ਡਿਪਟੀ ਕਮਿਸ਼ਨਰ ਵੱਲੋਂ 27 ਅਕਤੂਬਰ ਨੂੰ ਹੋਣ ਵਾਲੇ ਚੌਥੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਦੀਆਂ ਤਿਆਰੀਆਂ ਤੇ ਪ੍ਰਬੰਧਾਂ ਦਾ ਲਿਆ ਜਾਇਜ਼ਾ
ਨਿਊਜ਼ ਪੰਜਾਬ
ਲੁਧਿਆਣਾ, 18 ਅਕਤੂਬਰ – ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ 27 ਅਕਤੂਬਰ, 2021 ਨੂੰ ਕਿੰਗਸਵਿਲੇ ਰਿਜੋਰਟ, ਫਿਰੋਜ਼ਪੁਰ ਰੋਡ, ਲੁਧਿਆਣਾ ਵਿਖੇ ਆਯੋਜਿਤ ਕੀਤੇ ਜਾਣ ਵਾਲੇ ਚੌਥੇ ‘ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ’ ਦੇ ਮੱਦੇਨਜ਼ਰ ਅੱਜ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ ਕੀਤੀ।
ਰਿਜ਼ੋਰਟ ਵਿਖੇ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਸ.ਚਰਨਜੀਤ ਸਿੰਘ ਚੰਨੀ ਦੀ ਦੂਰਦਰਸ਼ੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ 26 ਅਤੇ 27 ਅਕਤੂਬਰ, 2021 ਨੂੰ ਚੌਥੇ ‘ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ’ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲੇ ਦਿਨ ਦਾ ਸਮਾਗਮ ਵਰਚੂਅਲੀ ਤੌਰ ‘ਤੇ ਆਯੋਜਿਤ ਕੀਤਾ ਜਾਵੇਗਾ ਜਦੋਂ ਕਿ ਦੂਜੇ ਦਿਨ ਭਾਵ 27 ਅਕਤੂਬਰ ਨੂੰ ਸਿਖਰ ਸੰਮੇਲਨ ਸਥਾਨਕ ਕਿੰਗਸਵਿਲੇ ਰਿਜ਼ੋਰਟਸ ਵਿਖੇ ਆਯੋਜਿਤ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਵੱਖ-ਵੱਖ ਕੈਬਨਿਟ ਮੰਤਰੀਆਂ ਦੇ ਨਾਲ ਸਮਾਗਮ ਦੀ ਪ੍ਰਧਾਨਗੀ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਇਲਾਵਾ ਪੂਰੇ ਭਾਰਤ ਵਿੱਚੋਂ 500 ਤੋਂ ਵੱਧ ਉਦਯੋਗਪਤੀਂ ਇਸ ਮੈਗਾ ਈਵੈਂਟ ਵਿੱਚ ਹਿੱਸਾ ਲੈਣਗੇ।
ਡਿਪਟੀ ਕਮਿਸ਼ਨਰ ਨੇ ਸੰਮੇਲਨ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵੱਖ-ਵੱਖ ਕਮੇਟੀਆਂ ਦੇ ਗਠਨ ਦੇ ਆਦੇਸ਼ ਦਿੱਤੇ ਅਤੇ ਕਈ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਡਿਊਟੀਆਂ ਵੀ ਨਿਰਧਾਰਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਾਰੇ ਅਧਿਕਾਰੀ/ਕਰਮਚਾਰੀ ਆਪਣੀ ਡਿਊਟੀ ਪੂਰੀ ਲਗਨ, ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਇਸ ਸੰਮੇਲਨ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਵਿੱਚ ਸਹਿਯੋਗ ਕਰਨਗੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀ ਸੰਦੀਪ ਕੁਮਾਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਮਿਤ ਕੁਮਾਰ ਪੰਚਾਲ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ (ਖੰਨਾ) ਸ੍ਰੀ ਸਕੱਤਰ ਸਿੰਘ ਬੱਲ, ਵਧੀਕ ਡਿਪਟੀ ਕਮਿਸ਼ਨਰ (ਜਗਰਾਉਂ) ਡਾ. ਨਯਨ ਜੱਸਲ, ਐਸ.ਡੀ.ਐਮਜ਼ ਡਾ. ਹਰਜਿੰਦਰ ਸਿੰਘ ਬੇਦੀ, ਸ੍ਰੀ ਵਿਕਰਮਜੀਤ ਸਿੰਘ ਪਾਂਥੇ, ਡਾ. ਵਨੀਤ ਕੁਮਾਰ, ਸ੍ਰੀ ਜਗਦੀਪ ਸਹਿਗਲ, ਸ੍ਰੀ ਵਿਕਾਸ ਹੀਰਾ, ਹਿਮਾਂਸ਼ੂ ਗੁਪਤਾ, ਸਕੱਤਰ ਆਰ.ਟੀ.ਏ. ਸ.ਨਰਿੰਦਰ ਸਿੰਘ ਧਾਲੀਵਾਲ, ਸਹਾਇਕ ਕਮਿਸ਼ਨਰ ਪ੍ਰਲੀਨ ਕਾਲੇਕਾ, ਜੀ.ਐਮ. ਡੀ.ਆਈ.ਸੀ. ਸ੍ਰੀ ਰਾਕੇਸ਼ ਕੁਮਾਰ ਕਾਂਸਲ, ਸਿਵਲ ਸਰਜਨ ਡਾ. ਐਸ.ਪੀ. ਸਿੰਘ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।