ਟਰਾਂਸਪੋਰਟ ਮੰਤਰੀ ਵੱਲੋਂ ਨਵਿਆਉਣਯੋਗ ਊਰਜਾ ਖੇਤਰ ਵਿੱਚ ਸੰਭਾਵਨਾਵਾਂ ਦਾ ਪਤਾ ਲਗਾਉਣ ‘ਤੇ ਜ਼ੋਰ
ਨਿਊਜ਼ ਪੰਜਾਬ
ਚੰਡੀਗੜ, 30 ਦਸੰਬਰ:
ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨਵਿਆਉਣਯੋਗ ਊਰਜਾ ਖੇਤਰ ਨੂੰ ਉਤਸ਼ਾਹਿਤ ਕਰਨ ਅਤੇ ਸੂਬੇ ਵਿੱਚ ਹੋਰ ਨਵਿਆਉਣਯੋਗ ਊਰਜਾ ਪ੍ਰੋਜੈਕਟਾਂ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ‘ਤੇ ਜ਼ੋਰ ਦਿੱਤਾ ਹੈ। ਉਨਾਂ ਨੇ ਪੰਜਾਬ ਦੇ ਸ਼ਹਿਰਾਂ ਵਿੱਚ ਸੌਰ ਊਰਜਾ ਸਬੰਧੀ ਪ੍ਰਾਜੈਕਟਾਂ, ਬਾਇਓਮਾਸ-ਸੀਐਨਜੀ ਪ੍ਰੋਜੈਕਟਾਂ, ਹਾਈਡਲ ਪ੍ਰੋਜੈਕਟਾਂ ਆਦਿ ਬਾਰੇ ਡੂੰਘੀ ਦਿਲਚਸਪੀ ਦਿਖਾਈ। ਸ੍ਰੀ ਵੜਿੰਗ ਨੇ ਪੇਡਾ ਨੂੰ ਕਿਹਾ ਕਿ ਉਹ ਸੋਲਰ ਸਟਰੀਟ ਲਾਈਟਾਂ ਵਿੱਚ ਸੋਧ ਕਰਨ ਜੋ ਕਿ ਏ.ਐਮ.ਸੀ. ਮਿਆਦ ਅਧੀਨ ਹਨ।
ਸ੍ਰੀ ਵੜਿੰਗ ਨੇ ਅੱਜ ਇੱਥੇ ਪੰਜਾਬ ਊਰਜਾ ਵਿਕਾਸ ਏਜੰਸੀ ਦੇ ਦਫਤਰ ਦਾ ਦੌਰਾ ਕੀਤਾ। ਇਸ ਮੌਕੇ ਉਹਨਾਂ ਨਾਲ ਪੇਡਾ ਦੇ ਚੇਅਰਮੈਨ ਐਚ.ਐਸ.ਹੰਸਪਾਲ, ਪੀ.ਜੀ.ਐਲ. ਦੇ ਚੇਅਰਮੈਨ ਸ੍ਰੀ ਧਨਜੀਤ ਸਿੰਘ ਵਿਰਕ, ਪੀ.ਜੀ.ਐਲ. ਦੇ ਸੀਨੀਅਰ ਵਾਈਸ ਚੇਅਰਮੈਨ ਸ੍ਰੀ ਫਕੀਰ ਚੰਦ ਬਾਂਸਲ, ਪੀ.ਜੀ.ਐਲ ਦੇ ਵਾਈਸ ਚੇਅਰਮੈਨ ਸ੍ਰੀ ਰਜਨੀਸ਼ ਭਗਤ, ਪੇਡਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀ ਨਵਜੋਤ ਪਾਲ ਸਿੰਘ ਰੰਧਾਵਾ, ਪੇਡਾ ਦੇ ਡਾਇਰੈਕਟਰ ਸ੍ਰੀ ਐਮ.ਪੀ. ਸਿੰਘ ਅਤੇ ਪੇਡਾ ਦੇ ਵਧੀਕ ਡਾਇਰੈਕਟਰ ਸ੍ਰੀ ਜਸਪਾਲ ਸਿੰਘ ਮੌਜੂਦ ਸਨ।
ਪੇਡਾ ਦੇ ਮੁੱਖ ਕਾਰਜਕਾਰੀ ਸ੍ਰੀ ਨਵਜੋਤ ਪਾਲ ਸਿੰਘ ਰੰਧਾਵਾ ਨੇ ਟਰਾਂਸਪੋਰਟ ਮੰਤਰੀ ਨੂੰ ਪੇਡਾ/ਪੀਜੀਐਲ ਦੇ ਨਵਿਆਉਣਯੋਗ ਊਰਜਾ ਪ੍ਰੋਜੈਕਟਾਂ/ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਸ੍ਰੀ ਵੜਿੰਗ ਨੇ ਨਵਿਆਉਣਯੋਗ ਊਰਜਾ ਗਤੀਵਿਧੀਆਂ ਵਿੱਚ ਸ੍ਰੀ ਰੰਧਾਵਾ ਦੇ ਯਤਨਾਂ ਦੀ ਸ਼ਲਾਘਾ ਕੀਤੀ।