ਚੇਅਰਮੈਨ ਕੁਸ਼ਲਦੀਪ ਸਿੰਘ ਢਿਲੋਂ ਨੇ ਮਾਰਕਫੈਡ ਵਿੱਚ 227 ਨਵ-ਨਿਯੁਕਤ ਕਰਮਚਾਰੀਆਂ ਨੂੰ ਨਿਯੁਕਤੀ ਨਿਯੁਕਤੀ ਪੱਤਰ ਸੌਂਪੇ*
ਨਿਊਜ਼ ਪੰਜਾਬ
ਚੰਡੀਗੜ੍ਹ, 22 ਦਸੰਬਰ
ਏਸ਼ੀਆ ਦੇ ਸਭ ਤੋਂ ਵੱਡੇ ਸਹਿਕਾਰੀ ਅਦਾਰੇ ਮਾਰਕਫੈਡ ਵੱਲੋਂ ਆਪਣਾ ਦਾਇਰਾ ਹੋਰ ਵਧਾਉਣ ਅਤੇ ਕੰਮਕਾਜ ਨੂੰ ਹੋਰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਅੱਜ ਵੱਖ-ਵੱਖ ਅਸਾਮੀਆਂ ਉਤੇ 227 ਕਰਮਚਾਰੀਆਂ ਦੀ ਨਿਯੁਕਤੀ ਕੀਤੀ ਗਈ। ਮਾਰਕਫੈਡ ਦੇ ਚੇਅਰਮੈਨ ਕੁਸ਼ਲਦੀਪ ਸਿੰਘ ਢਿੱਲੋਂ ਵੱਲੋਂ ਅੱਜ ਇਥੇ ਸੈਕਟਰ 35 ਸਥਿਤ ਮਾਰਕਫੈਡ ਦੇ ਮੁੱਖ ਦਫਤਰ ਵਿਖੇ ਨਵ-ਨਿਯੁਕਤ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ।
ਇਸ ਮੌਕੇ ਨਵ-ਨਿਯੁਕਤ ਕਰਮਚਾਰੀਆਂ ਨੂੰ ਵਧਾਈ ਦਿੰਦਿਆਂ ਚੇਅਰਮੈਨ ਕਿੱਕੀ ਢਿਲੋਂ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿੱਥੇ ਸਹਿਕਾਰਤਾ ਲਹਿਰ ਨੂੰ ਮਜ਼ਬੂਤ ਕਰਨ ਲਈ ਸਹਿਕਾਰੀ ਅਦਾਰਿਆਂ ਨੂੰ ਸਮੇਂ ਦਾ ਹਾਣੀ ਬਣਾਇਆ ਜਾ ਰਿਹਾ ਹੈ। ਸ. ਰੰਧਾਵਾ ਜਿਨ੍ਹਾਂ ਕੋਲ ਸਹਿਕਾਰਤਾ ਵਿਭਾਗ ਵੀ ਹੈ, ਨਿਰੰਤਰ ਸਹਿਕਾਰੀ ਅਦਾਰਿਆਂ ਨੂੰ ਤਕੜਾ ਕਰਨ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ।
ਚੇਅਰਮੈਨ ਕਿੱਕੀ ਢਿੱਲੋਂ ਨੇ ਅੱਗੇ ਦੱਸਿਆ ਕਿ ਸੂਬਾ ਸਰਕਾਰ ਦੀ ਘਰ-ਘਰ ਰੋਜ਼ਗਾਰ ਦੇਣ ਦੀ ਮਹੱਤਵਪੂਰਨ ਸਕੀਮ ਤਹਿਤ ਨੌਜਵਾਨਾਂ ਨੂੰ ਰੋਜ਼ਗਾਰ ਵੀ ਮੁਹੱਈਆ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਰਕਫੈਡ ਵੱਲੋਂ ਅੱਜ ਭਰਤੀ ਕੀਤੇ ਕਰਮਚਾਰੀਆਂ ਨਾਲ ਇਸ ਸਹਿਕਾਰੀ ਅਦਾਰੇ ਦੇ ਕੰਮਕਾਜ ਵਿੱਚ ਹੋਰ ਵੀ ਤੇਜ਼ੀ ਆਵੇਗੀ ਕਿਉਂ ਜੋ ਇਹ ਪੋਸਟਾਂ ਮਾਰਕੀਟਿੰਗ ਅਤੇ ਅਕਾਊਂਟ ਨਾਲ ਸਬੰਧਤ ਹਨ।
ਮਾਰਕਫੈਡ ਦੇ ਐਮ.ਡੀ. ਵਰੁਣ ਰੂਜ਼ਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਵੇਂ ਨਿਯੁਕਤ ਹੋਏ 227 ਕਰਮਚਾਰੀਆਂ ਵਿੱਚੋਂ 2 ਡਿਪਟੀ ਚੀਫ ਅਕਾਊਂਟ ਅਫਸਰ, 9 ਸੀਨੀਅਰ ਅਕਾਊਂਟ ਅਫਸਰ, 8 ਸਹਾਇਕ ਅਕਾਊਂਟ ਅਫਸਰ, 62 ਸਹਾਇਕ ਅਕਾਊਂਟੈਂਟ, 18 ਸਹਾਇਕ ਸੇਲਜ਼ ਅਫਸਰ, 67 ਸਹਾਇਕ ਫੀਲਡ ਅਫਸਰ ਤੇ 61 ਸੇਲਜ਼ਮੈਨ ਸ਼ਾਮਲ ਹਨ। ਇਨ੍ਹਾਂ ਦੀ ਤਾਇਨਾਤੀ ਮੁੱਖ ਦਫਤਰ ਅਤੇ ਫੀਲਡ ਵਿੱਚ ਸਥਿਤ ਵੱਖ-ਵੱਖ ਦਫਤਰਾਂ ਵਿੱਚ ਕੀਤੀ ਜਾ ਰਹੀ ਹੈ। ਇਹ ਭਰਤੀ ਪਾਰਦਰਸ਼ਤਾ ਤਰੀਕੇ ਨਾਲ ਨਿਰੋਲ ਮੈਰਿਟ ਦੇ ਆਧਾਰ ਉਤੇ ਕੀਤੀ ਗਈ ਹੈ।
ਇਸ ਮੌਕੇ ਮਾਰਕਫੈਡ ਦੇ ਵਾਈਸ ਚੇਅਰਮੈਨ ਜਸਦੀਪ ਸਿੰਘ ਰੰਧਾਵਾ, ਬੋਰਡ ਆਫ ਡਾਇਰੈਕਟਰਜ਼ ਦੇ ਡਾਇਰੈਕਟਰ ਹਰਿੰਦਰ ਸਿੰਘ ਰੰਧਾਵਾ, ਗਿਆਨ ਸਿੰਘ, ਰਣਜੀਤ ਸਿੰਘ, ਗੁਰਮੇਜ ਸਿੰਘ, ਟਹਿਲ ਸਿੰਘ ਸੰਧੂ, ਪਰਮਜੀਤ ਸਿੰਘ, ਕਰਨੈਲ ਸਿੰਘ, ਤਰਲੋਕ ਸਿੰਘ, ਦਵਿੰਦਰ ਸਿੰਘ, ਤਰਸੇਮ ਸਿੰਘ ਘੁੰਮਣ ਤੇ ਹਰਿੰਦਰ ਸਿੰਘ, ਮਾਰਕਫੈਡ ਦੇ ਏ.ਐਮ.ਡੀ.ਰਾਹੁਲ ਗੁਪਤਾ, ਚੀਫ ਮੈਨੇਜਰ ਪਰਸੋਨਲ ਦਮਨਦੀਪ ਕੌਰ ਤੇ ਚੀਫ ਅਕਾਊਂਟੈਂਟ ਅਫਸਰ ਪੰਕਜ ਕਾਂਸਲ ਵੀ ਹਾਜ਼ਰ ਸਨ।