ਫੋਕਲ ਪੁਆਇੰਟ ਖੇਤਰ ਦੀਆਂ ਸਾਰੀਆਂ ਸੜਕਾਂ ਕੰਕਰੀਟ ਦੀਆਂ ਬਣਨਗੀਆਂ – ਭਾਰਤ ਭੂਸ਼ਣ ਆਸ਼ੂ

ਨਿਊਜ਼ ਪੰਜਾਬ 

ਲੁਧਿਆਣਾ, 03 ਦਸੰਬਰ  – ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਅੱਜ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੋਕਲ ਪੁਆਇੰਟ ਖੇਤਰ ਦੀਆਂ ਸਾਰੀਆਂ ਸੜਕਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ ਅਤੇ ਇਲਾਕੇ ਵਿੱਚ ਲੁੱਕ ਦੀਆਂ ਸੜਕਾਂ ਦੀ ਬਜਾਏ ਕੰਕਰੀਟ ਦੀਆਂ ਸੜਕਾਂ ਬਣਾਈਆਂ ਜਾ ਰਹੀਆਂ ਹਨ।

ਮੇਅਰ ਸ੍ਰੀ ਬਲਕਾਰ ਸਿੰਘ ਸੰਧੂ, ਨਗਰ ਨਿਗਮ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ, ਸੀਸੂ ਦੇ ਪ੍ਰਧਾਨ ਸ. ਉਪਕਾਰ ਸਿੰਘ ਆਹੂਜਾ, ਉਦਯੋਗਪਤੀ ਅਤੇ ਟ੍ਰੈਫਿਕ ਮਾਹਿਰ ਰਾਹੁਲ ਵਰਮਾ ਤੋਂ ਇਲਾਵਾ ਕਈ ਹੋਰਾਂ ਦੇ ਨਾਲ ਕੈਬਨਿਟ ਮੰਤਰੀ ਨੇ ਫੋਕਲ ਪੁਆਇੰਟ ਖੇਤਰ ਦਾ ਦੌਰਾ ਕੀਤਾ ਅਤੇ ਉਦਯੋਗਪਤੀਆਂ ਨੂੰ ਭਰੋਸਾ ਦਿੱਤਾ ਕਿ ਸ.ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਉਦਯੋਗ ਨੂੰ ਵਧੀਆ ਬੁਨਿਆਦੀ ਢਾਂਚਾ ਪ੍ਰਦਾਨ ਕਰਨ ਲਈ ਵਚਨਬੱਧ ਹੈ।

ਉਨ੍ਹਾਂ ਦੱਸਿਆ ਕਿ ਫੈਕਟਰੀਆਂ ਵਿੱਚੋਂ ਭਾਰੀ ਵਜ਼ਨ ਵਾਲੇ ਟਰੱਕਾਂ ਦੀ ਆਵਾਜਾਈ ਲਈ ਫੋਕਲ ਪੁਆਇੰਟ ਵਿੱਚ ਕਾਫੀ ਠੋਸ ਅਤੇ ਉੱਚ ਗੁਣਵੱਤਾ ਵਾਲੀਆਂ ਕੰਕਰੀਟ ਦੀਆਂ ਸੜਕਾਂ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੰਕਰੀਟ ਦੀਆਂ ਸੜਕਾਂ ਬਹੁਤ ਟਿਕਾਊ ਹਨ ਅਤੇ ਉਦਯੋਗਿਕ ਖੇਤਰਾਂ ਲਈ ਸਭ ਤੋਂ ਅਨੁਕੂਲ ਹਨ। ਇਸ ਮੌਕੇ ਵੱਡੀ ਗਿਣਤੀ ਵਿੱਚ ਮੌਜੂਦ ਉਦਯੋਗਪਤੀਆਂ ਨੇ ਵੀ ਇਸ ਖੇਤਰ ਵਿੱਚ ਕੰਕਰੀਟ ਦੀਆਂ ਸੜਕਾਂ ਬਣਾਉਣ ਲਈ ਸ੍ਰੀ ਭਾਰਤ ਭੂਸ਼ਣ ਆਸ਼ੂ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।

ਉਦਯੋਗਪਤੀਆਂ ਨੇ ਇਲਾਕੇ ਵਿੱਚ ਕੂੜਾ ਪ੍ਰਬੰਧਨ ਦਾ ਮੁੱਦਾ ਵੀ ਉਠਾਇਆ, ਜਿਸ ਤੋਂ ਬਾਅਦ ਕੈਬਨਿਟ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਅਤੇ ਅਧਿਕਾਰੀਆਂ ਨੂੰ ਖੇਤਰ ਵਿੱਚ ਸਟੈਟਿਕ ਕੰਪੈਕਟਰ ਲਗਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ ਲੁਧਿਆਣਾ ਵਿੱਚ ਕੁੜਾ-ਕਰਕਟ ਦੇ ਸੁਚੱਜੇ ਪ੍ਰਬੰਧਨ ਲਈ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਕਈ ਸਟੈਟਿਕ ਕੰਪੈਕਟਰ ਲਗਾਏ ਗਏ ਹਨ, ਜਦਕਿ ਕਈਆਂ ਦੀ ਪ੍ਰਕਿਰਿਆ ਚੱਲ ਰਹੀ ਹੈ।

ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਫੋਕਲ ਪੁਆਇੰਟ ਇਲਾਕੇ ਵਿੱਚ ਉਦਯੋਗਪਤੀਆਂ ਦੀ ਦੇਖ-ਰੇਖ ਅਧੀਨ ਪਾਰਕਾਂ ਦਾ ਵੀ ਦੌਰਾ ਕੀਤਾ ਅਤੇ ਉਨ੍ਹਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਉਦਯੋਗਪਤੀਆਂ ਨੂੰ ਫੋਕਲ ਪੁਆਇੰਟ ਵਿੱਚ ਮੌਜੂਦ ਸਾਰੇ ਪਾਰਕਾਂ ਦੀ ਦੇਖ-ਰੇਖ ਦਾ ਜਿੰਮਾਂ ਲੈਣ ਦੀ ਅਪੀਲ ਕੀਤੀ ਤਾਂ ਜੋ ਇਹ ਇਲਾਕਾ ਹਰਿਆ ਭਰਿਆ ਨਜ਼ਰ ਆਵੇ।