ਪੰਜਾਬ ਦੀ ਸਮੁੱਚੀ ਖੁਸ਼ਹਾਲੀ ਲਈ ਉਦਯੋਗਿਕ ਵਿਕਾਸ ਅਹਿਮ, ਗੁਰਕੀਰਤ ਸਿੰਘ ਵੱਲੋਂ ਕਾਰੋਬਾਰੀਆਂ ਨੂੰ ਸੂੂਬੇ ਦੀ ਅਥਾਹ ਸਮਰੱਥਾ ਦਾ ਲਾਹਾ ਲੈਣ ਦੀ ਅਪੀਲ
ਨਿਊਜ਼ ਪੰਜਾਬ
ਚੰਡੀਗੜ, 11 ਅਕਤੂਬਰ:
ਸੂਬੇ ਦੀ ਨਿਵੇਸ਼ ਦੇ ਖੇਤਰ ਵਿੱਚ ਅਥਾਹ ਸੰਭਾਵਨਾ ਦਾ ਜ਼ਿਕਰ ਕਰਦਿਆਂ ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਗੁਰਕੀਰਤ ਸਿੰਘ ਨੇ ਅੱਜ ਨਿਵੇਸ਼ਕਾਂ ਨੂੰ ਸੂਬੇ ਵਿੱਚ ਨਿਵੇਸ਼ ਕਰਨ ਅਤੇ ਐਗਰੋ-ਪ੍ਰੋਸੈਸਿੰਗ, ਫਾਰਮਾਸਿਊਟੀਕਲ, ਲੋਹਾ ਅਤੇ ਸਟੀਲ, ਸਿਹਤ, ਸਿੱਖਿਆ ਅਤੇ ਨਿਰਮਾਣ ਵਰਗੇ ਖੇਤਰਾਂ ਵਿੱਚ ਮੌਜੂਦਾ ਮੌਕਿਆਂ ਦਾ ਲਾਭ ਲੈਣ ਦੀ ਅਪੀਲ ਕੀਤੀ।
ਗੁਰਕੀਰਤ ਸਿੰਘ ਨੇ 26 ਅਤੇ 27 ਅਕਤੂਬਰ, 2021 ਨੂੰ ਹੋਣ ਵਾਲੇ ਚੌਥੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਲਈ ਸੱਦਾ ਦਿੰਦਿਆਂ ਕਿਹਾ, “ਪੰਜਾਬ ਸਰਕਾਰ ਵੱਲੋਂ ਚੌਥਾ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਸੂਬੇ ਵਿੱਚ ਕਾਰੋਬਾਰ ਸਥਾਪਤ ਕਰਨ ਅਤੇ ਪ੍ਰਫੁੱਲਤ ਕਰਨ ਲਈ ਵਿਆਪਕ ਮੌਕਿਆਂ ਦੀ ਝਲਕ ਪੇਸ਼ ਕੀਤੀ ਜਵੇਗੀ। ਇਹ ਸੰਮੇਲਨ ਅਸਲ ਵਿੱਚ ਸਮੁੱਚੇ ਭਾਰਤ ਦੇ ਉਦਯੋਗਪਤੀਆਂ ਲਈ ਵਰਚੁਅਲ ਤੌਰ ’ਤੇ ਆਯੋਜਿਤ ਕੀਤਾ ਜਾਵੇਗਾ ਅਤੇ 27 ਅਕਤੂਬਰ ਨੂੰ ਸੂਬੇ ਦੀ ਉਦਯੋਗਿਕ ਰਾਜਧਾਨੀ ਲੁਧਿਆਣਾ ਵਿਖੇ ਇੱਕ ਸਪੈਸ਼ਲ ਸਟੇਟ ਸੈਸ਼ਨ ਵੀ ਹੋਵੇਗਾ।
ਉਦਯੋਗ ਤੇ ਵਣਜ ਮੰਤਰੀ ਆਗਾਮੀ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਇੱਥੇ ਉਦਯੋਗ ਭਵਨ ਵਿਖੇ ਵੱਖ-ਵੱਖ ਬੋਰਡਾਂ ਅਤੇ ਕਾਰਪੋਰੇਸ਼ਨਾਂ ਦੇ ਚੇਅਰਮੈਨਾਂ, ਵਾਈਸ-ਚੇਅਰਮੈਨਾਂ ਅਤੇ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ।
ਉਦਯੋਗ ਮੰਤਰੀ ਗੁਰਕੀਰਤ ਸਿੰਘ ਨੇ ਉਦਯੋਗ ਨੂੰ ਹਰ ਸੂਬੇ ਦੀ ਰੀੜ ਦੀ ਹੱਡੀ ਦੱਸਦਿਆਂ ਕਿਹਾ ਕਿ ਨਿਵੇਸ਼ ਨੂੰ ਆਕਰਸ਼ਿਤ ਕਰਕੇ ਪੰਜਾਬ ਵਿੱਚ ਉਦਯੋਗ ਨੂੰ ਮਜ਼ਬੂਤ ਕਰਨ ਲਈ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਠੋਸ ਯਤਨ ਕੀਤੇ ਗਏ ਹਨ।
ਉਨਾਂ ਕਿਹਾ, “ਹੁਣ ਮੈਨੂੰ ਉਦਯੋਗ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਅਤੇ ਮੈਂ ਰਾਜ ਵਿੱਚ ਵੱਧ ਤੋਂ ਵੱਧ ਉਦਯੋਗ ਲਿਆਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਾਂਗਾ, ਜਿਸ ਨਾਲ ਨਾ ਸਿਰਫ਼ ਰੁਜ਼ਗਾਰ ਪੈਦਾ ਕਰਨ ਵਿੱਚ ਸਹਾਇਤਾ ਮਿਲੇਗੀ ਬਲਕਿ ਇਹ ਸੂਬੇ ਦੀ ਅਰਥ ਵਿਵਸਥਾ ਨੂੰ ਵੀ ਹੁਲਾਰਾ ਦੇਵੇਗਾ।”
ਮੰਤਰੀ ਨੇ ਕਿਹਾ ਕਿ ਉਹ ਰਾਜ ਦੇ ਉਦਯੋਗਾਂ ਨੂੰ ਵਿਸ਼ੇਸ਼ ਪੈਕੇਜ ਅਤੇ ਪ੍ਰੋਤਸਾਹਨ ਮੁਹੱਈਆ ਕਰਵਾਉਣ ਲਈ ਕੇਂਦਰ ਸਰਕਾਰ ਨੂੰ ਬੇਨਤੀ ਵੀ ਕਰਨਗੇ।
ਉਨਾਂ ਨੇ ਰਾਜ ਵਿੱਚ ਉਦਯੋਗਾਂ ਨੂੰ ਸਥਾਪਤ ਕਰਨ ਲਈ ਅਧਿਕਾਰੀਆਂ ਨੂੰ ਇੱਕ ਲੈਂਡ ਬੈਂਕ ਸਥਾਪਤ ਕਰਨ ਦੇ ਸੰਭਾਵਤ ਵਿਕਲਪਾਂ ਦੀ ਪਛਾਣ ਕਰਨ ਲਈ ਵੀ ਕਿਹਾ ਤਾਂ ਜੋ ਰਾਜ ਵਿੱਚ ਆਪਣੇ ਉੱਦਮ ਸਥਾਪਤ ਕਰਨ ਵਿੱਚ ਦਿਲਚਸਪੀ ਰੱਖਣ ਵਾਲੇ ਨਿਵੇਸ਼ਕਾਂ ਨੂੰ ਕਿਸੇ ਢੁਕਵੀਂ ਜਗਾ ’ਤੇ ਜ਼ਮੀਨ ਪ੍ਰਾਪਤ ਕਰਨ ਵਿੱਚ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਦੌਰਾਨ ਉਦਯੋਗ ਮੰਤਰੀ ਨੇ ਪੰਜਾਬ ਰਾਜ ਉਦਯੋਗਿਕ ਵਿਕਾਸ ਨਿਗਮ (ਪੀਐਸਆਈਡੀਸੀ) ਦੇ ਦਫਤਰ ਦਾ ਦੌਰਾ ਵੀ ਕੀਤਾ ਅਤੇ ਚੇਅਰਮੈਨ ਕਿ੍ਰਸ਼ਨ ਕੁਮਾਰ ਬਾਵਾ ਨੂੰ ਪੀਐਸਆਈਡੀਸੀ, ਜੋ ਕਿ ਉਦਯੋਗਾਂ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ, ਨੂੰ ਹੋਰ ਮਜ਼ਬੂਤ ਕਰਨ ਦਾ ਭਰੋਸਾ ਦਿੱਤਾ।
ਇਸ ਮੌਕੇ ਪੀਐਸਆਈਈਸੀ ਦੇ ਚੇਅਰਮੈਨ ਗੁਰਪ੍ਰੀਤ ਬਸੀ, ਪੀਐਸਆਈਡੀਸੀ ਦੇ ਚੇਅਰਮੈਨ ਕਿ੍ਰਸ਼ਨ ਕੁਮਾਰ ਬਾਵਾ, ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ, ਪੰਜਾਬ ਇੰਫੋਟੈਕ ਕਾਰਪੋਰੇਸ਼ਨ ਦੇ ਚੇਅਰਮੈਨ ਐਸਐਮਐਸ ਸੰਧੂ, ਪੰਜਾਬ ਦਰਮਿਆਨੇ ਉਦਯੋਗਿਕ ਵਿਕਾਸ ਬੋਰਡ ਦੇ ਚੇਅਰਮੈਨ ਅਮਰਜੀਤ ਸਿੰਘ ਟਿੱਕਾ ਅਤੇ ਉਪ ਚੇਅਰਮੈਨ ਸੁਰੇਸ਼ ਗੋਗੀਆ, ਉਪ ਚੇਅਰਮੈਨ ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਮੇਜਰ ਸਿੰਘ ਭੈਣੀ, ਡਾਇਰੈਕਟਰ ਇਨਫੋਟੈਕ ਮਨਜੀਤ ਸਿੰਘ ਸਰੋਆ, ਅਮਰਾਓ ਸਿੰਘ ਅਤੇ ਹਰਦੀਪ ਸਿੰਘ ਗਰੇਵਾਲ ਸਮੇਤ ਹੋਰ ਉੱਘੀਆਂ ਸਖ਼ਸ਼ੀਅਤਾਂ ਹਾਜ਼ਰ ਸਨ।