10 ਲੱਖ ਰੁਪਏ ਦਾ ਵਿਸ਼ੇਸ਼ ਸਟੂਡੈਂਟ ਕਾਰਡ – 400 ਯੂਨਿਟ ਮੁਫਤ – 3,100 ਰੁਪਏ ਬੁਢਾਪਾ ਪੈਨਸ਼ਨ ਤੇ ਸ਼ਗਨ ਸਕੀਮ 75,000 ਰੁਪਏ ਦੇਣ ਦਾ ਵਾਅਦਾ – ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਨੇ ਸਾਂਝਾ ਚੋਣ ਮਨੋਰਥ ਪੱਤਰ ਜਾਰੀ ਕੀਤਾ
NEWS PUNJAB
ਸ਼ਗਨ ਸਕੀਮ ਤਹਿਤ 75 ਹਜ਼ਾਰ ਰੁਪਏ – ਇੱਕ ਲੱਖ ਸਾਲਾਨਾ ਆਮਦਨ ਵਾਲੇ ਗਰੀਬਾਂ ਲਈ 5 ਲੱਖ ਘਰ ਉਸਾਰਨ ਤੇ 10 ਲੱਖ ਰੁਪਏ ਦੇ ਬੀਮੇ ਨਾਲ ਭਾਈ ਕਨ੍ਹਈਆ ਸਕੀਮ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ – ਛੋਟੇ ਵਪਾਰੀਆਂ ਦਾ ਦਸ ਲੱਖ ਤੱਕ ਦਾ ਬੀਮਾ ਕੀਤਾ ਜਾਵੇਗਾ
ਨਿਊਜ਼ ਪੰਜਾਬ
ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਨੇ ਮੰਗਲਵਾਰ ਨੂੰ ਚੰਡੀਗੜ੍ਹ ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਲਈ ਸਾਂਝਾ ਚੋਣ ਮਨੋਰਥ ਪੱਤਰ ਜਾਰੀ ਕੀਤਾ। ਮੈਨੀਫੈਸਟੋ ਦੇ ਮੁੱਖ ਵਾਅਦਿਆਂ ਵਿੱਚ ਹਰ ਘਰ ਵਿੱਚ 400 ਯੂਨਿਟ ਮੁਫਤ ਬਿਜਲੀ ਸ਼ਾਮਲ ਹੈ। ਅਕਾਲੀ ਦਲ ਨੇ ਪੰਜਾਬ ਵਿੱਚ ਫਲਾਇੰਗ ਅਕੈਡਮੀ ਅਤੇ ਰੇਸ ਕੋਰਸ ਬਣਾਉਣ ਦਾ ਵੀ ਵਾਅਦਾ ਕੀਤਾ ਹੈ। ਇਸ ਦੇ ਨਾਲ ਹੀ 5 ਸਾਲਾਂ ਵਿੱਚ ਇੱਕ ਲੱਖ ਸਰਕਾਰੀ ਨੌਕਰੀਆਂ ਦੇਣ ਦਾ ਵਾਅਦਾ ਵੀ ਚੋਣ ਮਨੋਰਥ ਪੱਤਰ ਵਿੱਚ ਸ਼ਾਮਲ ਹੈ। ਇੰਸਪੈਕਟਰ ਰਾਜ ਖਤਮ ਕਰਨ, ਨਿਊ ਚੰਡੀਗੜ੍ਹ ਵਿੱਚ ਫਿਲਮ ਸਿਟੀ ਬਣਾਉਣ ਦੀ ਗੱਲ ਵੀ ਹੋਈ ਹੈ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਆਪਣਾ ਚੋਣ ਮਨੋਰਥ ਪੱਤਰ ਜ਼ਰੂਰ ਲਾਗੂ ਕਰੇਗਾ। ਚੋਣ ਮਨੋਰਥ ਪੱਤਰ ਵਿੱਚ 3,100 ਰੁਪਏ ਬੁਢਾਪਾ ਪੈਨਸ਼ਨ ਤੇ ਸ਼ਗਨ ਸਕੀਮ 75,000 ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਹੈ। ਇੱਕ ਲੱਖ ਸਾਲਾਨਾ ਆਮਦਨ ਵਾਲੇ ਗਰੀਬਾਂ ਲਈ 5 ਲੱਖ ਘਰ ਉਸਾਰਨ ਤੇ 10 ਲੱਖ ਰੁਪਏ ਦੇ ਬੀਮੇ ਨਾਲ ਭਾਈ ਕਨ੍ਹਈਆ ਸਕੀਮ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। 10 ਲੱਖ ਰੁਪਏ ਦਾ ਵਿਸ਼ੇਸ਼ ਸਟੂਡੈਂਟ ਕਾਰਡ ਜਾਰੀ ਕਰਨ ਦਾ ਵਾਅਦਾ ਕੀਤਾ, ਜਿਸ ਦੀ ਵਰਤੋਂ ਉਹ ਯੂਨੀਵਰਸਿਟੀਆਂ ਵਿੱਚ ਦਾਖ਼ਲੇ ਦੌਰਾਨ ਕਰ ਸਕਦੇ ਹਨ। 25,000 ਆਬਾਦੀ ਲਈ ਮੈਗਾ ਸਕੂਲ ਖੋਲ੍ਹਣ, ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਪ੍ਰਾਈਵੇਟ ਅਤੇ ਪਬਲਿਕ ਕਾਲਜਾਂ ਵਿੱਚ 33 ਫੀਸਦੀ ਰਾਖਵਾਂਕਰਨ ਦੇਣ ਦੀ ਗੱਲ ਕਹੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਸਾਰੀਆਂ ਸ਼੍ਰੇਣੀਆਂ ਨਾਲ ਸਬੰਧਤ ਗਰੀਬਾਂ ਲਈ 400 ਯੂਨਿਟ ਮੁਫ਼ਤ ਦੇਣ ਦਾ ਐਲਾਨ ਕੀਤਾ ਹੈ ਤੇ ਪੰਜ ਸਾਲਾਂ ਵਿੱਚ ਇੱਕ ਲੱਖ ਸਰਕਾਰੀ ਨੌਕਰੀਆਂ ਦੇਣ ਦਾ ਵਾਅਦਾ ਕੀਤਾ।
ਮੈਨੀਫੈਸਟੋ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਵਿੱਚ ਰੇਤ ਅਤੇ ਸ਼ਰਾਬ ਮਾਫੀਆ ਨੂੰ ਖਤਮ ਕਰਨ ਲਈ ਇੱਕ ਨਿਗਮ ਬਣਾਇਆ ਜਾਵੇਗਾ। ਇਹ ਕੰਮ ਸਰਕਾਰ ਖੁਦ ਕਰੇਗੀ। ਇਸ ਤੋਂ ਇਲਾਵਾ ਪੰਜਾਬ ਵਿੱਚ ਈਸਾਈ ਅਤੇ ਮੁਸਲਿਮ ਭਲਾਈ ਬੋਰਡ ਬਣਾਉਣ ਦੀ ਗੱਲ ਵੀ ਹੋਈ ਹੈ। ਇਸ ਤੋਂ ਇਲਾਵਾ ਆਂਗਣਵਾੜੀ ਵਰਕਰਾਂ ਨੂੰ ਪ੍ਰੀ ਨਰਸਰੀ ਦਾ ਦਰਜਾ ਦੇਣ ਅਤੇ ਆਸ਼ਾ ਵਰਕਰਾਂ ਦੀਆਂ ਤਨਖਾਹਾਂ ਵਿੱਚ ਢਾਈ ਹਜ਼ਾਰ ਦਾ ਵਾਧਾ ਕਰਨ ਦਾ ਵਾਅਦਾ ਕੀਤਾ ਗਿਆ ਹੈ। ਠੇਕੇ ’ਤੇ ਰੱਖੇ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇਗਾ ਅਤੇ 2004 ਦੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇਗੀ।
ਹੋਰ ਵਾਅਦਿਆਂ ਵਿੱਚ ਸ਼ਗਨ ਸਕੀਮ ਤਹਿਤ 75 ਹਜ਼ਾਰ ਰੁਪਏ ਦੇਣਾ ਅਤੇ ਵਿਦਿਆਰਥੀ ਕਾਰਡ ਸਕੀਮ ਲਿਆਉਣਾ ਸ਼ਾਮਲ ਹੈ। ਕਾਲਜਾਂ ਵਿੱਚ 33 ਫੀਸਦੀ ਸੀਟਾਂ ਅਨੁਸੂਚਿਤ ਜਾਤੀਆਂ ਲਈ ਰਾਖਵੀਆਂ ਹੋਣਗੀਆਂ। ਛੇ ਯੂਨੀਵਰਸਿਟੀਆਂ ਬਣਾਈਆਂ ਜਾਣਗੀਆਂ, ਜਿਨ੍ਹਾਂ ਵਿੱਚੋਂ ਇੱਕ ਹੁਨਰ ਵਿਕਾਸ ‘ਤੇ ਹੋਵੇਗੀ। ਉਦਯੋਗ ਦੇ ਸਹਿਯੋਗ ਨਾਲ ਕੋਰਸ ਚਲਾਏ ਜਾਣਗੇ। ਵੱਡੇ ਉਦਯੋਗਾਂ ਨੂੰ ਸੋਲਰ ਪਲਾਂਟ ਲਗਾਉਣ ਲਈ ਕਿਹਾ ਜਾਵੇਗਾ, ਜਦਕਿ ਛੋਟੇ ਵਪਾਰੀਆਂ ਦਾ ਦਸ ਲੱਖ ਤੱਕ ਦਾ ਬੀਮਾ ਕੀਤਾ ਜਾਵੇਗਾ।