ਪੰਜਾਬ ਵਿੱਚ ਅਕਾਲੀ ਸਰਕਾਰ ਬਣਨ ਤੇ ਹਰ ਵਰਗ ਨੂੰ ਪ੍ਰਤੀ ਮਹੀਨਾ 400 ਯੂਨਿਟ ਬਿਜਲੀ ਮੁਫ਼ਤ ਮਿਲੇਗੀ – ਸੁਖਬੀਰ ਸਿੰਘ ਬਾਦਲ ਨੇ ਕੀਤੇ ਕਈ ਹੋਰ ਐਲਾਨ

ਨਿਊਜ਼ ਪੰਜਾਬ
ਪੰਜਾਬ ਵਿੱਚ ਅਕਾਲੀ ਸਰਕਾਰ ਬਣਨ ਤੇ ਹਰ ਵਰਗ ਨੂੰ ਪ੍ਰਤੀ ਮਹੀਨਾ 400 ਯੂਨਿਟ ਬਿਜਲੀ ਮੁਫ਼ਤ ਮਿਲੇਗੀ ਅਤੇ ਸਰਕਾਰੀ ਸਕੂਲਾਂ ਵਿੱਚ ਪੜ੍ਹੇ ਬੱਚਿਆਂ ਲਈ 33 ਫੀਸਦੀ ਸਰਕਾਰੀ ਨੌਕਰੀਆਂ ਰਾਖਵੀਆਂ ਹੋਣਗੀਆਂ। ਇਹ ਐਲਾਨ ਸ਼੍ਰੋਮਣੀ ਅਕਾਲੀ ਦੱਲ ਦੇ ਪ੍ਰਧਾਨ ਸ੍ਰ.ਸੁਖਬੀਰ ਸਿੰਘ ਬਾਦਲ ਐਤਵਾਰ ਨੂੰ ਸ਼ਾਂਤੀ ਹਾਲ ਹੰਡਿਆਇਆ ਵਿਖੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕੀਤਾ । ਇਸ ਦੌਰਾਨ ਪੰਜਾਬ ਦੇ ਲੋਕਾਂ ਲਈ ਵੱਡੇ ਐਲਾਨ ਕੀਤੇ ਗਏ। ਬਾਦਲ ਨੇ ਕਿਹਾ ਕਿ ਹਰ ਵਰਗ ਲਈ ਪ੍ਰਤੀ ਮਹੀਨਾ 400 ਯੂਨਿਟ ਬਿਜਲੀ ਮੁਆਫ਼ ਕੀਤੀ ਜਾਵੇਗੀ। ਵਿਦਿਆਰਥੀਆਂ ਨੂੰ ਬਿਨਾਂ ਵਿਆਜ ਤੋਂ ਪੜ੍ਹਾਈ ਲਈ 10 ਲੱਖ ਤੱਕ ਦਾ ਕਰਜ਼ਾ ਦਿੱਤਾ ਜਾਵੇਗਾ। ਭਾਈ ਘਨਈਆ ਸਕੀਮ ਮੁੜ ਸ਼ੁਰੂ ਕਰਕੇ 10 ਲੱਖ ਰੁਪਏ ਤੱਕ ਦਾ ਇਲਾਜ ਮੁਫ਼ਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਵਿੱਚ ਪੜ੍ਹੇ ਬੱਚਿਆਂ ਲਈ 33 ਫੀਸਦੀ ਸਰਕਾਰੀ ਨੌਕਰੀਆਂ ਰਾਖਵੀਆਂ ਹੋਣਗੀਆਂ। ਕੱਟੇ ਗਏ ਨੀਲੇ ਕਾਰਡ ਦੁਬਾਰਾ ਬਣਾਏ ਜਾਣਗੇ ਅਤੇ ਹਰੇਕ ਵਰਗ ਦੀ ਘਰੇਲੂ ਔਰਤ ਨੂੰ ਦੋ ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ।