ਅਫ਼ਗ਼ਾਨਿਸਤਾਨ ਦੇ ਕਾਬੁਲ ਵਿਖੇ ਇੱਕ ਗੁਰਦੁਆਰਾ ਸਾਹਿਬ ਉੱਪਰ ਹੋਏ ਅੱਤਵਾਦੀ ਹਮਲੇ ‘ਚ ਮੌਤਾਂ ਦੀ ਗਿਣਤੀ ਵੱਧ ਕੇ 25 ਹੋਈ – ਮੁਕਾਬਲੇ ਵਿੱਚ 4 ਹਮਲਾਵਰ ਮਾਰੇ ਗਏ – ਪ੍ਰਧਾਨ ਮੰਤਰੀ ਅਤੇ ਸ਼੍ਰੋਮਣੀ ਕਮੇਟੀ ਨੇ ਦੁੱਖ ਪ੍ਰਗਟਾਇਆ

ਕਾਬਲ 25 ਮਾਰਚ –
ਅਫ਼ਗ਼ਾਨਿਸਤਾਨ ਦੇ ਕਾਬੁਲ  ਵਿਖੇ ਇੱਕ ਗੁਰਦੁਆਰਾ ਸਾਹਿਬ ਉੱਪਰ ਹੋਏ ਅੱਤਵਾਦੀ ਹਮਲੇ ‘ਚ ਮੌਤਾਂ ਦੀ ਗਿਣਤੀ ਵੱਧ ਕੇ 25  ਗਈ ਹੈ। ਇਸ ਹਮਲੇ ਦੀ ਜਿੰਮੇਵਾਰੀ ਇਸਲਾਮਿਕ ਸਟੇਟ (ਆਈ.ਐੱਸ.) ਨੇ ਲਈ ਹੈ।
ਮਿਲੀ ਜਾਣਕਾਰੀ ਅਨੁਸਾਰ ਅੱਤਵਾਦੀਆਂ ਨੇ ਅੱਜ ਪੁਰਾਣੇ ਕਾਬੁਲ ਸ਼ਹਿਰ ’ਚ ਸਥਿਤ ਇੱਕ ਗੁਰਦੁਆਰਾ ਸਾਹਿਬ ਉੱਤੇ ਅਚਾਨਕ ਹਮਲਾ ਕਰ ਦਿੱਤਾ ਹੈ। ਜਿਸ ਸਮੇਂ ਇਹ ਹਮਲਾ ਹੋਇਆ ਉਸ ਵਕਤ ਗੁਰਦੁਆਰੇ ਵਿਚ ਲਗਭਗ 150 ਸ਼ਰਧਾਲੂ ਮੌਜੂਦ ਸਨ।ਹਾਲਾਂਕਿ ਸੁਰੱਖਿਆ ਬਲਾਂ ਨੇ ਕੁਝ ਸ਼ਰਧਾਲੂਆਂ ਨੂੰ ਉਥੋਂ ਬਾਹਰ ਕੱਢ ਲਿਆ ਹੈ। ਖਬਰ ਏਜੰਸੀਆਂ ਮੁਤਾਬਿਕ 6 ਘੰਟੇ ਦੇ ਚਲੇ ਮੁਕਾਬਲੇ ਵਿੱਚ ਸੁਰਖਿਆ ਬਲਾਂ ਨੇ ਹਮਲਾਵਰ 4 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ |
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਸ ਘਟਨਾ ਨਾਲ ਮਨ ਬਹੁਤ ਦੁਖੀ ਹੈ , ਹਮਲੇ ਵਿੱਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਾ ਹਾਂ | ਕੇਂਦਰੀ ਮੰਤਰੀ ਹਰਦੀਪ ਸਿੰਘ ਪੂਰੀ ਨੇ ਘਟਨਾ ਤੇ ਦੁੱਖ ਪ੍ਰਗਟਾਇਆ ਹੈ |
-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਅਫ਼ਗ਼ਾਨਿਸਤਾਨ ਵਿਚ ਕਾਬੁਲ ਸ਼ਹਿਰ ਦੇ ਗੁਰਦੁਆਰਾ ਸਾਹਿਬ ਵਿਖੇ ਕੀਤੇ ਗਏ ਅੱਤਵਾਦੀ ਹਮਲੇ ਦੀ ਨਿਖੇਧੀ ਕਰਦਿਆਂ ਇਸ ਨੂੰ ਮਨੁੱਖਤਾ ਵਿਰੁੱਧ ਵਹਿਸ਼ੀ ਕਾਰਾ ਕਿਹਾ ਹੈ।