ਰਾਹੁਲ ਗਾਂਧੀ ਲੁਧਿਆਣਾ ਪੁੱਜੇ – ਮੁੱਖ ਮੰਤਰੀ ਚੇਹਰਾ ਕੋਣ – ਸਿੱਧੂ ਦੀ ਧਮਕੀ ਪਾਏਗੀ ਅਸਰ – ਫੈਂਸਲਾ ਸਰਵੇ ਨੂੰ ਕਰੇਗਾ ਨਜ਼ਰਅੰਦਾਜ਼ ?

ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ ਕਿ ਉਸੇ ਸ਼ਖ਼ਸ ਨੂੰ ਹੀ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਜਾਣਾ ਚਾਹੀਦਾ ਹੈ ਜੋ 60 ਐੱਮਐੱਲਏ (ਵਿਧਾਇਕ) ਬਣਾ ਸਕਣ ਦੇ ਸਮਰੱਥ ਹੋਵੇ ਅਤੇ ਜਿਸ ਕੋਲ ਵਿਕਾਸ ਲਈ ‘ਰੋਡ ਮੈਪ’ ਅਤੇ ਲੋਕਾਂ ਦਾ ਵਿਸ਼ਵਾਸ ਹੋਵੇ। ਉਨ੍ਹਾਂ ਕਿਹਾ ਕਿ ਮਾਫੀਆ ਦਾ ਹਿੱਸਾ ਰਹਿਣ ਵਾਲਾ ਸ਼ਖ਼ਸ ਭਵਿੱਖ ਵਿਚ ਮਾਫੀਆ ਨੂੰ ਨੱਥ ਨਹੀਂ ਪਾ ਸਕੇਗਾ।

ਨਿਊਜ਼ ਪੰਜਾਬ
ਕਾਂਗਰਸ ਅੱਜ ਐਤਵਾਰ ਦੁਪਹਿਰ ਨੂੰ ਪੰਜਾਬ ‘ਚ ਆਪਣੇ ਅਗਲੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰੇਗੀ। ਰਾਹੁਲ ਗਾਂਧੀ ਦੁਪਹਿਰ 2 ਵਜੇ ਲੁਧਿਆਣਾ ਵਿੱਚ ਨਾਮ ਦਾ ਐਲਾਨ ਕਰਨਗੇ। ਉਹ ਏਅਰ ਫੋਰਸ ਸਟੇਸ਼ਨ ਹਲਵਾਰਾ ਪੁੱਜੇ ਜਿੱਥੇ ਸੀ.ਐਮ ਚਰਨਜੀਤ ਚੰਨੀ, ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ, ਪੰਜਾਬ ਇੰਚਾਰਜ ਹਰੀਸ਼ ਚੌਧਰੀ ਅਤੇ ਸੁਨੀਲ ਜਾਖੜ, ਸੰਸਦ ਮੈਂਬਰ ਡਾ: ਅਮਰ ਸਿੰਘ, ਰਾਏਕੋਟ ਤੋਂ ਉਮੀਦਵਾਰ ਕਾਮਲ ਅਮਰ ਸਿੰਘ ਬੋਪਾਰਾਏ, ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਉਨ੍ਹਾਂ ਦੀ ਅਗਵਾਈ ਕੀਤੀ। ਇਸ ਤੋਂ ਬਾਅਦ ਉਹ ਫਿਰੋਜ਼ਪੁਰ ਰੋਡ ‘ਤੇ ਸਥਿਤ ਹੋਟਲ ਹਯਾਤ ਰੀਜੈਂਸੀ ‘ਚ ਕੁਝ ਸਮਾਂ ਸੀਨੀਅਰ ਆਗੂਆਂ ਨਾਲ ਮੀਟਿੰਗ ਕਰਨਗੇ। ਦੁਪਹਿਰ ਕਰੀਬ 2 ਵਜੇ ਉਹ ਹਰਸ਼ਾਲਾ ਰਿਜ਼ੋਰਟ ‘ਚ ਕਾਂਗਰਸ ਦੇ ਅਗਲੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਨਗੇ।

ਪੰਜਾਬ ਵਿਧਾਨ ਸਭਾ ਲਈ ਚੋਣ ਮੈਦਾਨ ਭਖਣ ਦੇ ਨਾਲ ਹੀ ਕਾਂਗਰਸ ਵੱਲੋਂ ਮੁੱਖ ਮੰਤਰੀ ਦੇ ਚਿਹਰੇ ਦਾ ਨਾਮ ਤੈਅ ਕਰਨ ਦਾ ਸਮਾਂ ਨੇੜੇ ਆ ਗਿਆ ਹੈ। ਪਾਰਟੀ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਥੋੜੀ ਦੇਰ ਵਿੱਚ ਲੁਧਿਆਣਾ ਵਿੱਚ ਵਰਚੁਅਲ ਰੈਲੀ ਦੌਰਾਨ ਪੰਜਾਬ ਚੋਣਾਂ ਲਈ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰਨਗੇ। ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਨ ਦੀ ਸਥਿਤੀ ਵਿੱਚ ਕਾਂਗਰਸ ਅੰਦਰ ਮੁੱਖ ਮੰਤਰੀ ਦੀ ਕੁਰਸੀ ਦੀ ਦਾਅਵੇਦਾਰੀ ਨੂੰ ਲੈ ਕੇ ਚੱਲ ਰਹੀ ਕਸ਼ਮਕਸ਼ ਅਤੇ ਖਹਿਬਾਜ਼ੀ ਦਰਮਿਆਨ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਢਾਈ-ਢਾਈ ਸਾਲ ਲਈ ਮੁੱਖ ਮੰਤਰੀ ਬਣਾਉਣ ’ਤੇ ਗੰਭੀਰਤਾ ਨਾਲ ਵਿਚਾਰ ਕੀਤੇ ਜਾਣ ਦੇ ਚਰਚੇ ਹਨ।
ਸ੍ਰੀ ਰਾਹੁਲ ਗਾਂਧੀ ਨੇ 27 ਜਨਵਰੀ ਨੂੰ ਜਲੰਧਰ ਵਿੱਚ ਵਰਚੁਅਲ ਰੈਲੀ ਦੌਰਾਨ ਅਗਲੇ ਇਕ ਹਫ਼ਤੇ ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰਨ ਦਾ ਦਾਅਵਾ ਕੀਤਾ ਸੀ। ਇਸ ਐਲਾਨ ਨੂੰ ਅਮਲੀ ਜਾਮਾ ਪਹਿਨਾਉਣ ਲਈ ਕਾਂਗਰਸ ਨੇ ਟੈਲੀ-ਕਾਲਿੰਗ ਸਰਵੇ ਜ਼ਰੀਏ ਲੋਕਾਂ ਤੋਂ ਮੁੱਖ ਮੰਤਰੀ ਚੇਹਰੇ ਬਾਰੇ ਰਾਏ ਮੰਗੀ ਸੀ। ਪਾਰਟੀ ਸੂਤਰਾਂ ਅਨੁਸਾਰ ਸਰਵੇਖਣ ਦੌਰਾਨ ਚਰਨਜੀਤ ਸਿੰਘ ਚੰਨੀ ਦਾ ਨਾਮ ਹੀ ਮੁੱਖ ਮੰਤਰੀ ਦੇ ਉਮੀਦਵਾਰ ਵਜੋਂ ਮੁੱਖ ਤੌਰ ’ਤੇ ਉੱਭਰ ਕੇ ਸਾਹਮਣੇ ਆਇਆ ਹੈ । ਖ਼ਬਰ ਜਨਤਕ ਹੋਣ ਮਗਰੋਂ ਪਿਛਲੇ ਦਿਨਾਂ ਦੌਰਾਨ ਨਵਜੋਤ ਸਿੰਘ ਸਿੱਧੂ ਵੱਲੋਂ ਕਾਂਗਰਸ ਹਾਈਕਮਾਂਡ ਦੇ ਸੰਭਾਵਿਤ ਫ਼ੈਸਲੇ ਨੂੰ ਅਸਿੱਧੇ ਢੰਗ ਨਾਲ ਚੁਣੌਤੀ ਦਿੰਦਿਆਂ ਕੀਤੀ ਬਿਆਨਬਾਜ਼ੀ ਨੇ ਗਾਂਧੀ ਪਰਿਵਾਰ ਅਤੇ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ , ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ ਕਿ ਉਸੇ ਸ਼ਖ਼ਸ ਨੂੰ ਹੀ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਜਾਣਾ ਚਾਹੀਦਾ ਹੈ ਜੋ 60 ਐੱਮਐੱਲਏ (ਵਿਧਾਇਕ) ਬਣਾ ਸਕਣ ਦੇ ਸਮਰੱਥ ਹੋਵੇ ਅਤੇ ਜਿਸ ਕੋਲ ਵਿਕਾਸ ਲਈ ‘ਰੋਡ ਮੈਪ’ ਅਤੇ ਲੋਕਾਂ ਦਾ ਵਿਸ਼ਵਾਸ ਹੋਵੇ। ਉਨ੍ਹਾਂ ਕਿਹਾ ਕਿ ਮਾਫੀਆ ਦਾ ਹਿੱਸਾ ਰਹਿਣ ਵਾਲਾ ਸ਼ਖ਼ਸ ਭਵਿੱਖ ਵਿਚ ਮਾਫੀਆ ਨੂੰ ਨੱਥ ਨਹੀਂ ਪਾ ਸਕੇਗਾ।