ਚੋਣਾਂ ਦਾ ਐਲਾਨ – ਪੰਜਾਬ ਵਿੱਚ ਵੋਟਾਂ14 ਫਰਵਰੀ ਨੂੰ ਪੈਣਗੀਆਂ – ਪੰਜ ਰਾਜਾਂ ਵਿੱਚ ਪੜਾਅ ਵਾਰ ਪੈਣਗੀਆਂ ਵੋਟਾਂ
ਪੰਜਾਬ ,ਉੱਤਰ ਪ੍ਰਦੇਸ਼, ਉੱਤਰਾਖੰਡ, ਮਣੀਪੁਰ, ਅਤੇ ਗੋਆ ਦੀਆਂ ਵਿਧਾਨ ਸਭਾ ਚੋਣਾਂ ਲਈ ਸਮਾਂ ਸੂਚੀ ਜਾਰੀ ਕਰ ਦਿੱਤੀ ਗਈ ਹੈ। ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਅੱਜ ਬਾਅਦ ਦੁਪਹਿਰ ਇੱਕ ਪ੍ਰੈਸ ਕਾਨਫਰੰਸ ਵਿੱਚ ਕੀਤਾ ਗਿਆ । ਪੰਜਾਬ ਵਿੱਚ ਵੋਟਾਂ 14 ਫਰਵਰੀ ਨੂੰ ਪੈਣਗੀਆਂ ,ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਏਗੀ.
ਚੋਣਾਂ ਵਿੱਚ ਪੈਸੇ ਦੀ ਵਰਤੋਂ ਬੰਦ ਕੀਤੀ ਜਾਵੇਗੀ। ਨਜਾਇਜ਼ ਪੈਸੇ ਅਤੇ ਸ਼ਰਾਬ ‘ਤੇ ਸਖ਼ਤ ਨਜ਼ਰ ਰੱਖੀ ਜਾਵੇਗੀ। ਸਾਰੀਆਂ ਏਜੰਸੀਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ: ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ
ਚੋਣ ਕਮਿਸ਼ਨ ਨੇ ਕਿਹਾ, ਪੰਜ ਰਾਜਾਂ ਵਿੱਚ ਸੱਤ ਪੜਾਵਾਂ ਵਿੱਚ ਚੋਣਾਂ ਹੋਣਗੀਆਂ। ਉੱਤਰ ਪ੍ਰਦੇਸ਼ ਵਿੱਚ 10 ਫਰਵਰੀ ਨੂੰ ਪਹਿਲੇ ਗੇੜ ਦੀਆਂ ਵੋਟਾਂ ਪੈਣਗੀਆਂ। ਸਾਰੇ ਰਾਜਾਂ ਵਿੱਚ 10 ਮਾਰਚ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਡਿਜੀਟਲ, ਵਰਚੁਅਲ ਤਰੀਕੇ ਨਾਲ ਚੋਣ ਪਾਰਟੀਆਂ ਲਈ ਪ੍ਰਚਾਰ ਕਰਨਾ। 15 ਜਨਵਰੀ ਤੱਕ ਕੋਈ ਰੈਲੀ, ਰੋਡ ਸ਼ੋਅ ਅਤੇ ਪੈਦਲ ਯਾਤਰਾ ਨਹੀਂ ਹੋਵੇਗੀ। ਸਟਰੀਟ ਮੀਟਿੰਗਾਂ, ਬਾਈਕ ਰੈਲੀਆਂ ‘ਤੇ ਵੀ ਪਾਬੰਦੀ ਹੈ। ਮੁਹਿੰਮ ਵਿੱਚ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕਰਨਾ ਜ਼ਰੂਰੀ ਹੈ। ਪੰਜ ਲੋਕਾਂ ਨੂੰ ਘਰ-ਘਰ ਜਾ ਕੇ ਪ੍ਰਚਾਰ ਕਰਨ ਦੀ ਇਜਾਜ਼ਤ ਦਿੱਤੀ ਗਈ। ਜਿੱਤ ਤੋਂ ਬਾਅਦ ਜਲੂਸ ਕੱਢਣ ‘ਤੇ ਪਾਬੰਦੀ ਰਹੇਗੀ।
ਪੰਜ ਰਾਜਾਂ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ। 690 ਵਿਧਾਨ ਸਭ ਹਲਕਿਆਂ ਵਿੱਚ 18.3 ਕਰੋੜ ਵੋਟਰ ਆਪਣੀ ਪਸੰਦ ਦੇ ਉਮੀਦਵਾਰ ਚੁਣ ਸਕਣਗੇ।ਚੋਣ ਕਮਿਸ਼ਨ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਚੋਣਾਂ ਸਮੇਂ ਸਿਰ ਹੋਣਗੀਆਂ। ਵੋਟਰ ਸੂਚੀ ਵੀ ਜਾਰੀ ਕਰ ਦਿੱਤੀ ਗਈ ਹੈ। ਸਾਰੇ ਚੋਣਾਵੀ ਰਾਜਾਂ ਵਿੱਚ ਸਿਆਸੀ ਹਲਚਲ ਤੇਜ਼ ਹੋ ਰਹੀ ਹੈ। ਸਭ ਤੋਂ ਵੱਧ ਚਰਚਾ ਉੱਤਰ ਪ੍ਰਦੇਸ਼ ਚੋਣਾਂ ਨੂੰ ਲੈ ਕੇ ਹੈ। 403 ਵਿਧਾਨ ਸਭਾ ਸੀਟਾਂ ਵਾਲੇ ਇਸ ਸੂਬੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੀ ਪੂਰੀ ਤਾਕਤ ਝੋਕ ਦਿੱਤੀ ਹੈ। ਨੇਤਾ ਸਿਆਸੀ ਬਿਆਨਬਾਜ਼ੀ ਨਾਲ ਇਕ ਦੂਜੇ ‘ਤੇ ਨਿਸ਼ਾਨਾ ਸਾਧ ਰਹੇ ਹਨ। ਝੂਠੇ -ਸੱਚੇ ਚੋਣ ਵਾਅਦੇ ਵੀ ਧੜਾ ਧੜ ਕੀਤੇ ਜਾ ਰਹੇ ਹਨ।
ਪੰਜਾਬ ਜਿਥੇ 117 ਵਿਧਾਨ ਸਭਾ ਹਲਕਿਆਂ ਵਿੱਚ ਚੋਣਾਂ ਹੋਣੀਆਂ ਹਨ ਪਿੱਛਲੇ ਦਿਨੀ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਦੌਰਾਨ ਸੁਰਖਿਆ ਦੇ ਮਾਮਲੇ ਵਿੱਚ ਕੁਤਾਹੀ ਵਰਤੇ ਜਾਣ ਦੇ ਇਲਜ਼ਾਮਾਂ ਕਾਰਨ ਦੇਸ਼ ਭਰ ਵਿੱਚ ਵੱਡੀ ਚਰਚਾ ਦਾ ਕੇਂਦਰ ਬਿੰਦੂ ਸੀ ਵਿੱਚ ਸਮਝਿਆ ਜਾ ਰਿਹਾ ਸੀ ਕਿ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਹੋ ਸਕਦਾ ਹੈ। ਚੋਣ ਕਮਿਸ਼ਨ ਦੇ ਐਲਾਨ ਤੋਂ ਬਾਅਦ ਇਹਨਾਂ ਕਿਆਸ – ਅਰਾਈਆਂ ਤੇ ਬ੍ਰੇਕ ਲੱਗ ਗਈ ਹੈ।