ਉਦਯੋਗ ਮੰਤਰੀ ਨੇ ਸ਼ਹੀਦ ਬੇਅੰਤ ਸਿੰਘ ਯਾਦਗਾਰ ਦੇ ਚੱਲ ਰਹੇ ਨਵੀਨੀਕਰਨ ਸਬੰਧੀ ਕਾਰਜਾਂ ਦਾ ਲਿਆ ਜਾਇਜ਼ਾ

ਨਿਊਜ਼ ਪੰਜਾਬ 
ਚੰਡੀਗੜ੍ਹ, 29 ਨਵੰਬਰ:
ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਗੁਰਕੀਰਤ ਸਿੰਘ ਨੇ ਅੱਜ ਪੰਜਾਬ ਅਤੇ ਕੇਂਦਰ ਸ਼ਾਸਤ ਪ੍ਰਦੇਸ਼ (ਯੂ.ਟੀ.) ਚੰਡੀਗੜ੍ਹ ਦੇ ਲੋਕ ਨਿਰਮਾਣ ਵਿਭਾਗ (ਪੀਡਬਲਯੂਡੀ) ਨੂੰ ਸੈਕਟਰ 42 ਸਥਿਤ ਸ਼ਹੀਦ ਬੇਅੰਤ ਸਿੰਘ ਯਾਦਗਾਰ ਦੇ ਚੱਲ ਰਹੇ ਨਵੀਨੀਕਰਨ ਸਬੰਧੀ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ।
ਕੈਬਨਿਟ ਮੰਤਰੀ ਨੇ ਯਾਦਗਾਰ ਦੇ ਚੱਲ ਰਹੇ ਨਵੀਨੀਕਰਨ ਸਬੰਧੀ ਕਾਰਜਾਂ ਦਾ ਜਾਇਜ਼ਾ ਲੈਣ ਲਈ ਆਪਣੇ ਦਫ਼ਤਰ ਵਿਖੇ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਵਿੱਚ ਸੱਭਿਆਚਾਰਕ ਮਾਮਲੇ ਯੂ.ਟੀ. ਦੇ ਮੁੱਖ ਇੰਜੀਨੀਅਰ-ਕਮ-ਵਿਸ਼ੇਸ਼ ਸਕੱਤਰ ਸੀ.ਬੀ. ਓਝਾ, ਲੋਕ ਨਿਰਮਾਣ ਵਿਭਾਗ ਪੰਜਾਬ (ਬੀਐਂਡਆਰ) ਦੇ ਚੀਫ਼ ਇੰਜੀਨੀਅਰ ਪਰਮ ਅਰੋੜਾ ਅਤੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਪੰਜਾਬ ਦੇ ਚੀਫ਼ ਜਨਰਲ ਮੈਨੇਜਰ ਐਸ.ਕੇ ਚੱਢਾ ਹਾਜ਼ਰ ਸਨ।
ਉਦਯੋਗ ਮੰਤਰੀ ਗੁਰਕੀਰਤ ਸਿੰਘ ਨੇ ਸਬੰਧਤ ਅਧਿਕਾਰੀਆਂ ਨੂੰ ਸਮਾਧੀ ਦੇ ਆਲੇ-ਦੁਆਲੇ ਲੈਂਡਸਕੇਪਿੰਗ ਅਤੇ ਘੇਰਾਬੰਦੀ ਦੇ ਕੰਮ ਨੂੰ ਪਹਿਲ ਦੇ ਆਧਾਰ ‘ਤੇ ਪੂਰਾ ਕਰਨ ਲਈ ਕਿਹਾ ਅਤੇ ਜਲਦ ਤੋਂ ਜਲਦ ਵੀਆਈਪੀ ਪਖਾਨੇ ਬਣਾਉਣ ਦੇ ਵੀ ਨਿਰਦੇਸ਼ ਦਿੱਤੇ।
ਇਸ ਦੌਰਾਨ ਮੰਤਰੀ ਨੇ ਪੰਜਾਬ ਅਤੇ ਯੂ.ਟੀ. ਦੋਵਾਂ ਦੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਯਾਦਗਾਰ ਲਈ ਖਰਚੇ ਸਬੰਧੀ ਅਨੁਮਾਨ ਪੇਸ਼ ਕਰਨ ਤਾਂ ਜੋ ਸਮੇਂ ਸਿਰ ਫੰਡ ਅਲਾਟ ਕੀਤੇ ਜਾ ਸਕਣ।