78 ਵਿਧਾਇਕਾਂ ਦੇ ਹਾਈ ਕਮਾਂਡ ਨੂੰ ਲਿਖਣ ਤੋਂ ਬਾਅਦ ਸੀ ਐਮ ਬਦਲਿਆ – ਰਣਦੀਪ ਸੂਰਜੇਵਾਲਾ

ਨਵੀਂ ਦਿੱਲੀ –

ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਪਿੱਛੋਂ ਹੁਣ ਕਾਂਗਰਸ ਦੇ ਵੱਡੇ ਆਗੂਆਂ ਵੱਲੋਂ ਉਨ੍ਹਾਂ ‘ਤੇ ਹਮਲਾ ਕੀਤਾ ਜਾ ਰਿਹਾ ਹੈ। ਅੱਜ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ ਨੇ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਵਿੰਨ੍ਹਿਆ।
ਸੁਰਜੇਵਾਲਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਵਿਧਾਇਕਾਂ ਦੇ ਕਹਿਣ ‘ਤੇ ਬਦਲਿਆ ਗਿਆ ਸੀ।

ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੇ ਪੰਜਾਬ ਸੀਐੱਮ ਬਦਲਣ ਦਾ ਫੈਸਲਾ ਆਪਣੇ ਪੱਧਰ ‘ਤੇ ਨਹੀਂ ਲਿਆ, ਪੰਜਾਬ ਦੇ 78 ਵਿਧਾਇਕਾਂ ਨੇ ਮੁੱਖ ਮੰਤਰੀ ਨੂੰ ਬਦਲਣ ਲਈ ਲਿਖ ਕੇ ਦਿੱਤਾ ਗਿਆ ਸੀ। ਜੇਕਰ ਮੁੱਖ ਮੰਤਰੀ ਨਾ ਬਦਲਦੇ ਤਾਂ ਹਾਈਕਮਾਨ ਨੂੰ ਤਾਨਾਸ਼ਾਹ ਕਿਹਾ ਜਾਣਾ ਸੀ। ਇੱਕ ਪਾਸੇ 78 ਵਿਧਾਇਕ ਅਤੇ ਇੱਕ ਪਾਸੇ ਸਿਰਫ ਮੁੱਖ ਮੰਤਰੀ।

ਸੁਰਜੇਵਾਲਾ ਨੇ ਕਿਹਾ ਕਿ ਕਾਂਗਰਸ ਨੇ ਅਨੁਸੂਚਿਤ ਜਾਤੀ ਦੇ ਪੁੱਤਰ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਪੰਜਾਬ ਵਿਚ ਇੱਕ ਮਿਸਾਲ ਕਾਇਮ ਕੀਤੀ ਹੈ। ਭਾਜਪਾ 15 ਰਾਜਾਂ ਵਿਚ ਸੱਤਾ ਵਿੱਚ ਹੈ, ਉਸ ਨੇ ਇੱਕ ਵੀ ਅਨੁਸੂਚਿਤ ਜਾਤੀ ਦੇ ਵਿਅਕਤੀ ਨੂੰ ਮੁੱਖ ਮੰਤਰੀ ਬਣਾਇਆ?ਨਹੀਂ, ਜਦੋਂ ਕਾਂਗਰਸ ਨੇ ਇੱਕ ਮਿਸਾਲ ਕਾਇਮ ਕੀਤੀ ਹੈ ਤਾਂ ਭਾਜਪਾ ਨੂੰ ਮੁਸ਼ਕਲ ਕਿਉਂ ਆ ਰਹੀ ਹੈ? ਜਦੋਂ ਭਾਜਪਾ ਨੇ ਤਿੰਨ ਰਾਜਾਂ ਵਿਚ 5 ਮੁੱਖ ਮੰਤਰੀ ਬਦਲੇ ਤਾਂ ਕਿਸੇ ਨੇ ਵੀ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੂੰ ਨਹੀਂ ਪੁੱਛਿਆ ਕਿ ਇਹ ਬਦਲਾਅ ਕਿਉਂ? ਇਥੋਂ ਤਕ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸੀਨੀਅਰ ਬੀਐਸ ਯੇਦੀਯੁਰੱਪਾ ਨੂੰ ਵੀ ਨਹੀਂ ਬਖਸ਼ਿਆ।