ਕੋਟਕਪੂਰਾ ਗੋਲੀ ਕਾਂਡ ਲਈ ਨਵਜੋਤ ਸਿੱਧੂ ਨੇ ਆਪਣੀ ਹੀ ਸਰਕਾਰ ਨੂੰ ਘੇਰਿਆ
ਚੰਡੀਗੜ੍ਹ, 8 ਨਵੰਬਰ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸੋਮਵਾਰ ਨੂੰ ਸੂਬੇ ਵਿੱਚ ਆਪਣੀ ਪਾਰਟੀ ਦੀ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਪੁੱਛਿਆ ਕਿ 2015 ਵਿੱਚ ਹੋਏ ਕੋਟਕਪੂਰਾ ਪੁਲੀਸ ਗੋਲੀ ਕਾਂਡ ਦੀ ਚਾਰਜਸ਼ੀਟ ਕਿੱਥੇ ਹੈ? ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੋਟਕਪੂਰਾ ਕਾਂਡ ਦੀ ਜਾਂਚ ਛੇ ਮਹੀਨਿਆਂ ਵਿੱਚ ਤਰਜੀਹੀ ਤੌਰ ’ਤੇ ਮੁਕੰਮਲ ਕਰਨ ਦੇ ਹੁਕਮ ਦਿੱਤੇ ਸਨ। ਸਿੱਧੂ ਨੇ ਸਵਾਲ ਕੀਤਾ, ‘‘ਅੱਜ ਛੇ ਮਹੀਨੇ ਅਤੇ ਇੱਕ ਦਿਨ ਬੀਤ ਗਿਆ ਹੈ। (ਇਸ ਮਾਮਲੇ ’ਚ) ਚਾਰਜਸ਼ੀਟ ਕਿੱਥੇ ਹੈ।’’ ਉਨ੍ਹਾਂ ਇਹ ਵੀ ਸਵਾਲ ਕੀਤਾ ਕਿ ਗੋਲੀਬਾਰੀ ਕਾਂਡ ਵਿੱਚ ਮੁਲਜ਼ਮ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਦਿੱਤੀ ਗਈ ਜ਼ਮਾਨਤ ਵਿਰੁੱਧ ਸਪੈਸ਼ਲ ਲੀਵ ਪਟੀਸ਼ਨ ਦਾਇਰ ਕਿਉਂ ਨਹੀਂ ਕੀਤੀ ਗਈ।