ਵੱਧ ਰੇਟ ‘ਤੇ ਸੈਨੀਟਾਈਜ਼ਰ ਤੇ ਮਾਸਕ ਵੇਚਣ ਵਾਲਾ ਕੈਮਿਸਟ ਕਾਬੂ
ਚੰਡੀਗੜ੍ਹ ਮਾਰਚ 27 :( ਨਿਊਜ਼ ਪੰਜਾਬ ) ਪੰਜਾਬ ਸਰਕਾਰ ਵੱਲੋਂ ਕਰੋਨਾ ਵਾਇਰਸ ਦੀ ਲਈ ਲਗਾਏ ਗਏ ਕਰਫਿਊ ਦੌਰਾਨ ਵਸਤਾਂ ਨੂੰ ਵੱਧ ਭਾਅ ਉਤੇ ਨਾ ਵੇਚਣ ਸਬੰਧੀ ਮੁੱਖ ਡਾਇਰੈਕਟਰ, ਵਿਜੀਲੈਂਸ ਬਿਊਰੋ, ਪੰਜਾਬ ਬੀ.ਕੇ. ਉੱਪਲ ਵੱਲੋਂ ਜਾਰੀ ਹਦਾਇਤਾਂ ਦੇ ਮੱਦੇਨਜ਼ਰ ਬਿਊਰੋ ਦੇ ਉੱਡਣ ਦਸਤੇ ਨੇ ਐਸ.ਏ.ਐਸ. ਨਗਰ ਦੇ ਫੇਜ਼ 3 ਬੀ-2, ਵਿਖੇ ਇੰਡਸ ਫਾਰਮੇਸੀ ਦੇ ਮਾਲਕ ਦਿਨੇਸ਼ ਕੁਮਾਰ ਨੂੰ ਕਾਬੂ ਕੀਤਾ ਹੈ।
ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਮਿਲੀਆਂ ਸ਼ਿਕਾਇਤਾਂ ਦੇ ਅਧਾਰ ਉਤੇ ਵਿਜੀਲੈਂਸ ਦੇ ਉੱਡਣ ਦਸਤੇ ਦੇ ਏ.ਆਈ.ਜੀ ਅਸ਼ੀਸ਼ ਕਪੂਰ ਦੀ ਨਿਗਰਾਨੀ ਅਧੀਨ ਟੀਮ ਨੇ ਉਕਤ ਦਵਾਈਆਂ ਦੀ ਦੁਕਾਨ ਉਤੇ ਛਾਪਾ ਮਾਰਿਆ ਅਤੇ ਪਾਇਆ ਗਿਆ ਕਿ ਉਥੇ ਸੈਨੀਟਾਈਜ਼ਰ ਅਤੇ ਮਾਸਕ ਆਮ ਰੇਟ ਤੋਂ ਬਹੁਤ ਵੱਧ ਰੇਟਾਂ ਉਤੇ ਵੇਚੇ ਜਾ ਰਹੇ ਸਨ। ਵਿਜੀਲੈਂਸ ਟੀਮ ਨੇ ਉਸ ਦਵਾ ਵਿਕਰੇਤਾ ਨੂੰ ਵੱਧ ਰੇਟ ‘ਤੇ ਮਾਸਕ ਅਤੇ ਸੈਨੀਟਾਈਜ਼ਰ ਵੇਚਣ ਕਾਰਨ ਕਾਬੂ ਕਰ ਲਿਆ ਜਿਸ ਵਿਰੁੱਧ ਐਸ.ਏ.ਐਸ. ਨਗਰ ਦੇ ਥਾਣਾ ਮਟੌਰ ਵਿਖੇ ਆਈ.ਪੀ.ਸੀ ਦੀ ਧਾਰਾ 188 ਤਹਿਤ ਮੁਕੱਦਮਾ ਨੰਬਰ 64 ਦਰਜ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਬਿਓਰੋ ਦੇ ਮੁੱਖ ਡਾਇਰੈਕਟਰ ਬੀ.ਕੇ. ਉੱਪਲ ਨੇ ਪਹਿਲਾਂ ਹੀ ਵਿਜੀਲੈਂਸ ਦੇ ਸਾਰੇ ਅਧਿਕਾਰੀਆਂ ਨੂੰ ਜ਼ਿਲ੍ਹਿਆਂ ਵਿੱਚ ਪ੍ਰਸਾਸਨ ਅਤੇ ਜ਼ਿਲ੍ਹਾ ਪੁਲਿਸ ਨਾਲ ਤਾਲਮੇਲ ਰੱਖਣ ਅਤੇ ਹਰ ਤਰ੍ਹਾਂ ਦੇ ਸਹਿਯੋਗ ਅਤੇ ਸਹਾਇਤਾ ਕਰਨ ਦਾ ਨਿਰਦੇਸ਼ ਦਿੱਤਾ ਹੋਇਆ ਹੈ। ਇਸ ਤੋਂ ਇਲਾਵਾ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਹਨ ਕਿ ਉਹ ਜਰੂਰੀ ਚੀਜਾਂ ਨੂੰ ਭੰਡਾਰ ਕਰਨ ਜਾਂ ਮੁਨਾਫ਼ਖੋਰੀ ਕਰਨ ਵਾਲਿਆਂ ਸਮੇਤ ਕਰੋਨਾ ਵਾਇਰਸ ਦੀ ਰੋਕਥਾਮ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾ ਨੂੰ ਲਾਗੂ ਕਰਨ ਵਿਚ ਜਾਣਬੁੱਝ ਕੇ ਬੇਨਿਯਮੀਆਂ ਕਰਨ ਵਾਲਿਆਂ ‘ਤੇ ਵੀ ਕਰੜੀ ਨਜ਼ਰ ਰੱਖਣ।