ਗੁਲਜ਼ਾਰ ਗਰੁੱਪ ‘ਚ 7ਵੇਂ ਰੋਜ਼ਗਾਰ ਮੇਲੇ ਦਾ ਆਯੋਜਨ, ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਕੀਤਾ ਉਦਘਾਟਨ
ਨਿਊਜ਼ ਪੰਜਾਬ
ਖੰਨਾ/ਲੁਧਿਆਣਾ, 13 ਸਤੰਬਰ – ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਵਿਚ ਪੰਜਾਬ ਸਰਕਾਰ ਵੱਲੋਂ ਘਰ ਘਰ ਰੋਜ਼ਗਾਰ ਯੋਜਨਾ ਤਹਿਤ 7ਵੇਂ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵਿਧਾਇਕ ਸ. ਗੁਰਕੀਰਤ ਸਿੰਘ ਕੋਟਲੀ ਨੇ ਇਸ ਰੁਜ਼ਗਾਰ ਮੇਲੇ ਦਾ ਉਦਘਾਟਨ ਕੀਤਾ। ਇਸ ਦੌਰਾਨ ਖੰਨਾ ਅਤੇ ਆਸ ਪਾਸ ਦੇ ਖੇਤਰਾਂ ਦੇ ਨੌਜਵਾਨ ਵੀ ਇਸ ਰੋਜ਼ਗਾਰ ਮੇਲੇ ਵਿਚ ਨੌਕਰੀ ਹਾਸਿਲ ਕਰਨ ਲਈ ਉਤਸ਼ਾਹਿਤ ਨਜ਼ਰ ਆਏ। ਇਸ ਦੌਰਾਨ 37 ਕੰਪਨੀਆਂ ਨੇ ਸ਼ਿਰਕਤ ਕਰਦੇ ਹੋਏ 1409 ਉਮੀਦਵਾਰਾਂ ਦੀ ਚੋਣ ਕੀਤੀ।
ਇਸ ਮੇਲੇ ਵਿਚ ਹਿੱਸਾ ਲੈਣ ਵਾਲੀਆਂ ਕੰਪਨੀਆਂ ਵਿਚ ਐੱਸ.ਬੀ.ਆਈ., ਐਲ.ਆਈ.ਸੀ., ਐਕਸਿਜ ਬੈਂਕ, ਕੋਕਾ ਕੋਲਾ, ਐੱਚ.ਡੀ.ਐੱਫ.ਸੀ. ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ, ਨਿਊ ਐਰਾ ਮਸ਼ੀਨਜ਼, ਐਂਡਲੀਸਿਸ ਟੋਕੀਓ ਲਾਈਫ਼, ਇਨੋਂਵ, ਵਾਸਟ ਲਿੰਕਰਜ਼, ਕੈਪੀਟਲ ਟਰੱਸਟ, ਸਟਾਰ ਹੈਲਥ ਇੰਸ਼ੋਰੈਸ਼, ਏਅਰਟੈੱਲ, ਜਸਟ ਡਾਇਲ, ਸਪੋਰਟਕਿੰਗ, ਫਲਿਪਕਾਰਟ ਸਮੇਤ ਹੋਰ ਕਈ ਅੰਤਰਰਾਸ਼ਟਰੀ ਪੱਧਰ ਦੀਆਂ ਕੰਪਨੀਆਂ ਨੇ ਹਿੱਸਾ ਲਿਆ।
ਇਸ ਮੌਕੇ ਵਿਧਾਇਕ ਸ.ਗੁਰਕੀਰਤ ਸਿੰਘ ਕੋਟਲੀ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦੱਸਿਆਂ ਕਿ ਪੰਜਾਬ ਸਰਕਾਰ ਵੱਲੋਂ ਰੋਜ਼ਗਾਰ ਮੇਲਿਆਂ ਵਿਚ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦੇ ਅਭਿਆਨ ਚਲਾਏ ਜਾ ਰਹੇ ਹਨ। ਇਸ ਉਪਰਾਲੇ ਲਈ ਰਾਜ ਸਰਕਾਰ ਵੱਲੋਂ ਕੌਮੀ ਅਤੇ ਕੌਮਾਂਤਰੀ ਪੱਧਰ ਦੀਆਂ ਕੰਪਨੀਆਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਹੁਣ ਤੱਕ ਦੋ ਸੌ ਦੇ ਕਰੀਬ ਅੰਤਰਰਾਸ਼ਟਰੀ ਕੰਪਨੀਆਂ ਪੰਜਾਬ ਸਰਕਾਰ ਦੇ ਰੋਜ਼ਗਾਰ ਮੇਲਿਆਂ ਵਿਚ ਆ ਚੁੱਕੀਆਂ ਹਨ। ਉਨ੍ਹਾਂ ਦੱਸਿਆਂ ਕਿ ਸਾਡਾ ਟੀਚਾ ਜ਼ਿਲ੍ਹੇ ਵਿਚ ਹਰ ਕਾਬਿਲ ਨੌਜਵਾਨ ਨੂੰ ਬਿਹਤਰੀਨ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਾਉਣਾ ਹੈ। ਵਿਧਾਇਕ ਕੋਟਲੀ ਨੇ ਗੁਲਜ਼ਾਰ ਗਰੁੱਪ ਦੇ ਸਿੱਖਿਆਂ ਦੇ ਖੇਤਰ ਵਿਚ ਦਿਤੇ ਜਾ ਰਹੇ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਜਿਸ ਤਰਾਂ ਗੁਲਜ਼ਾਰ ਗਰੁੱਪ ਨੇ ਬਿਹਤਰੀਨ ਸਿੱਖਿਆਂ ਪ੍ਰਦਾਨ ਕਰਨ ਦੇ ਨਾਲ-ਨਾਲ ਬਿਹਤਰੀਨ ਪਲੇਸਮੈਂਟ ਨੂੰ ਕਾਇਮ ਰੱਖਿਆਂ ਹੈ, ਇਹ ਕਾਬਿਲੇ ਤਾਰੀਫ ਉਪਰਾਲਾ ਹੈ।
ਗੁਲਜ਼ਾਰ ਗਰੁੱਪ ਦੇ ਡਾਇਰੈਕਟਰ ਐਗਜ਼ੀਕਿਊਟਿਵ ਸ.ਗੁਰਕੀਰਤ ਸਿੰਘ ਨੇ ਵਿਧਾਇਕ ਕੋਟਲੀ ਦਾ ਧੰਨਵਾਦ ਕਰਦੇ ਹੋਏ ਦੱਸਿਆਂ ਕਿ ਇਨ੍ਹਾਂ ਰੋਜ਼ਗਾਰ ਮੇਲਿਆਂ ਰਾਹੀਂ ਇਸ ਖੇਤਰ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਬਿਹਤਰੀਨ ਮੌਕੇ ਮਿਲ ਰਹੇ ਹਨ। ਗੁਲਜ਼ਾਰ ਗਰੁੱਪ ਮੈਨੇਜਮੈਂਟ ਵੱਲੋਂ ਇਸ ਮੌਕੇ ਵਿਧਾਇਕ ਕੋਟਲੀ ਨੂੰ ਯਾਦਗਾਰੀ ਚਿੰਨ੍ਹ ਵੀ ਭੇਟ ਕੀਤਾ ਗਿਆ।
ਫੋਟੋ ਕੈਪਸ਼ਨ – ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਵਿਚ ਕਰਵਾਏ ਗਏ ਰੁਜ਼ਗਾਰ ਮੇਲੇ ਵਿਚ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਕੰਪਨੀ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਦੇ ਹੋਏ।