ਪ੍ਰਸ਼ਾਸਨ ਬੇਰੋਜ਼ਗਾਰ ਨੌਜਵਾਨਾਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਮੁਫਤ ਆਨਲਾਈਨ ਕੋਚਿੰਗ ਮੁਹੱਈਆ ਕਰਵਾਉਣ ਲਈ ਤਿਆਰ

ਨਿਊਜ਼ ਪੰਜਾਬ 

ਲੁਧਿਆਣਾ, 14 ਅਕਤੂਬਰ  – ਜਿਲ੍ਹਾ ਪ੍ਰਸ਼ਾਸਨ ਵੱਲੋਂ ਘਰ-ਘਰ ਰੋਜਗਾਰ ਤੇ ਕਾਰੋਬਾਰ ਮਿਸ਼ਨ ਤਹਿਤ ਬੇਰੋਜ਼ਗਾਰ ਨੌਜਵਾਨਾਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਮੁਫਤ ਆਨਲਾਈਨ ਕੋਚਿੰਗ ਮੁਹੱਈਆ ਕਰਵਾਉਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਸੀ.ਈ.ਓ. ਡੀ.ਬੀ.ਈ.ਈ. ਸ੍ਰੀ ਅਮਿਤ ਕੁਮਾਰ ਪੰਚਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਐਸ.ਐਸ.ਸੀ, ਬੈਂਕ, ਪੀ.ਓ/ਕਲੈਰੀਕਲ, ਆਰ.ਆਰ.ਬੀ, ਸੀ.ਈ.ਟੀ., ਪੀ.ਪੀ.ਐਸ.ਸੀ., ਪੀ.ਐਸ.ਐਸ.ਐਸ.ਬੀ. ਅਤੇ ਹੋਰਨਾ ਵਿਭਾਗੀ ਪ੍ਰੀਖਿਆਵਾਂ ਲਈ ਆਉਣ ਵਾਲੇ ਦਿਨਾਂ ਵਿੱਚ ਨੌਜਵਾਨਾਂ ਨੂੰ ਮੁਫਤ ਆਨਲਾਈਨ ਕੋਚਿੰਗ ਦੇਣ ਦਾ ਫੈਸਲਾ ਕੀਤਾ ਗਿਆ ਹੈ ।
ਸ੍ਰੀ ਪੰਚਾਲ ਨੇ ਕਿਹਾ ਕਿ ਇਸ ਨਿਵੇਕਲੀ ਪਹਿਲ ਦਾ ਮੁੱਖ ਮੰਤਵ ਸਾਡੇ ਨੌਜਵਾਨਾਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਬਿਹਤਰ ਢੰਗ ਨਾਲ ਤਿਆਰ ਕਰਨਾ ਹੈ ਤਾਂ ਜੋ ਉਹ ਸਰਕਾਰੀ ਨੌਕਰੀਆਂ ਪ੍ਰਾਪਤ ਕਰ ਕੇ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਣ। ਉਨਾਂ ਇਹ ਵੀ ਕਿਹਾ ਕਿ ਇਸ ਨਾਲ ਨੌਜਵਾਨਾਂ ਲਈ ਰੋਜਗਾਰ ਦੇ ਨਵੇਂ ਰਸਤੇ ਖੁੱਲਣਗੇ ਅਤੇ ਉਨ੍ਹਾਂ ਦੀ ਰੋਜਗਾਰ ਸਮਰੱਥਾ ਵਿਚ ਵੀ ਵਾਧਾ ਹੋਵੇਗਾ। ਉਨ੍ਹਾਂ ਜਿਲ੍ਹੇ ਦੇ ਯੋਗ ਨੌਜਵਾਨਾਂ ਨੂੰ ਵੱਖ-ਵੱਖ ਵਿਸ਼ਾ ਮਾਹਿਰਾਂ ਪਾਸੋਂ ਅਗਵਾਈ ਹਾਸਿਲ ਕਰਨ ਲਈ ਇਨ੍ਹਾਂ ਮੁਫਤ ਆਨਲਾਈਨ ਕੋਚਿੰਗ ਕਲਾਸਾਂ ਲਈ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਕਰਵਾਉਣ ਦੀ ਅਪੀਲ ਵੀ ਕੀਤੀ।
ਰੋਜਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਸ਼੍ਰੀਮਤੀ ਰਣਜੀਤ ਕੌਰ ਨੇ ਕਿਹਾ ਕਿ ਕਲੈਰੀਕਲ ਬੈਚ ਲਈ ਖੁਦ ਨੂੰ ਰਜਿਸਟਰ ਕਰਨ ਵਾਲੇ ਉਮੀਦਵਾਰਾਂ ਨੇ ਗ੍ਰੇਜੂਏਸਨ ਮੁਕੰਮਲ ਕਰ ਲਈ ਹੋਵੇ ਜਦਕਿ 12ਵੀਂ ਪਾਸ ਉਮੀਦਵਾਰ ਪੁਲਿਸ ਕਾਂਸਟੇਬਲ ਲਈ ਅਪਲਾਈ ਕਰ ਸਕਦੇ ਹਨ। ਸ਼੍ਰੀਮਤੀ ਰਣਜੀਤ ਕੌਰ ਨੇ ਅੱਗੇ ਦੱਸਿਆ ਕਿ ਚਾਹਵਾਨ ਉਮੀਦਵਾਰ ਤਿਆਰੀ ਕਲਾਸਾਂ ਦਾ ਲਾਭ ਲੈਣ ਲਈ ਵੈਬਸਾਈਟ https://www.eduzphere.com/freegovtexams  ‘ਤੇ ਲਾਗਇਨ ਕਰ ਕੇ ਇਨ੍ਹਾਂ ਕਲਾਸਾਂ ਲਈ ਅਪਲਾਈ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਸਟਰੀਮ ਵਿਚ ਗ੍ਰੇਜੂਏਟ ਉਮੀਦਵਾਰ ਇਨ੍ਹਾਂ ਕਲਾਸਾਂ ਲਈ ਅਪਲਾਈ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਅੰਡਰ ਗ੍ਰੇਜੂਏਟ ਉਮੀਦਵਾਰ ਜੇਕਰ ਕਿਸੇ ਕੇਂਦਰੀ/ਸੂਬੇ ਦੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਯੋਗ ਹਨ ਤਾਂ ਹੀ ਕਲਾਸਾਂ ਲਈ ਖੁਦ ਨੂੰ ਰਜਿਸਟਰ ਕਰ ਸਕਦੇ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਇਸਦੀ ਮਿਆਦ ਘੱਟੋਂ-ਘੱਟ ਚਾਰ ਮਹੀਨੇ ਦੀ ਹੋਵੇਗੀ ਅਤੇ ਕੋਚਿੰਗ ਹਫਤੇ ਦੇ ਛੇ ਦਿਨ ਡੇਢ ਘੰਟੇ ਦੇ ਦੋ ਸ਼ੈਸਨਾਂ ਵਿਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਉਮੀਦਵਾਰਾਂ ਦੇ ਸੰਕੇ ਦੂਰ ਕਰਨ ਅਤੇ ਮਾਹਿਰਾਂ ਤੋਂ ਅਗਵਾਈ ਲਈ ਹਫਤਾਵਾਰੀ ਲਾਈਵ ਸ਼ੈਸਨ ਵੀ ਹੋਵੇਗਾ।