ਸਮਾਜ ਦੀ ਤਰੱਕੀ ਲਈ ਲੜਕੀਆਂ ਨੂੰ ਪੜਾਈ ਦੇ ਵੱਧ ਤੋਂ ਵੱਧ ਮੌਕੇ ਮੁਹੱਈਆ ਕਰਵਾਏ ਜਾਣ-ਮੁੱਖ ਮੰਤਰੀ ਚੰਨੀ

ਕੁਰਾਲੀ, 10 ਨਵੰਬਰ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਪਟਿਆਲਾ ਵਿਖੇ ਐਸ.ਬੀ.ਐਸ ਖਾਲਸਾ ਕਾਲਜ (ਲੜਕੀਆਂ) ਵਿਖੇ ਪਹੁੰਚੇ ਜਿੱਥੇ ਉਨਾਂ ਨੇ ਕਾਲਜ ਦੀ ਪ੍ਰਬੰਧਕੀ ਕਮੇਟੀ ਅਤੇ ਵਿਦਿਆਰਥਣਾਂ ਨਾਲ ਮੁਲਾਕਾਤ ਕੀਤੀ।
ਇਸ ਮੌਕੇ ਸੰਖੇਪ ਸਮਾਗਮ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸਾਡੀਆਂ ਧੀਆਂ ਨੂੰ ਸਮਾਜ ਵਿਚ ਅੱਗੇ ਵਧਣ ਲਈ ਪੜਾਉਣ ਲਈ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ। ਉਨਾਂ ਕਿਹਾ ਕਿ ਜੇਕਰ ਪਰਿਵਾਰ ਵਿੱਚੋਂ ਲੜਕੀ ਤਾਲੀਮ ਹਾਸਲ ਕਰਨ ਜਾਵੇ ਤਾਂ ਪੂਰੀ ਕੁਲ ਪੜ ਜਾਂਦੀ ਹੈ ਜੋ ਸਾਡੇ ਸਮਾਜ ਦੀ ਤਰੱਕੀ ਲਈ ਬਹੁਤ ਜਰੂਰੀ ਹੈ। ਮੁੱਖ ਮੰਤਰੀ ਇਸ ਮੌਕੇ ਕਾਲਜ ਦੀਆਂ ਵਿਦਿਆਰਥਣਾ ਨੂੰ ਵੀ ਮਿਲੇ ਅਤੇ ਉਨਾਂ ਦੀ ਹੌਸਲਾ ਅਫਜ਼ਾਈ ਕੀਤੀ।
ਮੁੱਖ ਮੰਤਰੀ ਚੰਨੀ ਨੇ ਸੰਬਧਨ ਕਰਦਿਆਂ ਸਾਬਕਾ ਵਿਧਾਇਕ ਮਰਹੂਮ ਸ. ਬਚਿੱਤਰ ਸਿੰਘ ਅਤੇ ਸ. ਰਾਜਬੀਰ ਸਿੰਘ ਪਡਿਆਲਾ ਨੂੰ ਯਾਦ ਕਰਿਦਆਂ ਕਿਹਾ ਕਿ ਇਸ ਪਰਿਵਾਰ ਦੀ ਪੰਥ ਰਤਨ ਸਵਰਗੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਜੀ ਨਾਲ ਗੂੜੀ ਸਾਂਝ ਤੋਂ ਪੂਰਾ ਜੱਗ ਜਾਣੂੰ ਹੈ। ਇਸ ਸਾਂਝ ਦੇ ਚਲਦਿਆਂ ਹੀ ਇਸ ਪਰਿਵਾਰ ਵਲੋਂ ਇਲਾਕੇ ਵਿਚ ਹਮੇਸ਼ਾ ਹੀ ਸਮਾਜ ਭਲਾਈ ਵੱਧ ਚੜ ਕੇ ਯੋਗਦਾਨ ਪਾਇਆ ਗਿਆ ਅਤੇ ਹੁਣ ਵੀ ਇਸ ਪਰਿਵਾਰ ਦੀ ਅਗਲੀ ਪੀੜੀ ਵਲੋਂ ਇਨਾਂ ਸਮਾਜ ਭਲਾਈ ਕਾਰਜਾਂ ਨੂੰ ਵੱਡੇ ਪੱਧਰ ‘ਤੇ ਅੱਗੇ ਜਾਰੀ ਰੱਖਿਆ ਜਾ ਰਿਹਾ ਹੈ।
ਇਸ ਮੌਕੇ ਮੁੱਖ ਮੰਤਰੀ ਨੇ ਐਸ.ਬੀ.ਐਸ ਖਾਲਸਾ ਕਾਲਜ ਪਡਿਆਲਾ ਨੂੰ 10 ਲੱਖ ਰੁਪਏ ਗ੍ਰਾਂਟ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਗੁਰਪ੍ਰਤਾਪ ਸਿੰਘ ਪਡਿਆਲਾ ਦੀ ਅਗਵਾਈ ਵਿਚ ਪਰਿਵਾਰ ਵਲੋਂ ਇਸ ਇਲਾਕੇ ਵਿਚ ਲੜਕੀਆਂ ਨੂੰ ਉਚੇਰੀ ਸਿੱਖਿਆ ਪ੍ਰਦਾਨ ਕਰਨ ਕਰਨ ਲਈ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਖਰੜ ਇਲਾਕੇ ਦੇ ਸਰਪੰਚਾਂ ਦੀ ਮੀਟਿੰਗ ਕੀਤੀ ਜਾਵੇਗੀ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਇਲਾਕੇ ਦੀਆਂ ਲੋੜਾਂ ਅਨੁਸਾਰ ਦੇ ਵਿਕਾਸ ਲਈ ਵੱਡੇ ਫੈਸਲੇ ਲਏ ਜਾਣਗੇ।
ਇਸ ਤੋਂ ਪਹਿਲਾਂ ਕਾਲਜ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਗੁਰਪ੍ਰਤਾਪ ਸਿੰਘ ਪਡਿਆਲਾ ਨੇ ਮੁੱਖ ਮੰਤਰੀ ਦਾ ਸਵਾਗਤ ਕੀਤਾ। ਉਨਾਂ ਕਿਹਾ ਕਿ ਮੁੱਖ ਮੰਤਰੀ ਵਲੋਂ ਲੋਕ ਭਲਾਈ ਲਈ ਲਏ ਜਾ ਰਹੇ ਫੈਸਲਿਆਂ ਤੋਂ ਸਮਾਜ ਦੇ ਹਰ ਵਰਗ ਨੂੰ ਵੱਡੀ ਰਾਹਤ ਮਿਲੀ ਹੈ। ਗੁਰਪ੍ਰਤਾਪ ਪਡਿਆਲਾ ਨੇ ਕਿਹਾ ਕਿ ਖਾਸ ਕਰਕੇ ਇਹ ਪਹਿਲੀ ਵਾਰ ਹੋਇਆ ਹੈ ਦਿਵਾਲੀ ਮੌਕੇ ਆਮ ਲੋਕਾਂ ਨੂੰ ਖਾਸ ਕਰਕੇ ਨੂੰ ਦੁਕਾਨਦਾਰਾਂ ਸਾਫ ਭਿ੍ਰਸ਼ਟਾਚਾਰ ਮੁਕਤ ਸਾਫ ਸੁਥਰੀ ਦਿਵਾਲੀ ਮਨਾਉਣ ਦਾ ਮੌਕਾ ਮਿਲਿਆ।ਉਨਾਂ ਕਿਹਾ ਕਿ ਇਸ ਦੇ ਨਾਲ ਹੀ ਮੁੱਖ ਮੰਤਰੀ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਕੱਚੇ ਅਧਿਆਪਕਾਂ ਨੂੰ ਪੱਕੇ ਕਰਨਾ, ਰੇਤਾ ਸਸਤਾ ਕਰਨਾ, ਬਿਜਲੀ ਸਸਤੀ, ਗਰੀਬ ਲੋਕਾਂ ਨੂੰ ਘਰਾਂ ਦੀ ਮਲਕੀਅਤ ਦੇ ਹੱਕ ਦੇਣਾ ਅਤੇ ਪਾਣੀ ਦੇ ਬਿੱਲ ਮੁਆਫ ਕਰਨ ਵਰਗੇ ਬਹੁਤ ਹੀ ਵੱਡੇ ਫੈਸਲੇ ਦਿਨਾਂ ਵਿਚ ਹੀ ਲੈ ਕੇ ਲੋਕਾਂ ਦੇ ਦਿਲ ਜਿੱਤ ਲਏ ਹਨ।
ਇਸ ਮੌਕੇ ਇਲਾਕੇ ਦੀਆਂ ਮੋਹਤਬਰ ਹਸਤੀਆਂ ਤੋਂ ਇਲਾਵਾ ਸਮੁੱਚੀ ਕਾਲਜ ਮਨੇਜਮੈਂਟ ਕਮੇਟੀ ਵੀ ਹਾਜ਼ਰ ਸੀ।