ਤ੍ਰਿਪਤ ਬਾਜਵਾ ਨੇ ਚੰਗੇ ਸ਼ਾਸਨ, ਸਮਾਜਿਕ ਸਮਾਵੇਸ਼, ਮਹਿਲਾ ਸਸ਼ਕਤੀਕਰਨ ਅਤੇ ਆਰਥਿਕ ਵਿਕਾਸ ਵਿੱਚ ਪੀਆਰਆਈਜ਼ ਦੀ ਭੂਮਿਕਾ ਦੀ ਕੀਤੀ ਸ਼ਲਾਘਾ
ਨਿਊਜ਼ ਪੰਜਾਬ
ਚੰਡੀਗੜ੍ਹ/ਐਸ.ਏ.ਐਸ.ਨਗਰ, 23 ਦਸੰਬਰ:
ਪੰਚਾਇਤਾਂ ਨੂੰ ਵਿਕਾਸ ਯੋਜਨਾਵਾਂ ਬਾਰੇ ਜਾਗਰੂਕ ਕਰਨ ਦੇ ਮੰਤਵ ਨਾਲ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ “ਗ੍ਰਾਮ ਪੰਚਾਇਤ ਵਿਕਾਸ ਯੋਜਨਾ ਨੂੰ ਸਥਾਈ ਵਿਕਾਸ ਟੀਚਿਆਂ ਨਾਲ ਜੋੜਨਾ” ਨਾਮੀ ਟ੍ਰੇਨਿੰਗ ਮੈਨੂਅਲ ਲਾਂਚ ਕੀਤਾ।
ਵਿਕਾਸ ਭਵਨ ਮੁਹਾਲੀ ਵਿਖੇ ਹੋਏ ਇੱਕ ਸਮਾਗਮ ਵਿੱਚ ਸ੍ਰੀ ਬਾਜਵਾ ਨੇ ਕਿਹਾ ਕਿ ਟ੍ਰੇਨਿੰਗ ਮੈਨੂਅਲ ਐਸਡੀਜੀ (ਸਥਾਈ ਵਿਕਾਸ ਟੀਚੇ) ਕੋਆਰਡੀਨੇਸ਼ਨ ਸੈਂਟਰ, ਯੋਜਨਾਬੰਦੀ ਵਿਭਾਗ ਅਤੇ ਪੇਂਡੂ ਵਿਕਾਸ ਤੇ ਪੰਚਾਇਤੀ ਰਾਜ ਦੇ ਸੂਬਾਈ ਸੰਸਥਾਨ, ਪੰਜਾਬ ਸਰਕਾਰ ਵੱਲੋਂ ਸਾਂਝੇ ਤੌਰ ‘ਤੇ ਤਿਆਰ ਕੀਤਾ ਗਿਆ ਹੈ। ਇਸ ਸਿਖਲਾਈ ਮੈਨੂਅਲ ਦਾ ਉਦੇਸ਼ ਸਥਾਈ ਵਿਕਾਸ ਟੀਚਿਆਂ ਦੇ ਫਰੇਮਵਰਕ ਵਿੱਚ ਉਹਨਾਂ ਦੀਆਂ ਸਬੰਧਤ ਗ੍ਰਾਮ ਪੰਚਾਇਤਾਂ ਲਈ ਇੱਕ ਸਮਾਵੇਸ਼ੀ ਅਤੇ ਸੰਪੂਰਨ ਵਿਕਾਸ ਯੋਜਨਾ ਵਿਕਸਿਤ ਕਰਨ ਲਈ ਪੀਆਰਆਈ ਮੈਂਬਰਾਂ ਦੀ ਸਮਰੱਥਾ ਨੂੰ ਹੋਰ ਮਜ਼ਬੂਤ ਕਰਨਾ ਹੈ।
ਐਸਡੀਜੀਸੀਸੀ ਅਤੇ ਐਸਆਈਆਰਡੀ ਐਂਡ ਪੀਆਰ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਮੈਨੂਅਲ ਯਕੀਨੀ ਤੌਰ ‘ਤੇ ਇੱਕ ਮਾਰਗਦਰਸ਼ਕ ਦਸਤਾਵੇਜ਼ ਹੋਵੇਗਾ ਅਤੇ ਵਿਕਾਸ ਯੋਜਨਾਵਾਂ ਵਿੱਚ ਸਥਾਈ ਵਿਕਾਸ ਟੀਚਿਆਂ ਨੂੰ ਏਕੀਕ੍ਰਿਤ ਕਰਨ ਲਈ ਪੀਆਰਆਈ ਮੈਂਬਰਾਂ ਦੀ ਯੋਜਨਾਬੱਧ ਅਤੇ ਸਥਾਈ ਸਮਰੱਥਾ ਨਿਰਮਾਣ ਵਿੱਚ ਮਦਦ ਕਰੇਗਾ। ਉਨ੍ਹਾਂ ਪੰਚਾਇਤ ਮੈਂਬਰਾਂ ਨੂੰ ਸੁਸ਼ਾਸਨ, ਸਮਾਜਿਕ ਸ਼ਮੂਲੀਅਤ, ਮਹਿਲਾ ਸਸ਼ਕਤੀਕਰਨ ਅਤੇ ਆਰਥਿਕ ਵਿਕਾਸ ਲਈ ਕੰਮ ਕਰਨ ਦੀ ਅਪੀਲ ਵੀ ਕੀਤੀ।
ਉਨ੍ਹਾਂ ਇਹ ਵੀ ਕਿਹਾ ਕਿ ਸਥਾਈ ਵਿਕਾਸ ਟੀਚਿਆਂ ਦੇ ਲਾਗੂਕਰਨ ਅਤੇ ਪ੍ਰਾਪਤੀ ਲਈ ਗ੍ਰਾਮ ਪੰਚਾਇਤਾਂ ਪੰਚਾਇਤੀ ਰਾਜ ਦੀਆਂ ਸਭ ਤੋਂ ਢੁੱਕਵੀਂਆਂ ਅਤੇ ਪ੍ਰਭਾਵਸ਼ਾਲੀ ਏਜੰਸੀਆਂ ਹਨ।
ਸ੍ਰੀ ਬਾਜਵਾ ਨੇ ਅੱਗੇ ਕਿਹਾ ਕਿ ਸਥਾਈ ਵਿਕਾਸ ਟੀਚਿਆਂ ਦੇ ਲਾਗੂਕਰਨ ਲਈ ਪੰਜਾਬ ਸਰਕਾਰ ਨੇ ਯੂਐਨਡੀਪੀ ਦੇ ਸਹਿਯੋਗ ਨਾਲ ਸੂਬਾ ਪੱਧਰ ‘ਤੇ ਯੋਜਨਾਬੰਦੀ ਵਿਭਾਗ ਦੀ ਅਗਵਾਈ ਹੇਠ ਐਸਡੀਜੀ ਕੋਆਰਡੀਨੇਸ਼ਨ ਸੈਂਟਰ (ਐਸਡੀਜੀਸੀਸੀ) ਸਥਾਪਤ ਕੀਤੇ ਹਨ। ਐਸਡੀਜੀਸੀਸੀ ਐਸਡੀਜੀ ਫਰੇਮਵਰਕ ਦੇ ਲਾਗੂਕਰਨ ਅਤੇ ਸਫਲਤਾ ਲਈ ਸਬੰਧਤ ਸਰਕਾਰੀ ਵਿਭਾਗਾਂ, ਤਕਨੀਕੀ ਏਜੰਸੀਆਂ, ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ, ਸਿਵਲ ਸੁਸਾਇਟੀ ਸੰਗਠਨ ਅਤੇ ਅਕਾਦਮਿਕ ਸੰਸਥਾਵਾਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਤਾਂ ਜੋ ਸੂਬਾ ਸਰਕਾਰ ਦੀ ਪਹਿਲਕਦਮੀ ਨੂੰ ਲੋੜੀਂਦਾ ਹੁਲਾਰਾ ਦਿੱਤਾ ਜਾ ਸਕੇ।
ਇਸ ਮੌਕੇ ਸੰਬੋਧਨ ਕਰਦਿਆਂ ਯੋਜਨਾਬੰਦੀ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਰਾਜ ਕਮਲ ਚੌਧਰੀ ਨੇ ਕਿਹਾ ਕਿ ਪੰਚਾਇਤਾਂ ਜ਼ਮੀਨੀ ਪੱਧਰ ‘ਤੇ ਬਦਲਾਅ ਲਿਆਉਣ ਲਈ ਰਾਸ਼ਟਰੀ ਅਤੇ ਸੂਬੇ ਦੇ ਮਹੱਤਵਪੂਰਨ ਵਿਸ਼ਿਆਂ ‘ਤੇ ਪ੍ਰਮੁੱਖ ਸਕੀਮਾਂ ਨੂੰ ਪ੍ਰਭਾਵੀ ਅਤੇ ਕੁਸ਼ਲਤਾ ਨਾਲ ਲਾਗੂਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਸਥਾਈ ਵਿਕਾਸ ਟੀਚਿਆਂ ਨੂੰ ਪ੍ਰਾਪਤ ਕਰਨ ਲਈ, ਪੀਆਰਆਈ ਦੇ ਨੁਮਾਇੰਦਿਆਂ ਨੂੰ ਜ਼ਮੀਨੀ ਪੱਧਰ ‘ਤੇ ਇਕਜੁੱਟ ਅਤੇ ਕੇਂਦ੍ਰਿਤ ਢੰਗ ਨਾਲ ਕੰਮ ਕਰਨਾ ਚਾਹੀਦਾ ਹੈ।
ਇਸ ਤੋਂ ਪਹਿਲਾਂ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਦੇ ਸਕੱਤਰ ਸ੍ਰੀ ਰਾਹੁਲ ਭੰਡਾਰੀ ਨੇ ਨੁਮਾਇੰਦਿਆਂ ਦਾ ਸੁਆਗਤ ਕਰਦਿਆਂ ਕਿਹਾ ਕਿ ਇਹ ਮੈਨੂਅਲ ਸੂਬੇ ਵਿੱਚ ਸਥਾਈ ਵਿਕਾਸ ਟੀਚਿਆਂ ਨੂੰ ਹਾਸਲ ਕਰਨ ਲਈ ਇੱਕ ਮੀਲ ਪੱਥਰ ਸਾਬਤ ਹੋਵੇਗਾ ਅਤੇ ਇਹ ਯਕੀਨੀ ਤੌਰ ‘ਤੇ ਪੀਆਰਆਈ ਮੈਂਬਰਾਂ ਨੂੰ ਸਥਾਈ ਵਿਕਾਸ ਟੀਚਿਆਂ ਨੂੰ ਏਕੀਕ੍ਰਿਤ ਕਰਕੇ ਜੀਪੀਡੀਪੀਜ਼ ਵਿਕਸਿਤ ਕਰਨ ਵਿੱਚ ਮਦਦ ਕਰੇਗਾ ਜੋ ਕਿ ਸਮੇਂ ਦੀ ਲੋੜ ਹੈ। ਉਨ੍ਹਾਂ ਅੱਗੇ ਕਿਹਾ ਕਿ ਜ਼ਮੀਨੀ ਪੱਧਰ ‘ਤੇ ਭਾਈਚਾਰੇ ਦੀ ਸਰਗਰਮ ਸ਼ਮੂਲੀਅਤ ਰਾਹੀਂ ਸਥਾਈ ਵਿਕਾਸ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਸਰਕਾਰ ਨੂੰ ਇਸ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ।
ਇਸ ਪ੍ਰੋਗਰਾਮ ਦੀ ਸਮਾਪਤੀ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਮਨਪ੍ਰੀਤ ਸਿੰਘ ਦੇ ਧੰਨਵਾਦ ਨਾਲ ਹੋਈ। ਇਸ ਦੌਰਾਨ ਪੀਆਰਆਈ ਮੈਂਬਰ, ਬੀਡੀਪੀਓਜ਼, ਯੋਜਨਾਬੰਦੀ ਵਿਭਾਗ, ਐਸਡੀਜੀ ਕੋਆਰਡੀਨੇਸ਼ਨ ਕੇਂਦਰ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਕਰਮਚਾਰੀ ਸ਼ਾਮਲ ਹੋਏ। ਇਸ ਤੋਂ ਇਲਾਵਾ ਸੂਬੇ ਭਰ ਤੋਂ ਪੀ.ਆਰ.ਆਈ. ਮੈਂਬਰ ਵਰਚੁਅਲ ਤੌਰ ‘ਤੇ ਸ਼ਾਮਲ ਹੋਏ।