ਪੰਜਾਬ ਵਿਧਾਨ ਸਭਾ ਚੋਣਾਂ: ਪੋਲ ਵਲੰਟੀਅਰਾਂ ਨੂੰ ਦਿਵਿਆਂਗ ਵੋਟਰਾਂ ਲਈ ਸੁਖਾਵਾਂ ਮਾਹੌਲ ਅਤੇ ਟਰਾਂਸਪੋਰਟ ਸਹੂਲਤਾਂ ਯਕੀਨੀ ਬਣਾਉਣ ਲਈ ਕਿਹਾ
ਚੰਡੀਗੜ, 7 ਫਰਵਰੀ:
ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਦਿਵਿਆਂਗ ਵਿਅਕਤੀਆਂ ਲਈ ਸੁਖਾਵਾਂ ਮਾਹੌਲ ਅਤੇ ਟਰਾਂਸਪੋਰਟ ਸਹੂਲਤਾਂ ਉਪਲਬਧ ਕਰਵਾਉਣ ਦੇ ਮੱਦੇਨਜ਼ਰ, ਮੁੱਖ ਚੋਣ ਅਫ਼ਸਰ ਪੰਜਾਬ ਦੇ ਦਫ਼ਤਰ ਵਲੋਂ ਸੋਮਵਾਰ ਨੂੰ ਦਿਵਿਆਂਗ ਵੋਟਰਾਂ ਦੀ ਸਹੂਲਤ ਲਈ ਪੋਲ ਵਲੰਟੀਅਰਾਂ ਨੂੰ ਜਾਗਰੂਕ ਕਰਨ ਅਤੇ ਸਿਖਲਾਈ ਦੇਣ ਲਈ ਵੈਬੀਨਾਰ ਕਰਵਾਇਆ ਗਿਆ। ਜਿਕਰਯੋਗ ਹੈ ਕਿ ਰਾਜ ਵਿੱਚ 1,58,341 ਦਿਵਿਆਂਗ ਵੋਟਰ ਹਨ।
ਪੰਜਾਬ ਦੇ ਮੁੱਖ ਚੋਣ ਅਫ਼ਸਰ (ਸੀ.ਈ.ਓ.) ਡਾ. ਐਸ. ਕਰੁਣਾ ਰਾਜੂ ਜੋ ਕਿ ਵਧੀਕ ਸੀ.ਈ.ਓ. ਡੀ.ਪੀ.ਐਸ. ਖਰਬੰਦਾ ਦੀ ਹਾਜ਼ਰੀ ਵਿੱਚ , ਸਬੰਧਤ ਵਿਅਕਤੀਆਂ ਨੂੰ ਸੰਬੋਧਨ ਕਰ ਰਹੇ ਸਨ, ਨੇ ਕਿਹਾ ਕਿ ਉਹ ਦਿਵਿਆਂਗ ਵੋਟਰਾਂ ਤੱਕ ਪਹੁੰਚ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੇ। ਵੈਬੀਨਾਰ ਵਿੱਚ ਬੂਥ ਲੈਵਲ ਅਫਸਰ (ਬੀਐਲਓ), ਜਿਲਾ ਸਮਾਜਿਕ ਸੁਰੱਖਿਆ ਅਫਸਰ (ਡੀਐਸਐਸਓ), ਜ਼ਿਲਾ ਸਿੱਖਿਆ ਅਫਸਰ (ਡੀਈਓ), ਆਂਗਣਵਾੜੀ ਵਰਕਰਾਂ, ਐਨਐਸਐਸ/ਐਨਸੀਸੀ/ਭਾਰਤ ਸਕਾਊਟਸ ਅਤੇ ਗਾਈਡ/ਨਹਿਰੂ ਯੁਵਾ ਕੇਂਦਰਾਂ ਦੇ ਵਾਲੰਟੀਅਰਾਂ ਅਤੇ ਚੋਣ ਮਿੱਤਰਾਂ ਸਮੇਤ ਹੋਰ ਸਬੰਧਤ ਨੇ ਸ਼ਿਰਕਤ ਕੀਤੀ।
ਡਾ: ਰਾਜੂ ਨੇ ਕਿਹਾ ਕਿ ਦਫਤਰ ਮੁੱਖ ਚੋਣ ਅਧਿਕਾਰੀ ਪੰਜਾਬ ਚੋਣਾਂ ਵਾਲੇ ਦਿਨ ਦਿਵਿਆਂਗਾਂ ਲਈ ਟਰਾਂਸਪੋਰਟ ਸਹੂਲਤ ਯਕੀਨੀ ਬਣਾਉਣ ਦੇ ਨਾਲ-ਨਾਲ ਉਨਾਂ ਤੱਕ ਪਹਿਲ ਦੇ ਆਧਾਰ ’ਤੇ ਵੋਟ ਪਵਾਉਣ ਨੂੰ ਯਕੀਨੀ ਬਣਾਏਗਾ। ਉਨਾਂ ਕਿਹਾ ਕਿ ਦਿਵਿਆਂਗ ਵੋਟਰਾਂ ਦੀ ਸਹੂਲਤ ਲਈ ਹਰੇਕ ਪੋਲਿੰਗ ਬੂਥ ’ਤੇ ਘੱਟੋ-ਘੱਟ ਇੱਕ ਵੀਲ ਚੇਅਰ ਹੋਵੇਗੀ ਅਤੇ ਅਜਿਹੇ ਵੋਟਰਾਂ ਦੀ ਸਹੂਲਤ ਲਈ ਹਰੇਕ ਬੂਥ ’ਤੇ 10 ਵਲੰਟੀਅਰ ਤਾਇਨਾਤ ਕੀਤੇ ਜਾਣਗੇ।
ਉਨਾਂ ਨੇ ਸਾਰੇ ਸਬੰਧਤ ਅਮਲੇ ਨੂੰ ਹਦਾਇਤ ਕੀਤੀ ਕਿ ਉਹ ਦਿਵਿਆਂਗ ਵੋਟਰਾਂ ਦੇ ਘਰ ਜਾ ਕੇ ਉਨਾਂ ਨੂੰ ਨਿੱਜੀ ਤੋਰ ਤੇ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਲਈ ਸੱਦਾ ਦੇਣ ਅਤੇ ਪੇ੍ਰਰਨ । ਉਨਾਂ ਨੇ ਅਮਲੇ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਸਾਰੇ ਦਿਵਿਆਂਗ ਵੋਟਰਾਂ ਵਲੋਂ ਪੀਡਬਲਿਊਡੀ ਐਪ ਡਾਉਨਲੋਡ ਕੀਤੀ ਜਾਵੇ ਅਤੇ ਭਾਰਤੀ ਚੋਣ ਕਮਿਸ਼ਨ ਵਲੋਂ ਮੁਹੱਈਆ ਕਰਵਾਈਆਂ ਜਾਂਦੀਆਂ ਸਹੂਲਤਾਂ ਦਾ ਲਾਭ ਲੈਣ ਲਈ ਖੁਦ ਨੂੰ ਐਪ ’ਤੇ ਰਜਿਸਟਰ ਵੀ ਕੀਤਾ ਜਾਵੇ।
ਉਨਾਂ ਨੇ ਸਿੱਖਿਆ ਵਿਭਾਗ/ਤਕਨੀਕੀ ਸਿੱਖਿਆ ਵਿਭਾਗ ਨੂੰ ਵਲੰਟੀਅਰਾਂ ਦੀ ਸ਼ਨਾਖਤ ਕਰਨ ਦੇ ਨਿਰਦੇਸ਼ ਦਿੱਤੇ, ਜਦਕਿ ਡੀ.ਐੱਸ.ਐੱਸ.ਓਜ਼ ਨੂੰ ਕਿਹਾ ਕਿ ਉਹ ਦਿਵਿਆਂਗ ਵੋਟਰਾਂ ਅਤੇ ਛੋਟੇ ਬੱਚਿਆਂ ਵਾਲੀਆਂ ਮਾਵਾਂ ਦੀ ਮਦਦ ਕਰਨ ਲਈ ਹਰੇਕ ਬੂਥ ’ਤੇ ਆਂਗਣਵਾੜੀ ਵਰਕਰਾਂ ਦੀ ਤਾਇਨਾਤੀ ਕਰਕੇ ਚੋਣਾਂ ਨੂੰ ਲੋਕਪੱਖੀ ਤੇ ਵੋਟਰਾਂ ਲਈ ਦੋਸਤਾਨਾ ਮਾਹੌਲ ਬਣਾਉਣ।
ਡਾ: ਰਾਜੂ ਨੇ ਕਿਹਾ ਕਿ ਬੀ.ਐਲ.ਓ ਸੁਪਰਵਾਈਜ਼ਰ/ਆਰ.ਓ ਦੀ ਰਿਪੋਰਟ ਅਨੁਸਾਰ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਵਾਲੰਟੀਅਰਾਂ ਨੂੰ ਰਾਸ਼ਟਰੀ ਵੋਟਰ ਦਿਵਸ ’ਤੇ ਸਨਮਾਨਿਤ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਦਿਵਿਆਂਗ ਕੋਆਰਡੀਨੇਟਰਾਂ ਵਲੋਂ ਬਣਾਈ ਗਈ ਇੱਕ ਸਿਖਲਾਈ ਵੀਡੀਓ ਵੀ ਵੈਬੀਨਾਰ ਦੌਰਾਨ ਸਬੰਧਤ ਵਿਅਕਤੀਆਂ ਨੂੰ ਦਿਖਾਈ ਗਈ ਤਾਂ ਜੋ ਉਨਾਂ ਨੂੰ ਪੋਲਿੰਗ ਵਾਲੇ ਦਿਨ ਦਿਵਿਆਂਗ ਵੋਟਰਾਂ ਦੀ ਸਹੂਲਤ ਲਈ ਧਿਆਨ ਵਿੱਚ ਰੱਖਣ ਵਾਲੀਆਂ ਅਹਿਮ ਗੱਲਾਂ ਬਾਰੇ ਜਾਗਰੂਕ ਕੀਤਾ ਜਾ ਸਕੇ।