ਮੋਗਾ – ਵੋਟਰ ਲਾਲਚ, ਭੈ ਅਤੇ ਜਾਤੀਵਾਦ ਤੋਂ ਉੱਪਰ ਉੱਠ ਕੇ ਕਰਨ ਆਪਣੀ ਵੋਟ ਦਾ ਇਸਤੇਮਾਲ-ਡਿਪਟੀ ਕਮਿਸ਼ਨਰ

ਜ਼ਿਲ੍ਹਾ ਪ੍ਰਸ਼ਾਸ਼ਨ ਚੋਣਾਂ ਦੇ ਕੰਮ ਨੂੰ ਸਾਫ਼ ਸੁਥਰੇ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਵਚਨਬੱਧ-ਹਰੀਸ਼ ਨਈਅਰ
ਨਿਊਜ਼ ਪੰਜਾਬ
ਮੋਗਾ – ਡਿਪਟੀ ਕਮਿਸ਼ਨਰ ਮੋਗਾ ਸ੍ਰੀ ਹਰੀਸ਼ ਨਈਅਰ ਨੇ ਮੋਗਾ ਵਾਸੀਆਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜਿਵੇਂ ਕਿ ਸਭ ਨੂੰ ਭਲੀਭਾਂਤੀ ਪਤਾ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ 2022 ਮਿਤੀ 20 ਫਰਵਰੀ ਨੂੰ ਹੋਣ ਜਾ ਰਹੀਆਂ ਹਨ। ਪੋਲਿੰਗ ਦੇ ਕੰਮ ਨੂੰ ਸਫ਼ਲਤਾਪੂਰਵਕ ਅਤੇ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਦਿਨ ਰਾਤ ਕੰਮ ਰਿਹਾ ਹੈ। ਚੋਣਾਂ ਸਬੰਧੀ ਸ਼ਿਕਾਇਤਾਂ ਸੁਣਨ ਲਈ ਜ਼ਿਲ੍ਹਾ ਪੱਧਰੀ ਸ਼ਿਕਾਇਤ ਸੈੱਲ ਅਤੇ ਪੇਡ ਨਿਊਜ਼ ਉੱਪਰ ਨਜ਼ਰ ਰੱਖਣ ਲਈ ਮੀਡੀਆ ਸਰਟੀਫਿਕੇਸ਼ਨ ਐਂਡ ਮੋਨੀਟਰਿੰਗ ਕਮੇਟੀ ਸੈੱਲ ਹਫ਼ਤੇ ਦੇ ਸਾਰੇ ਦਿਨ 24 ਘੰਟੇ ਸਰਗਰਮ ਹਨ।
ਉਨ੍ਹਾਂ ਜ਼ਿਲ੍ਹਾ ਮੋਗਾ ਦੇ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਮਿਤੀ 20 ਫਰਵਰੀ ਨੂੰ ਆਪਣੀ ਵੋਟ ਦਾ ਇਸਤੇਮਾਲ ਲਾਲਚ, ਭੈ, ਜਾਤੀਵਾਦ ਤੋਂ ਉੱਪਰ ਉੱਠ ਕੇ ਕਰਨ। ਉਨ੍ਹਾਂ ਕਿਹਾ ਕਿ ਚੋਣਾਂ ਦੇ ਕੰਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ 4188 ਕਰਮਚਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਚੋਣਾਂ ਵਿੱਚ ਲੋੜ ਅਨੁਸਾਰ ਮੁਲਾਜ਼ਮਾਂ ਨੂੰ ਕਾਊਂਟਿੰਗ, ਪੋਲਿੰਗ ਅਤੇ ਸਹਾਇਕ ਸਟਾਫ਼ ਵਜੋਂ ਅਤੇ ਮਾਈਕਰੋ-ਆਬਜ਼ਰਵਰਾਂ ਦੇ ਤੌਰ ‘ਤੇ ਸੇਵਾਵਾਂ ਲੈਣ ਲਈ ਵੀ ਡਿਊਟੀਆਂ ਲਗਾਈਆਂ ਜਾਣਗੀਆਂ।ਪੋਲਿੰਗ ਸਟਾਫ ਵਿੱਚੋਂ ਨਿਹਾਲ ਸਿੰਘ ਵਾਲਾ ਵਿੱਚ 1020, ਬਾਘਾਪੁਰਾਣਾ ਵਿੱਚ 916, ਮੋਗਾ ਵਿੱਚ 1068 ਅਤੇ ਧਰਮਕੋਟ ਵਿੱਚ 1032 ਕਰਮਚਾਰੀਆਂ ਨੂੰ ਲਗਾਇਆ ਜਾਵੇਗਾ ਜਦਕਿ ਪੂਰੇ ਜਿਲ੍ਹੇ ਦੇ ਸੰਵੇਦਨਸੀਲ ਬੂਥਾਂ ਦੀ ਨਿਗਰਾਨੀ ਲਈ 152 ਮਾਈਕਰੋ ਅਬਜ਼ਰਵਰ ਵੀ ਲਗਾਏ ਜਾਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਪੋਲਿੰਗ ਸਟਾਫ਼ ਅਤੇ ਰਿਟਰਨਿੰਗ ਅਫ਼ਸਰ ਦੇ ਸਹਾਇਕ ਸਟਾਫ਼ ਸਮੇਤ 4188 ਮੁਲਾਜ਼ਮ ਚੋਣ ਡਿਊਟੀਆਂ ‘ਤੇ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮੋਗਾ ਵਿੱਚ ਚੋਣਾਂ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਚੋਣਾਂ ਲਈ ਲਗਾਇਆ ਗਿਆ ਤਕਰੀਬਨ ਸਾਰਾ ਸਟਾਫ਼ ਹੀ ਕਰੋਨਾ ਵੈਕਸੀਨ ਦੀਆਂ ਬੂਸਟਰ ਡੋਜ਼ਾਂ ਲਗਵਾ ਚੁੱਕਾ ਹੈ, ਜਿਸ ਨਾਲ ਕਰੋਨਾ ਦਾ ਸੰਕਰਮਣ ਫੈਲਣ ਤੋਂ ਰੋਕਿਆ ਜਾ ਸਕੇਗਾ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਸਿਹਤ ਵਿਭਾਗ ਮੋਗਾ ਵੱਲੋਂ ਕਰੋਨਾ ਵੈਕਸੀਨੇਸ਼ਨ ਮੁਹਿੰਮ ਪੂਰੀ ਤੇਜ਼ੀ ਨਾਲ ਚਲਾਈ ਜਾ ਰਹੀ ਹੈ। ਸਿਹਤ ਵਿਭਾਗ ਦੀਆਂ ਟੀਮਾਂ ਘਰ ਘਰ ਜਾ ਕੇ ਕਰੋਨਾ ਵੈਕਸੀਨ ਪ੍ਰਤੀ ਜਾਗਰੂਕ ਕਰਨ ਦੇ ਨਾਲ ਨਾਲ ਵੈਕਸੀਨੇਸ਼ਨ ਵੀ ਕਰ ਰਹੀਆਂ ਹਨ। ਇਸ ਤੋਂ ਇਲਾਵਾ ਹਰ ਰੋਜ਼ ਢੁੱਕਵੀਆਂ ਜਗਾ ਤੇ ਵੈਕਸੀਨੇਸ਼ਨ ਕੈਂਪ ਵੀ ਲਗਾਏ ਜਾ ਰਹੇ ਹਨ।
ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਰੋਨਾ ਦੇ ਸੰਕਰਮਣ ਤੋਂ ਬਚਣ ਲਈ ਆਪਣੀ ਵੈਕਸੀਨੇਸ਼ਨ ਜਰੂਰ ਕਰਵਾਉਣ। ਜ਼ਿਲ੍ਹਾ ਵਿੱਚ ਕੋਵਿਡ ਸੈੱਲ ਵੀ ਹਫ਼ਤੇ ਦੇ ਸਾਰੇ ਦਿਨ 24 ਘੰਟੇ ਚੱਲ ਰਿਹਾ ਹੈ ਤਾਂ ਕਿ ਕਰੋਨਾ ਪ੍ਰਭਾਵਿਤ ਮਰੀਜ਼ਾਂ ਦੀਆਂ ਸਮੱਸਿਆਵਾਂ ਦਾ ਢੁਕਵੇਂ ਸਮੇਂ ਵਿੱਚ ਹੱਲ ਕੀਤਾ ਜਾ ਸਕੇ।