ਕੈਨੇਡਾ ਚੋਣਾਂ – ਸਿੰਘ ਬਣਿਆ ਕਿੰਗ – ਤੀਜੀ ਵਾਰ ਕੈਨੇਡਾ ਦੇ ਪ੍ਰਧਾਨ ਮੰਤਰੀ ਬਣਨਗੇ ਜਸਟਿਨ ਟਰੂਡੋ – ਪੜ੍ਹੋ ਕੈਨੇਡਾ ਦੇ ਚੋਣ ਨਤੀਜੇ
ਜਸਟਿਨ ਟਰੂਡੋ ਲਗਾਤਾਰ ਤੀਜੀ ਵਾਰ ਕੈਨੇਡਾ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ ਪਰ ਬਹੁਮਤ ਸਰਕਾਰ ਬਣਾਉਣ ਦਾ ਉਨ੍ਹਾਂ ਦਾ ਸੁਪਨਾ ਪੂਰਾ ਨਹੀਂ ਹੋ ਸਕਿਆ।
` ਸਿੰਘ ਬਣੇਗਾ ਕਿੰਗ ´- ਸਰਕਾਰ ਚਲਾਉਣ ਲਈ 2019 ਦੀ ਤਰਜ਼ ’ਤੇ ਇਸ ਵਾਰ ਵੀ ਉਨ੍ਹਾਂ ਨੂੰ ਜਗਮੀਤ ਸਿੰਘ ਦੀ ਅਗਵਾਈ ਵਾਲੀ ਐਨ.ਡੀ.ਪੀ. ਦੇ ਸਹਾਰੇ ਦੀ ਜ਼ਰੂਰਤ ਪਵੇਗੀ ।
ਫਸਵੇਂ ਮੁਕਾਬਲੇ ਦੌਰਾਨ ਲਿਬਰਲ ਪਾਰਟੀ 158 ਸੀਟਾਂ ਹੀ ਜਿੱਤ ਸਕੀ ਜਦਕਿ ਪੂਰਨ ਬਹੁਮਤ ਵਾਸਤੇ 170 ਸੀਟਾਂ ਦੀ ਲੋੜ ਸੀ ।
ਕੈਨੇਡਾ ਦੀਆਂ ਮੱਧਕਾਲੀ ਚੋਣਾਂ ਦੌਰਾਨ 16 ਪੰਜਾਬੀਆਂ ਸਣੇ ਭਾਰਤੀ ਮੂਲ ਦੇ 17 ਉਮੀਦਵਾਰਾਂ ਨੇ ਜਿੱਤ ਦੇ ਝੰਡੇ ਲਹਿਰਾਏ ਹਨ ਅਤੇ ਖ਼ਾਸ ਗੱਲ ਇਹ ਰਹੀ ਕਿ ਟਰੂਡੋ ਦੀ ਕੈਬਨਿਟ ਵਿਚ ਸ਼ਾਮਲ ਸਾਰੇ ਪੰਜਾਬੀ ਮੰਤਰੀ ਜੇਤੂ ਰਹੇ ਹਨ।
ਐਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਨੇ ਲੇ ਬਰਨਬੀ ਸਾਊਥ ਹਲਕੇ ਵਿਚ 15 ਹਜ਼ਾਰ ਤੋਂ ਵੱਧ ਵੋਟਾਂ ਹਾਸਲ ਕਰਕੇ ਜਿੱਤ ਹਾਸਲ ਕੀਤੀ ਹੈ।
ਕੰਜ਼ਰਵੇਟਿਵ ਪਾਰਟੀ ਨੂੰ 119 ਸੀਟਾਂ ਮਿਲੀਆਂ ਹਨ ਜਦਕਿ ਬਲਾਕ ਕਿਊਬੈਕ 34 ਅਤੇ ਐਨ.ਡੀ.ਪੀ. 25 ਸੀਟਾਂ ’ਤੇ ਜੇਤੂ ਰਹੀ। ਕੈਨੇਡਾ ਦੀਆਂ ਆਮ ਚੋਣਾਂ ਦੌਰਾਨ ਇਸ ਵਾਰ 16 ਪੰਜਾਬੀਆਂ ਸਣੇ ਭਾਰਤੀ ਮੂਲ ਦੇ 17 ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ।
ਮੌਂਟਰੀਅਲ ਵਿਖੇ ਆਪਣੇ ਸਮਰਥਕਾਂ ਨਾਲ ਜਿੱਤ ਦੀ ਖ਼ੁਸ਼ੀ ਮਨਾਉਣ ਪੁੱਜੇ ਜਸਟਿਨ ਟਰੂਡੋ ਨੇ ਕੈਨੇਡਾ ਵਾਸੀਆਂ ਨੂੰ ਸੰਬੋਧਤ ਹੁੰਦਿਆਂ ਕਿਹਾ, ‘‘ਤੁਸੀਂ ਲਿਬਰਲ ਪਾਰਟੀ ਨੂੰ ਸੇਵਾ ਦਾ ਇਕ ਹੋਰ ਮੌਕਾ ਦੇ ਕੇ ਮਹਾਂਮਾਰੀ ਵਿਚੋਂ ਬਾਹਰ ਆਉਣ ਅਤੇ ਖ਼ੁਸ਼ਹਾਲੀ ਵੱਲ ਵਧਣ ਦਾ ਫ਼ਤਵਾ ਦਿਤਾ ਹੈ। ਇਹ ਜ਼ਿੰਮੇਵਾਰੀ ਅਸੀਂ ਤਨਦੇਹੀ ਨਾਲ ਨਿਭਾਉਣ ਵਾਸਤੇ ਤਿਆਰ ਬਰ ਤਿਆਰ ਹਾਂ।’’