ਲੁਧਿਆਣਾ ਪੁਲਿਸ ਵੱਲੋਂ ਗੁੰਮ/ਖੋਹੇ ਹੋਏ 204 ਮੋਬਾਇਲ ਫੋਨ ਬ੍ਰਾਮਦ ਕਰਕੇ ਮਾਲਕਾਂ ਨੂੰ ਕੀਤੇ ਸਪੁਰਦ

ਨਿਊਜ਼ ਪੰਜਾਬ 

ਲੁਧਿਆਣਾ, 29 ਸਤੰਬਰ  – ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋਂ ਗੁੰਮ ਹੋਏ ਅਤੇ ਵੱਖ-ਵੱਖ ਵਾਰਦਾਤਾਂ ‘ਚ ਖੋਹੇ ਗਏ 204 ਫੋਨ, ਬ੍ਰਾਮਦ ਕਰਕੇ ਸਥਾਨਕ ਪੁਲਿਸ ਲਾਈਨਜ਼ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਦੇ ਮਾਲਕਾਂ ਨੂੰ ਸਪੁਰਦ ਕੀਤੇ ਗਏ।
ਜ਼ਿਕਰਯੋਗ ਹੈ ਕਿ ਲੁਧਿਆਣਾ ਸ਼ਹਿਰ ਵਿੱਚ ਵੱਡੇ ਉਦਯੋਗਾਂ ਦੇ ਹੋਣ ਕਾਰਨ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚੋਂ ਲੋਕ ਆਪਣੀ ਮਿਹਨਤ ਮਜਦੂਰੀ ਕਰਨ ਲਈ ਆਉਂਦੇ ਹਨ ਅਤੇ ਆਪਣੀ ਜਰੂਰਤ ਮੁਤਾਬਿਕ ਮਿਹਨਤ ਅਤੇ ਜਜਬੇ ਨਾਲ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹਨ ਉੱਥੇ ਹੀ ਦੇਸ਼ ਦੀ ਤਰੱਕੀ ਵਿੱਚ ਵੀ ਵੱਡਾ ਯੋਗਦਾਨ ਪਾਉਂਦੇ ਹਨ। ਪਰ ਪਿਛਲੇ ਕੁਝ ਸਮੇਂ ਤੋਂ ਇਹ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਇਹਨਾਂ ਮਜਦੂਰਾਂ ਪਾਸੋਂ ਕਈ ਸ਼ਰਾਰਤੀ ਅਨਸਰ ਉਹਨਾਂ ਦੇ ਮੋਬਾਇਲ ਫੋਨ ਖੋਹ ਕੇ ਲੈ ਜਾਂਦੇ ਹਨ ਜਿਸ ਨਾਲ ਉਹਨਾਂ ਨੂੰ ਵਿੱਤੀ ਨੁਕਸਾਨ ਤੋਂ ਇਲਾਵਾ ਮਾਨਸਿਕ ਪੀੜਾ ਵੀ ਸਹਿਣ ਕਰਨੀ ਪੈਂਦੀ ਹੈ।
ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਕਮਿਸ਼ਨਰ ਪੁਲਿਸ ਲੁਧਿਆਣਾ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਸ਼੍ਰੀ ਸਿਮਰਤਪਾਲ ਸਿੰਘ ਢੀਂਡਸਾ ਡਿਪਟੀ ਕਮਿਸ਼ਨਰ ਪੁਲਿਸ ਲਾਅ ਐਂਡ ਆਰਡਰ ਅਤੇ ਆਪ੍ਰੇੇਸ਼ਨ ਲੁਧਿਆਣਾ, ਸ਼੍ਰੀਮਤੀ ਪ੍ਰੱਗਿਆ ਜੈਨ ਵਧੀਕ ਡਿਪਟੀ ਕਮਿਸ਼ਨਰ ਪੁਲਿਸ-1 ਲੁਧਿਆਣਾ, ਸ਼੍ਰੀਮਤੀ ਰੁਪਿੰਦਰ ਕੌਰ ਭੱਟੀ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਇਨਵੈਸਟੀਗੇਸ਼ਨ ਲੁਧਿਆਣਾ, ਸਹਾਇਕ ਕਮਿਸ਼ਨਰ ਪੁਲਿਸ ਕਰਾਈਮ-1 ਲੁਧਿਆਣਾ, ਇੰਚਾਰਜ ਕ੍ਰਾਈਮ ਬ੍ਰਾਂਚ-1 (ਸੀ.ਆਈ.ਏ-1) ਦੀ ਯੋਗ ਅਗਵਾਈ ਵਿੱਚ ਇੰਚਾਰਜ ਟੈਕਨੀਕਲ ਸੁਪੋਰਟ ਯੂਨਿਟ ਲੁਧਿਆਣਾ ਵੱਲੋਂ ਲੁਧਿਆਣਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਪਬਲਿਕ ਦੇ ਗੁੰਮ ਹੋਏ ਮੋਬਾਇਲ ਫੋਨਾਂ ਨੂੰ ਤੁਰੰਤ ਇਤਲਾਹ ਮਿਲਣ ‘ਤੇ ਟਰੇਸ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਅਤੇ ਜਿਸ ਦੇ ਸਾਰਥਕ ਨਤੀਜੇ ਸਾਹਮਣੇ ਆਏ ਅਤੇ ਇਹਨਾਂ ਮਜਦੂਰਾਂ ਦੇ ਗੁੰਮ/ਖੋਹੇ ਹੋਏ 204 ਮੋਬਾਇਲ ਫੋਨ ਵੱਖ-ਵੱਖ ਮਾਰਕਾ ਟਰੇਸ ਕਰਕੇ ਬ੍ਰਾਮਦ ਕੀਤੇ ਗਏ ਹਨ। ਇਹ ਟਰੇਸ ਕੀਤੇ ਮੋਬਾਇਲ ਫੋਨ ਮਹਿੰਗੇ ਅਤੇ ਸਮਾਰਟਫੋਨ ਹੀ ਹਨ ਅਤੇ ਜ਼ਿਆਦਾਤਰ ਪ੍ਰਵਾਸੀ ਮਜਦੂਰਾਂ ਦੇ ਹੀ ਹਨ।
ਪਬਲਿਕ ਦੇ ਹਿੱਤਾਂ ਦੀ ਰਾਖੀ ਕਰਦਿਆਂ ਹੋਇਆਂ ਪੁਲਿਸ ਦੇ ਯਤਨਾਂ ਸਦਕਾ ਇਨ੍ਹਾਂ ਬ੍ਰਾਮਦ ਕੀਤੇ ਮੋਬਾਇਲ ਫੋਨਾਂ ਨੂੰ ਅੱਜ ਕਾਨਫਰੈਂਸ ਹਾਲ ਪੁਲਿਸ ਲਾਈਨ ਲੁਧਿਆਣਾ ਵਿਖੇ ਮਾਨਯੋਗ ਪੁਲਿਸ ਕਮਿਸ਼ਨਰ ਲੁਧਿਆਣਾ ਦੀ ਰਹਿਨੁਮਾਈ ਹੇਠ ਵਾਰਸਾਂ ਦੇ ਸਪੁਰਦ ਕੀਤੇ ਗਏ।
ਪੁਲਿਸ ਕਮਿਸ਼ਨਰੇਟ ਲੁਧਿਆਣਾ ਵੱਲੋ ਪਬਲਿਕ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜਦੋਂ ਕਿਸੇ ਵੀ ਵਿਅਕਤੀ ਦਾ ਮੋਬਾਇਲ ਫੋਨ ਗੁੰਮ ਹੁੰਦਾ ਹੈ ਤਾਂ ਉਸਦੀ ਇਤਲਾਹ ਆਪਣੇ ਨੇੜੇ ਦੇ ਪੁਲਿਸ ਸਟੇਸ਼ਨ/ਸਾਂਝ ਕੇਂਦਰ ਜਰੂਰ ਦਿੱਤੀ ਜਾਵੇ ਤਾਂ ਜੋ ਸ਼ਰਾਰਤੀ ਅਨਸਰ ਇਹਨਾਂ ਮੋਬਾਇਲ ਫੋਨਾਂ ਦਾ ਗਲਤ ਇਸਤੇਮਾਲ ਨਾ ਕਰ ਸਕਣ।