ਉਪ ਮੁੱਖ ਮੰਤਰੀ ਪੰਜਾਬ ਓ.ਪੀ. ਸੋਨੀ ਵੱਲੋਂ ਸੀ.ਐਮ.ਸੀ. ਹਸਪਤਾਲ ਲੁਧਿਆਣਾ ‘ਚ ਨਵੇਂ ਪੀ.ਐਸ.ਏ. ਆਕਸੀਜਨ ਪਲਾਂਟ ਦਾ ਉਦਘਾਟਨ

ਨਿਊਜ਼ ਪੰਜਾਬ 

ਲੁਧਿਆਣਾ, 13 ਦਸੰਬਰ – ਉਪ ਮੁੱਖ ਮੰਤਰੀ ਪੰਜਾਬ ਸ੍ਰੀ ਓ.ਪੀ. ਸੋਨੀ ਵੱਲੋਂ ਅੱਜ ਕ੍ਰਿਸਚੀਅਨ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਵਿੱਚ ਨਵੇਂ ਪੀ.ਐਸ.ਏ. ਆਕਸੀਜਨ ਪਲਾਂਟ ਦਾ ਉਦਘਾਟਨ ਕੀਤਾ। ਇਸ ਪ੍ਰੋਜੈਕਟ ਨੂੰ ਸੀ.ਆਈ.ਆਈ. ਦੇ ਸਾਬਕਾ ਪ੍ਰਧਾਨ ਸ੍ਰੀ ਰਾਹੁਲ ਆਹੂਜਾ ਅਤੇ ਸੀ.ਆਈ.ਆਈ. ਲੁਧਿਆਣਾ ਜ਼ੋਨ  ਦੇ ਚੇਅਰਮੈਨ ਸ੍ਰੀ ਅਸ਼ਪ੍ਰੀਤ ਸਾਹਨੀ ਦੇ ਅਣਥੱਕ ਯਤਨਾਂ ਦੁਆਰਾ ਸੰਚਾਲਿਤ ਕੀਤਾ ਗਿਆ ਹੈ।

ਸਮਾਗਮ ਦੀ ਮੇਜ਼ਬਾਨੀ ਸਾਂਝੇ ਤੌਰ ‘ਤੇ ਕ੍ਰਿਸ਼ਚੀਅਨ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਅਤੇ ਕਨਫੈਡਰੇਸ਼ਨ ਆਫ਼ ਇੰਡੀਅਨ ਇੰਡਸਟਰੀ (ਸੀ.ਆਈ.ਆਈ.) ਵੱਲੋਂਂ ਸੀ.ਐਮ.ਸੀ. ਅਤੇ ਹਸਪਤਾਲ, ਲੁਧਿਆਣਾ ਦੇ ਗਾਇ ਐਨ. ਕਾਂਸਟੇਬਲ ਆਡੀਟੋਰੀਅਮ ਵਿੱਚ ਕੀਤੀ ਗਈ. ਉਪ ਮੁੱਖ ਮੰਤਰੀ ਪੰਜਾਬ ਸ੍ਰੀ ਓ.ਪੀ. ਸੋਨੀ ਵੱਲੋਂ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ।

ਇਸ ਮੌਕੇ ਉਨ੍ਹਾ ਆਪਣੇ ਸੰਬੋਧਨ ‘ਚ, ਸੀ.ਐਮ.ਸੀ. ਅਤੇ ਹਸਪਤਾਲ, ਲੁਧਿਆਣਾ ਵੱਲੋਂ ਪਿਛਲੇ 127 ਸਾਲਾਂ ਤੋਂ ਪੰਜਾਬ ਅਤੇ ਗੁਆਂਢੀ ਰਾਜਾਂ ਦੇ ਲੋਕਾਂ ਦੀ ਸੇਵਾ ਕਰਨ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਲੋਕਾਂ ਵਿੱਚ ਮੈਡੀਕਲ ਸਿੱਖਿਆ ਅਤੇ ਸਿਹਤ ਸੰਭਾਲ ਦੇ ਖੇਤਰ ਵਿੱਚ ਸੀ.ਐਮ.ਸੀ. ਵੱਲੋਂ ਨਿਭਾਏ ਗਏ ਅਹਿਮ ਯੋਗਦਾਨਾ ਬਾਰੇ ਵੀ ਚਾਨਣਾ ਪਾਇਆ।

ਸ੍ਰੀ ਓ.ਪੀ. ਸੋਨੀ ਨੇ ਸੀ.ਆਈ.ਆਈ. ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੌਜੂਦਾ ਕੋਵਿਡ ਮਹਾਂਮਾਰੀ ਦੀ ਸਥਿਤੀ ਦੇ ਮੱਦੇਨਜ਼ਰ ਇਸ ਆਕਸੀਜਨ ਪਲਾਂਟ ਦੀ ਸਥਾਪਨਾ ਕਰਕੇ, ਡਾਕਟਰੀ ਭਾਈਚਾਰੇ ਨੂੰ ਸਮੇਂ ਸਿਰ ਸਹਾਇਤਾ ਦੇਣਾ ਸਮੇਂ ਦੀ ਲੋੜ ਹੈ।

ਉਨ੍ਹਾਂ ਸੀ.ਐਮ.ਸੀ. ਅਤੇ ਹਸਪਤਾਲ ਲੁਧਿਆਣਾ ਦੇ ਡਾਕਟਰਾਂ ਅਤੇ ਸਟਾਫ ਦੀ ਮਿਸ਼ਨਰੀ ਭਾਵਨਾ ਨੂੰ ਸਲਾਮ ਕਰਦਿਆਂ, ਸੀ.ਆਈ.ਆਈ. ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਸ੍ਰੀ ਰਾਹੁਲ ਆਹੂਜਾ ਅਤੇ ਸ੍ਰੀ ਅਸ਼ਪ੍ਰੀਤ ਸਾਹਨੀ ਦੀ ਅਗੁਵਾਈ ਵਾਲੇ ਪੀ.ਐਸ.ਏ. ਆਕਸੀਜਨ ਜਨਰੇਟਰ ਪ੍ਰੋਜੈਕਟ ਦਾ ਵੀ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ।

ਪ੍ਰਮੁੱਖ ਸਖ਼ਸ਼ੀਅਤਾਂ ਵਿੱਚ ਹਲਕਾ ਲੁਧਿਆਣਾ ਕੇਂਂਦਰੀ ਵਿਧਾਇਕ ਸ੍ਰੀ ਸੁਰਿੰਦਰ ਡਾਵਰ ਅਤੇ ਹਲਕਾ ਗਿੱਲ ਵਿਧਾਇਕ ਸ. ਕੁਲਦੀਪ ਸਿੰਘ ਵੈਦ ਸ਼ਾਮਲ ਸਨ।

ਇਸ ਮੌਕੇ ਸਿਵਲ ਸਰਜਨ ਡਾ.ਐਸ.ਪੀ.ਸਿੰਘ, ਚੇਅਰਮੈਨ ਡਾ.ਤੇਜਿੰਦਰਪਾਲ ਸਿੰਘ, ਸ੍ਰੀ ਰਾਹੁਲ ਆਹੂਜਾ ਸਾਬਕਾ ਪ੍ਰਧਾਨ ਸੀ.ਆਈ.ਆਈ., ਪੰਜਾਬ ਸਟੇਟ ਕੌਂਸਲ, ਸ੍ਰੀ ਅਸ਼ਪ੍ਰੀਤ ਸਾਹਨੀ, ਚੇਅਰਮੈਨ ਸੀ.ਆਈ.ਆਈ. ਲੁਧਿਆਣਾ }ੋਨ, ਸ੍ਰੀ ਨੀਰਜ ਸਤੀਜਾ, ਸਾਬਕਾ ਚੇਅਰਮੈਨ ਸੀ.ਆਈ.ਆਈ. ਪੰਜਾਬ ਸਟੇਟ ਕੌਂਸਲ, ਸ੍ਰੀ ਅਮਿਤ ਥਾਪਰ, ਵਾਈਸ ਚੇਅਰਮੈਨ ਸੀ.ਆਈ.ਆਈ., ਪੰਜਾਬ ਵੀ ਮੌਜੂਦ ਸਨ।

ਸ੍ਰੀ ਅਮਿਤ ਥਾਪਰ ਵਾਈਸ ਚੇਅਰਮੈਨ ਸੀ.ਆਈ.ਆਈ. ਪੰਜਾਬ ਰਾਜ ਕੌਂਸਲ, ਨੇ ਸਿੱਖਿਆ ਅਤੇ ਸਿਹਤ ਸੰਭਾਲ ਦੇ ਖੇਤਰ ਵਿੱਚ ਸੀ.ਐਮ.ਸੀ. ਅਤੇ ਹਸਪਤਾਲ, ਲੁਧਿਆਣਾ ਦੇ ਯੋਗਦਾਨ ਪ੍ਰਸੰਸ਼ਾ ਕੀਤੀ. ਉਨ੍ਹਾਂ ਕਿਹਾ ਕਿ ਉਹ ਭਵਿੱਖ ਵਿੱਚ ਵੀ ਸੀ.ਐਮ.ਸੀ. ਦੇ ਨਾਲ ਚੰਗੇ ਸਹਿਯੋਗ ਦੀ ਕਾਮਨਾ ਕਰਦੇ ਹਨ।

ਡਾ.ਵਿਲੀਅਮ ਭੱਟੀ ਨੇ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਸਹਿਯੋਗ ਦੇਣ ਲਈ ਸੀ.ਆਈ.ਆਈ. ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਕੋਵਿਡ ਦੀ ਤੀਜੀ ਲਹਿਰ ਦੀ ਸੰਭਾਵਨਾ ਨੂੰ ਦੇਖਦੇ ਹੋਏ ਨਿਊ ਪੈਕਥਰਮ ਪ੍ਰੈਸ਼ਰ ਸਵਿੰਗ ਐਡਸੋਰਪਸ਼ਨ ਆਕਸੀਜਨ ਜਨਰੇਟਰ ਸਮੇਂ ਦੀ ਮੁੱਖ ਲੋੜ ਹੈ। ਇਹ ਆਕਸੀਜਨ ਪਲਾਂਟ 500 ਲੀਟਰ ਪ੍ਰਤੀ ਮਿੰਟ ਆਕਸੀਜ਼ਨ ਪੈਦਾ ਕਰਦਾ ਹੈ ਅਤੇ ਇਸਨੂੰ ਸੀ.ਐਮ.ਸੀ. ਹਸਪਤਾਲ ਦੇ ਆਈ.ਸੀ.ਯੂ. ਅਤੇ ਕੋਵਿਡ ਵਾਰਡਾਂ ਨਾਲ ਜੋੜਿਆ ਗਿਆ ਹੈ।

ਉਦਘਾਟਨ ਮੌਕੇ ਸ਼ਹਿਰ ਦੀਆਂ ਨਾਮੀ ਹਸਤੀਆਂ, ਸੀ.ਐਮ.ਸੀ.ਐਲ ਪ੍ਰਸ਼ਾਸਨ, ਫੈਕਲਟੀ ਅਤੇ ਸਟਾਫ਼ ਦੇ ਨਾਲ ਸੀ.ਆਈ.ਆਈ. ਆਕਸੀਜਨ ਪਲਾਂਟ ਪ੍ਰੋਜੈਕਟ ਦੇ ਦਾਨੀਆਂ ਨੇ ਵੀ ਸ਼ਿਰਕਤ ਕੀਤੀ।