ਡਾ. ਵੇਰਕਾ ਵੱਲੋਂ ਸੂਬੇ ਵਿੱਚ ਨਵਿਆਉਣਯੋਗ ਊਰਜਾ ਪ੍ਰੋਜੈਕਟਾਂ ਦੀ ਸਥਾਪਤੀ ਲਈ ਹਰ ਸਹਾਇਤਾ ਦੇਣ ਦਾ ਐਲਾਨ

ਨਿਊਜ਼ ਪੰਜਾਬ 
ਚੰਡੀਗੜ, 22 ਨਵੰਬਰ
ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਸੂਬੇ ਵਿੱਚ ਨਵਿਆਉਣਯੋਗ ਊਰਜਾ ਪ੍ਰੋਜੈਕਟਾਂ ਦੀ ਸਥਾਪਤੀ ਲਈ ਹਰ ਸਹਾਇਤਾ ਦੇਣ ਦਾ ਦਾ ਐਲਾਨ ਕੀਤਾ ਹੈ।
ਅੱਜ ਏਥੇ ਬਾਇਓ ਗੈਸ ਦੇ ਉਤਪਾਦਨ ਵਾਸਤੇ ਦੇਸ਼ ਭਗਤ ਯੂਨੀਵਰਸਿਟੀ ਦੇ ਨਾਲ ਸੋਲਰ ਪਲਾਂਟ ਅਤੇ ਬਾਇਓ ਡੀਗ੍ਰੇਡਏਬਲ ਸੋਲਿਡ ਕਚਿਨ ਵੇਸਟ ਲਈ ਇੱਕ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦੇਣ ਤੋਂ ਬਾਅਦ ਡਾ. ਵੇਰਕਾ ਨੇ ਕਿਹਾ ਕਿ ਵਰਤਮਾਨ ਪ੍ਰਸਥਿਤੀਆਂ ਵਿੱਚ ਸੌਰ ਊਰਜਾ ਦੀ ਮਹੱਤਤਾ ਬਹੁਤ ਜ਼ਿਆਦਾ ਵਧ ਗਈ ਹੈ ਜਿਸ ਕਰਕੇ ਸੂਬਾ ਸਰਕਾਰ ਵੱਲੋਂ ਸੌਰ ਊਰਜਾ ਪ੍ਰੋਜੈਕਟਾਂ ਦੀ ਅਹਿਮੀਅਤ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਸਹਿਮਤੀ ਪੱਤਰ ’ਤੇ ਸਹੀ ਪਾਉਣ ਵੇਲੇ ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ ਦੇ ਚਾਂਸਲਰ ਡਾ. ਜ਼ੋਰਾ ਸਿੰਘ ਵੀ ਹਾਜ਼ਰ ਸਨ।
ਇਸ ਮੌਕੇ ਡਾ. ਵੇਰਕਾ ਨੇ ਪੇਡਾ ਦੇ ਪ੍ਰੋਜੈਕਟਾਂ ਦਾ ਜਾਇਜਾ ਵੀ ਲਿਆ। ਸੀ.ਈ.ਓ ਪੇਡਾ ਸ੍ਰੀ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਪੇਡਾ ਵੱਲੋਂ 1700 ਮੈਗਾਵਾਟ ਰੀਨਿਊਏਬਲ ਐਨਰਜੀ ਨਾਲ ਸਬੰਧਤ ਪ੍ਰੋਜੈਕਟ ਸਥਾਪਿਤ ਕੀਤੇ ਜਾ ਚੁੱਕੇ ਹਨ, ਜਿਸ ਵਿੱਚੋਂ 970 ਮੈਗਾਵਾਟ ਦੇ ਸੋਲਰ ਪਾਵਰ ਪ੍ਰੋਜੈਕਟ ਲਗਾਏ ਗਏ ਹਨ। ਸ੍ਰੀ ਰੰਧਾਵਾ ਨੇ ਇਹ ਵੀ ਦੱਸਿਆ ਕਿ ਪੇਡਾ ਵੱਲੋਂ ਝੋਨੇ ਦੀ ਪਰਾਲੀ ਦੇ ਅਧਾਰਿਤ ਵੱਧ ਤੋਂ ਵੱਧ ਪ੍ਰੋਜੈਕਟ ਲਗਾਏ ਜਾ ਰਹੇ ਹਨ। ਕੁੱਲ 260 ਟਨ ਸੀ.ਬੀ.ਜੀ ਪੈਦਾ ਕਰਨ ਦੀ ਸਮਰੱਥਾ ਵਾਲੇ 23 ਪ੍ਰੋਜੈਕਟ ਉਸਾਰੀ ਅਧੀਨ ਹਨ ਅਤੇ ਇਨਾਂ ਵਿੱਚੋ ਏਸ਼ੀਆ ਦਾ ਸਭ ਤੋ ਵੱਡਾ ਸੀ.ਬੀ.ਜੀ ਪ੍ਰੋਜੈਕਟ ਵੀ ਹੈ ਜਿਸ ਦੀ ਸਮਰੱਥਾ 33.23 ਟਨ ਕੰਪਰੈਸਡ ਬਾਇਓਗੈਸ (ਸੀ.ਬੀ.ਜੀ) ਪ੍ਰਤੀ ਦਿਨ ਹੈ। ਇਹ ਪ੍ਰੋਜੈਕਟ ਲਹਿਰਾਗਾਗਾ ਤਹਿਸੀਲ ਵਿੱਚ ਦਸੰਬਰ, 2021 ਵਿੱਚ ਚਾਲੂ ਹੋ ਜਾਵੇਗਾ।
ਇਸ ਮੌਕੇ ਵਧੀਕ ਡਾਇਰੈਕਟਰ ਪੇਡਾ ਸ੍ਰੀ ਜਸਪਾਲ ਸਿੰਘ ਅਤੇ ਕੈਬਨਿਟ ਮੰੰਤਰੀ ਦੇ ਓ.ਐਸ.ਡੀ. ਸ੍ਰੀ ਅਮਨ ਸ਼ਰਮਾਂ ਵੀ ਹਾਜ਼ਰ ਸਨ।