ਮਜੀਠੀਆ ਨਾਲ ਮੁਕਾਬਲਾ ਅਤੇ ਪ੍ਰਵਾਰਿਕ ਕਲੇਸ਼ ਨੇ ਸਿੱਧੂ ਦੀਆਂ ਮੁਸ਼ਕਲਾਂ ਵਿੱਚ ਕੀਤਾ ਵਾਧਾ – ਛੋਟੇਪੁਰ ਨੇ ਕਿਹਾ ਸਿੱਧੂ ਨੂੰ ਇਕ ਥਾਂ ’ਤੇ ਬੰਨ੍ਹ ਕੇ ਬਿਠਾ ਦਿੱਤਾ
ਪੰਜਾਬ ਵਿਧਾਨ ਸਭਾ ਦੇ ਅੰਮ੍ਰਿਤਸਰ ਪੂਰਬੀ ਹਲਕੇ ਵਿੱਚ ਬਿਕਰਮ ਸਿੰਘ ਮਜੀਠੀਆ ਤੇ ਨਵਜੋਤ ਸਿੰਘ ਸਿੱਧੂ ਦਰਮਿਆਨ ਮੁਕਾਬਲਾ ਚੋਣਾਂ ਦਾ ਦਿਲਚਸਪ ਕੇਂਦਰ ਬਿੰਦੂ ਹੋਵੇਗਾ।
ਸ਼੍ਰੋਮਣੀ ਅਕਾਲੀ ਦੇ ਸੀਨੀਅਰ ਵਾਈਸ ਪ੍ਰਧਾਨ , ਸਾਬਕਾ ਮੰਤਰੀ ਅਤੇ ਵਿਧਾਨ ਸਭਾ ਹਲਕਾ ਬਟਾਲਾ ਤੋਂ ਉਮੀਦਵਾਰ ਸੁੱਚਾ ਸਿੰਘ ਛੋਟੇਪੁਰ ਨੇ
ਅੰਮ੍ਰਿਤਸਰ ਪੂਰਬੀ ਸੀਟ ’ਤੇ ਬਿਕਰਮ ਸਿੰਘ ਮਜੀਠੀਆ ਤੇ ਨਵਜੋਤ ਸਿੰਘ ਸਿੱਧੂ ਦਰਮਿਆਨ ਮੁਕਾਬਲੇ ’ਤੇ ਕਿਹਾ ਕਿ ਇਸ ਟੱਕਰ ਨੇ ਨਵਜੋਤ ਸਿੰਘ ਸਿੱਧੂ ਨੂੰ ਇਕ ਥਾਂ ’ਤੇ ਬੰਨ੍ਹ ਕੇ ਬਿਠਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ’ਤੇ ਜੋ ਝੂਠਾ ਕੇਸ ਦਰਜ ਕੀਤਾ ਗਿਆ ਹੈ, ਉਸਦੇ ਚਲਦਿਆਂ ਲੋਕ ਵਧ-ਚੜ੍ਹ ਕੇ ਮਜੀਠੀਆ ਦਾ ਸਾਥ ਦੇਣਗੇ।ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਦਾ ਮੁੱਖ ਮੰਤਰੀ ਬਣਨ ਦਾ ਸੁਫ਼ਨਾ ਵੀ ਖ਼ਤਮ ਹੋ ਜਾਵੇਗਾ | ਉਥੇ ਹੀ ਨਵਜੋਤ ਸਿੱਧੂ ਦੀ ਭੈਣ ਵਲੋਂ ਲਗਾਏ ਗਏ ਦੋਸ਼ਾਂ ’ਤੇ ਸ੍ਰ.ਛੋਟੇਪੁਰ ਨੇ ਕਿਹਾ ਕਿ ਜੋ ਆਪਣੀ ਮਾਂ ਤੇ ਪਰਿਵਾਰ ਦਾ ਨਹੀਂ, ਉਹ ਪੰਜਾਬ ਲਈ ਕੀ ਚੰਗਾ ਕਰੇਗਾ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਨਵਜੋਤ ਸਿੰਘ ਸਿੱਧੂ ਦਾ ਮੁਕਾਬਲਾ ਕਰਨ ਲਈ ਇਸ ਹਲਕੇ ਤੋਂ ਬਿਕਰਮ ਸਿੰਘ ਮਜੀਠੀਆ ਨੂੰ ਮੈਦਾਨ ਵਿੱਚ ਲਿਆਂਦਾ ਗਿਆ ਹੈ, ਜਿਸ ਕਾਰਨ ਇਹ ਮੁਕਾਬਲਾ ਰੋਚਕ ਬਣ ਗਿਆ ਹੈ। ਦੋਵੇਂ ਸਿਆਸੀ ਆਗੂਆਂ ਦੀ ਇਕ ਦੂਜੇ ਖ਼ਿਲਾਫ਼ ਦੂੂਸ਼ਣਬਾਜ਼ੀ ਨਾਲ ਸਿਆਸੀ ਅਖਾੜਾ ਭਖ਼ਣ ਲਗ ਪਿਆ ਹੈ। ਸ੍ਰੀ ਮਜੀਠੀਆ ਨੇ ਅੱਜ ਇਸ ਹਲਕੇ ਵਿੱਚ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਪਰਵੀਨ ਸਰੀਨ ਅਤੇ ਸਾਬਕਾ ਕਾਂਗਰਸੀ ਕੌਂਸਲਰ ਓਮ ਪ੍ਰਕਾਸ਼ ਭਾਟੀਆ ਨੂੰ ਉਨ੍ਹਾਂ ਦੇ ਸਾਥੀਆਂ ਸਮੇਤ ਆਪਣੇ ਨਾਲ ਜੋੜਦਿਆਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਕੀਤਾ। ਬੀਤੇ ਕੱਲ ਉਨ੍ਹਾਂ ਵਾਰਡ ਨੰਬਰ 22 ਦੇ ਕੌਂਸਲਰ ਜਸਵਿੰਦਰ ਸਿੰਘ ਪਹਿਲਵਾਨ ਤੇ ਹੋਰਨਾਂ ਨੂੰ ਅਕਾਲੀ ਦਲ ਵਿੱਚ ਸ਼ਾਮਲ ਕੀਤਾ ਸੀ। ਅੱਜ ਕੌਂਸਲਰ ਜਸਵਿੰਦਰ ਸਿੰਘ ਪਹਿਲਵਾਨ ਦੀ ਅਗਵਾਈ ਹੇਠ ਉਸ ਦੇ ਕਈ ਸਮਰਥਕ ਵੀ ਪਰਿਵਾਰਾਂ ਸਣੇ ਅਕਾਲੀ ਦਲ ਵਿੱਚ ਸ਼ਾਮਲ ਹੋਏ ਗਏ ਹਨ ।