗ ਹੋਈ – ਮੋਗਾ ਵਿੱਚ 73.97 ਫੀਸਦੀ ਤੋਂ ਵਧੇਰੇ ਮਤਦਾਨ

  ਪੰਜਾਬ ਵਿਧਾਨ ਸਭਾ ਚੋਣਾਂ ਲਈ 71.53 ਫ਼ੀਸਦੀ ਵੋਟਿੰਗ ਹੋਈ, ਜੋਕਿ ਪਿਛਲੀਆਂ ਚੋਣਾਂ ਦੇ ਮੁਕਾਬਲੇ 5 ਫ਼ੀਸਦੀ ਘੱਟ ਦੱਸੀ ਜਾ ਰਹੀ ਹੈ। ਉਥੇ ਹੀ ਚੋਣ ਕਮਿਸ਼ਨ ਜਾਰੀ ਅੰਕੜਿਆਂ ਮੁਤਾਬਕ ਸ਼ਹਿਰਾਂ ਨਾਲੋਂ ਪਿੰਡਾਂ ’ਚ ਵੱਧ ਵੋਟਿੰਗ ਹੋਈ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਸਾਲ 2017 ’ਚ ਪੰਜਾਬ ’ਚ 77.40 ਫ਼ੀਸਦੀ ਪੋਲਿੰਗ ਹੋਈ ਸੀ।

ਨਿਊਜ਼ ਪੰਜਾਬ

ਮੋਗਾ, 21 ਫਰਵਰੀ -ਪੰਜਾਬ ਵਿਧਾਨ ਸਭਾ ਚੋਣਾਂ-2022 ਤਹਿਤ ਜ਼ਿਲ੍ਹਾ ਮੋਗਾ ਲਈ ਵੋਟਾਂ ਪਾਉਣ ਦਾ ਕੰਮ ਅੱਜ ਪੂਰਨ ਅਮਨ ਅਮਾਨ ਅਤੇ ਸ਼ਾਂਤੀਪੂਰਨ ਤਰੀਕੇ ਨਾਲ ਸਿਰੇ ਚੜ੍ਹ ਗਿਆ। ਜ਼ਿਲ੍ਹਾ ਮੋਗਾ ਅਧੀਨ ਪੈਂਦੇ 4 ਵਿਧਾਨ ਸਭਾ ਹਲਕਿਆਂ ਵਿੱਚ ਕੁੱਲ 73.97 ਫੀਸਦੀ ਤੋਂ ਵਧੇਰੇ ਵੋਟਿੰਗ ਦਰਜ ਕੀਤੀ ਗਈ।
ਵੋਟ ਪ੍ਰਕਿਰਿਆ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਹਰੀਸ਼ ਨਈਅਰ ਨੇ ਦੱਸਿਆ ਕਿ ਹਲਕਾ ਨਿਹਾਲ ਸਿੰਘ ਵਾਲਾ ਵਿੱਚ 71.06 ਫੀਸਦੀ, ਬਾਘਾਪੁਰਾਣਾ ਵਿੱਚ 77.15 ਫੀਸਦੀ, ਮੋਗਾ ਵਿੱਚ 70.63 ਫੀਸਦੀ ਅਤੇ ਧਰਮਕੋਟ ਵਿੱਚ 77.88 ਫੀਸਦੀ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ।
ਸ੍ਰੀ ਨਈਅਰ ਨੇ ਜ਼ਿਲ੍ਹਾ ਮੋਗਾ ਵਿੱਚ ਵੋਟਾਂ ਦਾ ਕੰਮ ਅਮਨ ਅਮਾਨ ਨਾਲ ਸਿਰੇ ਚੜ੍ਹਨ ‘ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਵੋਟਰਾਂ, ਚੋਣ ਅਮਲਾ ਅਤੇ ਸੀਨੀਅਰ ਅਧਿਕਾਰੀਆਂ ਦਾ ਧੰਨਵਾਦ ਕੀਤਾ ਹੈ, ਜਿਨ੍ਹਾਂ ਨੇ ਲੋਕਤੰਤਰ ਦੀ ਮਜ਼ਬੂਤੀ ਲਈ ਬੜ੍ਹੀ ਤਤਪਰਤਾ ਨਾਲ ਆਪਣੀ-ਆਪਣੀ ਜਿੰਮੇਵਾਰੀ ਨਿਭਾਈ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਮੋਗਾ ਲਈ ਵੱਖ-ਵੱਖ ਰਾਜਸੀ ਪਾਰਟੀਆਂ ਦੇ ਉਮੀਦਵਾਰਾਂ ਸਮੇਤ ਕੁੱਲ 42 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਕਰਨ ਲਈ ਅੱਜ ਜ਼ਿਲ੍ਹਾ ਮੋਗਾ ਦੇ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ।
ਵੋਟਾਂ ਦੀ ਗਿਣਤੀ 10 ਮਾਰਚ ਨੂੰ ਆਈ. ਟੀ. ਆਈ. ਮੋਗਾ ਵਿਖੇ ਹੋਵੇਗੀ
ਸ਼੍ਰੀ ਨਈਅਰ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਦੇ ਚਾਰ ਵਿਧਾਨ ਸਭਾ ਹਲਕਿਆਂ ਲਈ ਪਾਈਆਂ ਗਈਆਂ ਵੋਟਾਂ ਦੀ ਗਿਣਤੀ 10 ਮਾਰਚ, 2022 ਨੂੰ ਸਥਾਨਕ ਜੀ. ਟੀ. {ਰੋਡ ਸਥਿਤ ਆਈ. ਟੀ. ਆਈ. ਵਿਖੇ ਕੀਤੀ ਜਾਵੇਗੀ। ਗਿਣਤੀ ਸ਼ੁਰੂ ਹੋਣ ਦਾ ਸਮਾਂ ਸਵੇਰੇ 8 ਵਜੇ ਹੋਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਲੋੜੀਂਦੀ ਗਿਣਤੀ ਲਈ ਸਟਾਫ਼ ਦੀ ਨਿਯੁਕਤੀ ਕੀਤੀ ਜਾ ਰਹੀ ਹੈ। ਜਲਦ ਹੀ ਗਿਣਤੀ ਸੰਬੰਧੀ ਰਿਹਰਸਲਾਂ ਸ਼ੁਰੂ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਕੰਮ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਸਮੂਹ ਜ਼ਿਲ੍ਹਾ ਵਾਸੀਆਂ ਤੋਂ ਵੋਟਾਂ ਵਾਲੇ ਦਿਨ ਦੀ ਤਰ੍ਹਾਂ ਗਿਣਤੀ ਵਾਲੇ ਦਿਨ ਵੀ ਸਹਿਯੋਗ ਦੀ ਉਮੀਦ ਕੀਤੀ।

——

ਪਟਿਆਲਾ ਦੇ 8 ਵਿਧਾਨ ਸਭਾ ਹਲਕਿਆਂ ‘ਚ ਵੋਟਾਂ ਮਗਰੋਂ ਈ.ਵੀ.ਐਮ. ਤੇ ਵੀ.ਵੀ.ਪੈਟ ਸਟਰਾਂਗ ਰੂਮਾਂ ‘ਚ ਸੀਲ : ਸੰਦੀਪ ਹੰਸ
-10 ਮਾਰਚ ਨੂੰ 6 ਸਥਾਨਾਂ ‘ਤੇ ਹੋਵੇਗੀ ਵੋਟਾਂ ਦੀ ਗਿਣਤੀ
ਪਟਿਆਲਾ, 21 ਫਰਵਰੀ:( ਨਿਊਜ਼ ਪੰਜਾਬ )
ਪਟਿਆਲਾ ਦੇ 8 ਵਿਧਾਨ ਸਭਾ ਹਲਕਿਆਂ ‘ਚ ਹੋਈਆਂ ਵੋਟਾਂ ਤੋਂ ਬਾਅਦ ਈ.ਵੀ.ਐਮ. ਤੇ ਵੀ.ਵੀ.ਪੈਟ ਮਸ਼ੀਨਾਂ ਸਟਰਾਂਗ ਰੂਮਾਂ ‘ਚ ਸੀਲ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ -ਕਮ- ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 109-ਨਾਭਾ ਦੀਆਂ ਵੋਟਿੰਗ ਮਸ਼ੀਨਾਂ ਆਈ.ਟੀ.ਆਈ. ਲੜਕੇ ਪਟਿਆਲਾ, 110-ਪਟਿਆਲਾ ਦਿਹਾਤੀ ਦੀਆਂ ਈ.ਵੀ.ਐਮਜ਼ ਤੇ ਵੀ.ਵੀ.ਪੈਟ ਮਸ਼ੀਨਾਂ ਸੀ.ਓ.ਐਸ. ਬਿਲਡਿੰਗ ਥਾਪਰ ਯੂਨੀਵਰਸਿਟੀ ਪਟਿਆਲਾ ਵਿਖੇ ਸੀਲ ਕਰ ਦਿੱਤੀਆਂ ਗਈਆਂ ਹਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 111-ਰਾਜਪੁਰਾ ਤੇ 113-ਘਨੌਰ ਦੀਆਂ ਮਸ਼ੀਨਾਂ ਜਿਮਨੇਜੀਅਮ ਹਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਟਰਾਂਗ ਰੂਮ ‘ਚ ਰੱਖੀਆਂ ਗਈਆਂ ਹਨ। ਇਸੇ ਤਰ੍ਹਾਂ 114-ਸਨੌਰ ਦੀਆਂ ਮਸ਼ੀਨਾਂ ਸਰਕਾਰੀ ਬਹੁਤਕਨੀਕੀ ਕਾਲਜ (ਲੜਕੀਆਂ) ਐਸ.ਐਸ.ਟੀ. ਨਗਰ ਪਟਿਆਲਾ ਤੇ 115-ਪਟਿਆਲਾ ਦੀਆਂ ਈ.ਵੀ.ਐਮ. ਤੇ ਵੀ.ਵੀ.ਪੈਟ ਸਰਕਾਰੀ ਮਹਿੰਦਰਾ ਕਾਲਜ (ਮੇਨ ਬਿਲਡਿੰਗ) ਵਿਖੇ ਰੱਖੀਆਂ ਗਈਆਂ ਹਨ। 116-ਸਮਾਣਾ ਤੇ 117-ਸ਼ੁਤਰਾਣਾ ਦੀਆਂ ਮਸ਼ੀਨਾਂ ਜਿਮਨੇਜੀਅਮ ਹਾਲ ਪੋਲੋ ਗਰਾਊਂਡ ਪਟਿਆਲਾ ਵਿਖੇ ਸੀਲ ਕੀਤੀਆਂ ਗਈਆਂ ਹਨ। ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਹਰ ਗਿਣਤੀ ਕੇਂਦਰ ਵਿਖੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
ਅੱਜ ਆਈ.ਜੀ. ਪਟਿਆਲਾ ਰੇਂਜ ਸ੍ਰੀ ਰਾਕੇਸ਼ ਅਗਰਵਾਲ, ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਸੰਦੀਪ ਹੰਸ ਤੇ ਐਸ.ਐਸ.ਪੀ. ਡਾ. ਸੰਦੀਪ ਗਰਗ ਨੇ ਵੱਖ ਵੱਖ ਸਥਾਨਾਂ ‘ਤੇ ਬਣਾਏ ਸਟਰਾਂਗ ਰੂਮਾਂ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ 10 ਮਾਰਚ ਨੂੰ ਉਕਤ 6 ਸਥਾਨਾਂ ‘ਤੇ ਹੀ ਕੀਤੀ ਜਾਵੇਗੀ।

ਤਸਵੀਰਾਂ : ਆਈ.ਜੀ. ਪਟਿਆਲਾ ਰੇਂਜ ਸ੍ਰੀ ਰਾਕੇਸ਼ ਅਗਰਵਾਲ ਤੇ ਐਸ.ਐਸ.ਪੀ. ਡਾ. ਸੰਦੀਪ ਗਰਗ ਵੱਖ ਵੱਖ ਸਟਰਾਂਗ ਰੂਮਾਂ ਦਾ ਦੌਰਾ ਕਰਦੇ ਹੋਏ, ਉਨ੍ਹਾਂ ਦੇ ਨਾਲ ਐਸ.ਪੀ. ਸਿਟੀ ਹਰਪਾਲ ਸਿੰਘ ਵੀ ਮੌਜੂਦ ਹਨ।