ਪਰਾਲੀ ਦੀ ਸਮੱਸਿਆ ਦੇ ਹੱਲ ਲਈ ਬਾਇਓਮਾਸ ਪ੍ਰੋਜੈਕਟਾਂ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ-ਡਾ. ਰਾਜ ਕੁਮਾਰ ਵੇਰਕਾ
ਨਿਊਜ਼ ਪੰਜਾਬ
ਚੰਡੀਗੜ, 19 ਅਕਤੂਬਰ
ਪੰਜਾਬ ਦੇ ਨਵਿਆਉਣਯੋਗ ਊਰਜਾ ਅਤੇ ਸਮਾਜਿਕ ਨਿਆਂ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਪਰਾਲੀ ਦੀ ਸਮੱਸਿਆ ਦੇ ਨਿਪਟਾਰੇ ਲਈ ਬਾਇਓਮਾਸ ਪ੍ਰੋਜੈਟਕਟ ਸਥਾਪਤ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਹੈ।
ਅੱਜ ਏਥੇ ਜਾਰੀ ਇੱਕ ਬਿਆਨ ਵਿੱਚ ਡਾ. ਵੇਰਕਾ ਨੇ ਕਿਹਾ ਕਿ ਬਿਜਲੀ ਦੀ ਵਧ ਰਹੀ ਮੰਗ ਅਤੇ ਪਾਣੀ, ਕੋਇਲਾ ਆਦਿ ਵਰਗੇ ਕੁਦਰਤੀ ਵਸੀਲਿਆ ਦੀ ਪੈਦਾ ਹੋ ਰਹੀ ਕਮੀ ਨਾਲ ਨਿਪਟਣ ਲਈ ਨਵਿਆਉਣਯੋਗ ਊਰਜਾ ਨੂੰ ਵੱਧ ਤੋਂ ਵੱਧ ਵਰਤੋਂ ਵਿੱਚ ਲਿਆਏ ਜਾਣ ਦੀ ਜ਼ਰੂਰਤ ਹੈ। ਉਨਾਂ ਕਿਹਾ ਕਿ ਬਿਜਲੀ ਦੀ ਲਗਾਤਾਰ ਵਧ ਰਹੀ ਮੰਗ ਅਤੇ ਪਰਾਲੀ ਦੀ ਸਮੱਸਿਆ ਨਾਲ ਨਿਪਟਣ ਲਈ ਪੰਜਾਬ ਸਰਕਾਰ ਨੇ ਸੌਰ ਊਰਜਾ ’ਤੇ ਵੱਧ ਤੋਂ ਵੱਧ ਧਿਆਨ ਕੇਂਦਰਤ ਕਰਨ ਦੀ ਦਿਸ਼ਾ ਵੱਲ ਕਦਮ ਪੁੱਟੇ ਹਨ। ਉਨਾਂ ਦੱਸਿਆ ਕਿ ਹੁਣ ਤੱਕ ਸੂਬੇ ਵਿੱਚ ਨਵਿਆਉਣਯੋਗ ਊਰਜਾ ਦੇ 1700.77 ਮੈਗਾਵਾਟ ਦੀ ਸਮਰੱਥਾ ਦੇ ਪ੍ਰੋਜੈਕਟ ਲਾਏ ਜਾ ਚੁੱਕੇ ਹਨ ਅਤੇ 184.12 ਮੈਗਾਵਾਟ ਦੇ ਸਮਰੱਥਾ ਦੇ ਹੋਰ ਪ੍ਰੋਜੈਕਟ ਲਾਏ ਜਾ ਰਹੇ ਹਨ। ਜ਼ਮੀਨ ਸਤਹ (ਗਰਾਉਡ ਮੌਂਟਡ) ’ਤੇ 815.5 ਮੈਗਾਵਾਟ, ਛੱਤ (ਰੂਫ ਸੋਲਰ) ’ਤੇ 136.1 ਮੈਗਾਵਾਟ ਅਤੇ ਨਹਿਰਾਂ ’ਤੇ (ਕੈਨਾਲ ਟੋਪ) 20 ਮੈਗਾਵਾਟ ਸਮਰੱਥਾ ਦੇ ਸੌਰ ਊਰਜਾ ਪ੍ਰੋਜੈਕਟ ਹੁਣ ਤੱਕ ਕਾਰਜਸ਼ੀਲ ਹੋ ਗਏ ਹਨ। ਇਨਾਂ ਪ੍ਰੋਜੈਕਟਾਂ ਦੀੇ ਗਿਣਤੀ ਕ੍ਰਮਵਾਰ 71, 14 ਅਤੇ 4 ਹੈ।
ਡਾ. ਵੇਰਕਾ ਅਨੁਸਾਰ ਇਕੱਲੇ ਸੌਰ ਊਰਜਾ ਦੇ 729.17 ਮੈਗਾਵਾਟ ਦੇ ਪ੍ਰੋਜੈਕਟ ਸਥਾਪਿਤ ਹੋ ਚੁੱਕੇ ਹਨ ਅਤੇ 58.75 ਮੈਗਾਵਾਟ ਦੇ ਪ੍ਰੋਜੈਕਟ ਪ੍ਰਗਤੀ ਅਧੀਨ ਹਨ। ਨਵਿਆਉਣਯੋਗ ਊਰਜਾ ਦੇ ਪ੍ਰੋਜੈਕਟਾਂ ਵਿੱਚ ਬਾਇਓਮਾਸ ਕੋ-ਜਨਰੇਸ਼ਨ ਪਾਵਰ ਪ੍ਰੋਜੈਕਟ 458.07 ਮੈਗਾਵਾਟ ਅਤੇ ਬਾਇਓਮਾਸ ਪਾਵਰ ਪ੍ਰੋਜੈਕਟ 97.5 ਮੈਗਾਵਾਟ ਸ਼ਾਮਲ ਹਨ। 23 ਬਾਇਓ ਸੀ.ਐਨ. ਜੀ. ਪ੍ਰੋਜੈਕਟ ਉਸਾਰੀ ਅਧੀਨ ਹਨ। ਇਨਾਂ ਤੋਂ ਕੁੱਲ 260 ਟਨ ਕੰਪਰੈਸਡ ਬਾਇਓਗੈਸ (ਸੀ.ਬੀ.ਜੀ) ਪੈਦਾ ਹੋਵੇਗੀ। ਇਨਾਂ ਵਿੱਚ ਏਸ਼ੀਆ ਦਾ ਸਭ ਤੋ ਵੱਡਾ ਸੀ.ਬੀ.ਜੀ ਪ੍ਰੋਜੈਕਟ ਵੀ ਹੈ ਜਿਸ ਦੀ ਸਮਰੱਥਾ 33.23 ਟਨ ਸੀ.ਬੀ.ਜੀ ਪ੍ਰਤੀ ਦਿਨ ਹੈ। ਇਹ ਪ੍ਰੋਜੈਕਟ ਲਹਿਰਾਗਾਗਾ ਤਹਿਸੀਲ ਵਿੱਚ ਲਾਇਆ ਜਾ ਰਿਹਾ ਹੈ ਅਤੇ ਇਹ ਦਸੰਬਰ, 2021 ਵਿੱਚ ਚਾਲੂ ਹੋ ਜਾਵੇਗਾ। ਇਸ ਤੋਂ ਇਲਾਵਾ ਐਚ.ਪੀ.ਸੀ.ਐਲ. ਤੇਲ ਕੰਪਨੀ ਦੁਆਰਾ ਬਾਇਓ ਇਥਨੋਲ ਪ੍ਰੋਜੈਕਟ ਬਠਿੰਡਾ ਜਿਲੇ ਦੇ ਤਲਵੰਡੀ ਸਾਬੋ ਵਿਖੇ ਉਸਾਰੀ ਅਧੀਨ ਹੈ ਜੋ ਕਿ ਫਰਵਰੀ, 2023 ਤੱਕ ਸ਼ੁਰੂ ਹੋ ਜਾਵੇਗੀ ਅਤੇ ਇਸ ਵਿੱਚ ਰੋਜ਼ਾਨਾ 500 ਟਨ ਪਰਾਲੀ ਦੀ ਖਪਤ ਹੋਵੇਗੀ।
ਸੂਬੇ ਦੇ ਲੋਕਾਂ ਨੂੰ ਵੀ ਸੌਰ ਊਰਜਾ ਅਪਨਾਉਣ ਦੀ ਅਪੀਲ ਕਰਦੇ ਹੋਏ ਡਾ. ਵੇਰਕਾ ਨੇ ਉਨਾਂ ਨੂੰ ਘਰਾਂ ਵਿੱਚ ਸੌਰ ਊਰਜਾ ਪਲਾਂਟ ਲਾਉਣ ਲਈ ਸੁਝਾਅ ਦਿੱਤਾ। ਉਨਾਂ ਕਿਹਾ ਕਿ ਇਸ ਨਾਲ ਜਿੱਥੇ ਲੋਕਾਂ ਨੂੰ ਮਹਿੰਗੀ ਬਿਜਲੀ ਤੋਂ ਰਾਹਤ ਮਿਲੇਗੇ, ਓਥੇ ਕੋਇਲੇ ਵਰਗੇ ਸਰੋਤ ਦੀ ਵੀ ਬੱਚਤ ਹੋ ਸਕੇਗੀ।