ਲੁਧਿਆਣਾ ‘ਚ 80 ਫੀਸਦ ਲੋਕਾਂ ਨੂੰ ਕੋਰੋਨਾ ਵੈਕਸੀਨ ਦੀ ਲੱਗੀ ਪਹਿਲੀ ਖੁਰਾਕ, 32 ਫੀਸਦ ਨੂੰ ਦਿੱਤੀਆਂ ਗਈਆਂ ਦੋਵੇਂ ਖੁਰਾਕਾਂ – ਏ.ਡੀ.ਸੀ. ਜਗਰਾਉਂ

ਜਗਰਾਉਂ/ਲੁਧਿਆਣਾ, 04 ਅਕਤੂਬਰ – ਵਧੀਕ ਡਿਪਟੀ ਕਮਿਸ਼ਨਰ ਜਗਰਾਉਂ-ਕਮ-ਨੋਡਲ ਅਫਸਰ ਟੀਕਾਕਰਨ ਡਾ. ਨਯਨ ਜੱਸਲ ਨੇ ਅੱਜ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਦੇ ਕੋਰੋਨਾ ਵੈਕਸੀਨ ਲਈ ਯੋਗ ਵਿਅਕਤੀਆਂ ਵਿੱਚੋਂ 80 ਫੀਸਦ ਨੂੰ ਕਰੋਨਾ ਦੀ ਪਹਿਲੀ ਖੁਰਾਕ ਲੱਗ ਚੁੱਕੀ ਹੈ ਅਤੇ 32 ਫੀਸਦ ਨੂੰ ਦੋਵੇਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।

ਸਥਾਨਕ ਮਾਰਕੀਟ ਕਮੇਟੀ ਵਿਖੇ ਕੋਵਿਡ-19 ਟੀਕਾਕਰਣ ਕੈਂਪ ਦਾ ਉਦਘਾਟਨ ਕਰਦਿਆਂ ਨੋਡਲ ਅਫਸਰ ਟੀਕਾਕਰਨ ਨੇ ਦੱਸਿਆ ਕਿ 02 ਅਕਤੂਬਰ ਤੱਕ ਲੁਧਿਆਣਾ ਵਿੱਚ ਵੈਕਸੀਨੇਸ਼ਨ ਲਈ ਯੋਗ ਵਿਅਕਤੀਆਂ ਦਾ ਕੁੱਲ ਆਂਕੜਾ 2632727 ਹੈ ਜਿਨ੍ਹਾਂ ਵਿੱਚੋਂ 2097002 ਵਿਅਕਤੀਆਂ ਨੂੰ ਪਹਿਲੀ ਖੁਰਾਕ ਦਿੱਤੀ ਗਈ ਹੈ, ਜਦੋਂ ਕਿ ਜ਼ਿਲ੍ਹਾ ਲੁਧਿਆਣਾ ਵਿੱਚ 844306 ਵਿਅਕਤੀਆਂ ਦਾ ਟੀਕਾਕਰਨ (ਦੋਵੇਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ) ਮੁਕੰਮਲ ਹੋ ਗਿਆ ਹੈ।

ਉਨ੍ਹਾਂ ਕਿਹਾ ਕਿ ਇਹ ਵੈਕਸੀਨ ਵਸਨੀਕਾਂ ਨੂੰ ਘਾਤਕ ਵਾਇਰਸ ਤੋਂ ਸੁਰੱਖਿਆ ਪ੍ਰਦਾਨ ਕਰੇਗੀ, ਇੱਥੋਂ ਤੱਕ ਕਿ ਜੇਕਰ ਕਿਸੇ ਵਿਅਕਤੀ ਨੂੰ ਆਪਣੇ ਕੰਮ-ਕਾਜ ਦੌਰਾਨ ਵਾਇਰਸ ਦੀ ਲਾਗ ਲੱਗ ਵੀ ਜਾਂਦੀ ਹੈ ਤਾਂ ਇਹ ਜਾਨਲੇਵਾ ਨਹੀਂ ਹੋਵੇਗਾ ਅਤੇ ਹਸਪਤਾਲ ਜਾਣ ਦੀ ਵੀ ਨੌਬਤ ਨਹੀਂ ਆਵੇਗੀ।

ਉਨ੍ਹਾਂ ਅੱਗੇ ਕਿਹਾ ਕਿ ਇਹ ਜੀਵਨ ਬਚਾਉਣ ਵਾਲੀ ਵੈਕਸੀਨ ਇੱਕ ਹੈਲਮੇਟ ਵਾਂਗ ਹੈ ਜੋ ਬਾਈਕ ਸਵਾਰ ਨੂੰ ਕਿਸੇ ਵੀ ਸਿਰ ਦੀ ਸੱਟ ਤੋਂ ਬਚਾਉਂਦੀ ਹੈ, ਸੜ੍ਹਕ ਦੁਰਘਟਨਾਵਾਂ ਵਿੱਚ ਮੌਤਾਂ ਦਾ ਇੱਕ ਵੱਡਾ ਕਾਰਨ ਮੰਨਿਆ ਗਿਆ ਹੈ, ਇਸੇ ਤਰ੍ਹਾਂ ਇਹ ਟੀਕਾ ਮਰੀਜ਼ ਨੂੰ ਗੰਭੀਰ ਸਥਿਤੀ ਤੋਂ ਬਚਾਏਗਾ।