ਪੰਜਾਬ ਵਿੱਚ 48,000 ਵਿਅਕਤੀਆਂ ‘ਤੇ ਘਰੋਂ ਬਾਹਰ ਨਿਕਲਣ ਤੇ ਸਖਤ ਪਾਬੰਦੀ -ਸੂਬੇ ਵਿੱਚ 94000 ਐਨ.ਆਰ.ਆਈਜ਼.ਪਰਤੇ – ਮੁੱਖ ਮੰਤਰੀ ਵਲੋਂ ਸਖਤ ਹਦਾਇਤਾਂ
ਚੰਡੀਗੜ੍ਹ 24 ਮਾਰਚ (ਨਿਊਜ਼ ਪੰਜਾਬ ) ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਾਲ ਹੀ ਦੇ ਦਿਨਾਂ ਵਿੱਚ ਸੂਬੇ ਵਿੱਚ 94000 ਐਨ.ਆਰ.ਆਈਜ਼. ਅਤੇ ਵਿਦੇਸ਼ੀ ਪਰਤੇ ਹਨ ਅਤੇ ਇਨਾਂ ਵਿੱਚੋਂ ਬਹੁਤਿਆਂ ਦਾ ਪਤਾ ਕਰ ਲਿਆ ਗਿਆ ਹੈ ਅਤੇ ਲਗਭਗ 30,000 ਨੂੰ ਇਕਾਂਤ ਵਿੱਚ ਰੱਖਿਆ ਗਿਆ ਹੈ। ਕਰੋਨਾ ਪ੍ਰਭਾਵਿਤ ਮੁਲਕਾਂ ਤੋਂ ਵਾਪਸ ਆਉਣ ਵਾਲੇ ਸਾਰੇ ਲੋਕਾਂ ਨੂੰ ਲੱਭਣਾ ਤੇ ਉਨਾਂ ਦੀ ਜਾਂਚ ਕਰਨਾ ਲਾਜ਼ਮੀ ਹੈ। ਉਨਾਂ ਕਿਹਾ ਕਿ ਬਾਕੀਆਂ ਨੂੰ ਵੀ ਲੱਭਣ ਦੇ ਸਿਰਤੋੜ ਯਤਨ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਵਿਦੇਸ਼ ’ਚੋਂ ਆਉਣ ਵਾਲੇ ਕਿਸੇ ਵੀ ਨਵੇਂ ਵਿਅਕਤੀ ’ਤੇ ਨਿਰੰਤਰ ਨਿਗਰਾਨੀ ਰੱਖੀ ਜਾ ਰਹੀ ਹੈ।ਮੁੱਖ ਮੰਤਰੀ ਨੇ ਕਿਹਾ ਕਿ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 188 ਤਹਿਤ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਨੇ ਚਿਤਾਵਨੀ ਦਿੰਦਿਆਂ ਆਖਿਆ ਕਿ 48,000 ਵਿਅਕਤੀਆਂ ਨੂੰ ਕਿਸੇ ਵੀ ਸੂਰਤ ਵਿੱਚ ਬਾਹਰ ਨਿਕਲਣ ਤੋਂ ਰੋਕਣ ਲਈ ਕਰੜੀ ਨਜ਼ਰ ਰੱਖੀ ਜਾ ਰਹੀ ਹੈ। ਉਨਾਂ ਕਿਹਾ ਘਰੇਲੂ ਇਕਾਂਤਵਾਸ ਦੀ ਉਲੰਘਣਾ ਹੋਣ ਦੀ ਸੂਰਤ ਵਿੱਚ ਸਰਪੰਚ ਜਾਂ ਨੰਬਰਦਾਰ ਇਲਾਕਾ ਮੈਜਿਸਟ੍ਰੇਟ, ਡੀ.ਐਸ.ਪੀ. ਜਾਂ ਐਸ.ਐਚ.ਓ. ਨੂੰ ਰਿਪੋਰਟ ਕੀਤਾ ਜਾਵੇ ਜਾਂ ਫਿਰ 112 ਨੰਬਰ ’ਤੇ ਪੁਲਿਸ ਨੂੰ ਕਾਲ ਕਰਕੇ ਦੱਸਿਆ ਜਾਵੇ। ਸਰਕਾਰ ਵਲੋਂ ਸਾਰੇ ਜਿਲਿਆਂ ਲਾਇ ਹੈਲਪ ਲਾਈਨ ਨੰਬਰਾ ਦੀ ਲਿਸਟ ਵੀ ਜਾਰੀ ਕੀਤੀ ਹੈ |