ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ 9 ਨਵੰਬਰ ਨੂੰ ਮੈਗਾ ਕਾਨੂੰਨੀ ਸੇਵਾਵਾਂ ਕੈਂਪ ਲਗਾਇਆ ਜਾ ਰਿਹਾ
ਲੁਧਿਆਣਾ, 06 ਨਵੰਬਰ – ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ 9 ਨਵੰਬਰ ਨੂੰ ਕਾਨੂੰਨੀ ਸੇਵਾਵਾਂ ਦਿਵਸ ਤੋਂ ਇੱਕ ਦਿਨ ਪਹਿਲਾਂ ਸ਼ਾਮ ਨੂੰ ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ, ਖੰਨਾ ਵਿੱਚ ਇੱਕ ਮੈਗਾ ਕਾਨੂੰਨੀ ਸੇਵਾਵਾਂ ਕੈਂਪ ਲਗਾਇਆ ਜਾ ਰਿਹਾ ਹੈ।
ਕੈਂਪ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਸ੍ਰੀ ਪੀ.ਐਸ.ਕਾਲੇਕਾ ਨੇ ਦੱਸਿਆ ਕਿ ਕੈਂਪ ਦੌਰਾਨ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ (ਐਨ.ਐਲ.ਐਸ.ਏ.) ਅਤੇ ਵੱਖ-ਵੱਖ ਸਰਕਾਰੀ ਵਿਭਾਗਾਂ ਜਿਨ੍ਹਾਂ ਵਿੱਚ ਸਿਹਤ, ਮਾਲ, ਖੇਤਰੀ ਟਰਾਂਸਪੋਰਟ ਅਥਾਰਟੀ, ਸਮਾਜਿਕ ਸੁਰੱਖਿਆ, ਔਰਤਾਂ ਤੇ ਬੱਚਿਆਂ ਦੇ ਵਿਕਾਸ, ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀਆਂ, ਪਾਵਰਕਾਮ, ਨਗਰ ਕੌਂਸਲ, ਰੁਜ਼ਗਾਰ ਉਤਪਤੀ, ਲੇਬਰ, ਖੇਤੀਬਾੜੀ, ਜੰਗਲਾਤ, ਸਿੱਖਿਆ ਅਤੇ ਪੰਚਾਇਤਾਂ ਵੱਲੋਂ ਸਟਾਲ ਲਗਾਏ ਜਾਣਗੇ ਅਤੇ ਲੋਕਾਂ ਨੂੰ ਕਈ ਸਕੀਮਾਂ ਅਤੇ ਪ੍ਰੋਗਰਾਮਾਂ ਬਾਰੇ ਲੋੜੀਂਦੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।
ਸ੍ਰੀ ਕਾਲੇਕਾ ਨੇ ਕਿਹਾ ਕਿ ਕੈਂਪ ਮੌਕੇ ਨਾਗਰਿਕਾਂ ਦੀਆਂ ਦਰਖਾਸਤਾਂ ਵੀ ਪ੍ਰਾਪਤ ਕੀਤੀਆਂ ਜਾਣਗੀਆਂ ਅਤੇ ਸਬੰਧਤ ਵਿਭਾਗਾਂ ਨੂੰ ਭੇਜੀਆਂ ਜਾਣਗੀਆਂ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਜੇਕਰ ਬਿਨੈਕਾਰ ਲਾਭ ਲਈ ਯੋਗ ਪਾਏ ਜਾਂਦੇ ਹਨ ਤਾਂ ਉਹ ਲਾਭ ਪ੍ਰਾਪਤ ਕਰ ਸਕਣ। ਉਨ੍ਹਾਂ ਦੱਸਿਆ ਕਿ ਵਿਭਾਗਾਂ ਦੇ ਨੁਮਾਇੰਦੇ ਵੀ ਮੌਕੇ ‘ਤੇ ਹੀ ਲਾਭਪਾਤਰੀਆਂ ਨੂੰ ਵੱਖ-ਵੱਖ ਲਾਭਾਂ ਦੇ ਰੂਪ ਵਿੱਚ ਆਪਣੀਆਂ ਸੇਵਾਵਾਂ ਪ੍ਰਦਾਨ ਕਰਨਗੇ।
ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕੈਂਪ ਦਾ ਲਾਭ ਉਠਾ ਕੇ ਕੈਂਪ ਨੂੰ ਸਫਲ ਬਣਾਉਣ ਲਈ ਲੋਕਾਂ ਦੇ ਪੂਰਨ ਸਹਿਯੋਗ ਦੀ ਅਪੀਲ ਕੀਤੀ ਗਈ।