ਪੀ.ਵਾਈ.ਡੀ.ਬੀ. ਦੇ ਚੇਅਰਮੈਨ ਵੱਲੋਂ ਨੌਜਵਾਨਾਂ ਨੂੰ 9 ਤੋਂ 17 ਸਤੰਬਰ ਤੱਕ ਸੱਤਵੇਂ ਰਾਜ ਪੱਧਰੀ ਰੋਜ਼ਗਾਰ ਮੇਲਿਆਂ ਦਾ ਲਾਹਾ ਲੈਣ ਦਾ ਸੱਦਾ

ਨਿਊਜ਼ ਪੰਜਾਬ 

ਲੁਧਿਆਣਾ, 07 ਸਤੰਬਰ  – ਜ਼ਿਲ੍ਹਾ ਯੂਥ ਵਿਕਾਸ ਬੋਰਡ (ਪੀ.ਵਾਈ.ਡੀ.ਬੀ.) ਦੇ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਵੱਲੋਂ ਅੱਜ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ 9 ਤੋਂ 17 ਸਤੰਬਰ, 2021 ਤੱਕ ਸੱਤਵੇਂ ਰਾਜ ਪੱਧਰੀ ਰੋਜ਼ਗਾਰ  ਮੇਲਿਆਂ ਦੇ ਕੀਤੇ ਜਾ ਰਹੇ ਆਯੋਜਨ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਨੌਜਵਾਨਾਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਰਾਜ ਸਰਕਾਰ ਦੁਆਰਾ ਇਹ ਵੱਡੇ ਰੋਜ਼ਗਾਰ ਮੇਲੇ ‘ਘਰ-ਘਰ ਰੋਜ਼ਗਾਰ ਸਕੀਮ’ ਤਹਿਤ ਜ਼ਿਲ੍ਹੇ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਰਾਹ ਖੁੱਲ੍ਹਣਗੇ।

ਸਥਾਨਕ ਦਫ਼ਤਰ ਜ਼ਿਲ੍ਹਾ ਰੋਜ਼ਗਾਰ  ਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.) ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ, ਸ੍ਰੀ ਬਿੰਦਰਾ ਜੋ ਕਿ ਹਾਲ ਹੀ ਵਿੱਚ ਡੀ.ਬੀ.ਈ.ਈ. ਦੀ ਗਵਰਨਿੰਗ ਕੌਂਸਲ ਦੇ ਮੈਂਬਰ ਵਜੋਂ ਸ਼ਾਮਲ ਹੋਏ ਹਨ ਨੇ ਕਿਹਾ ਕਿ ਰੋਜ਼ਗਾਰ ਮੇਲੇ ਨੌਜਵਾਨਾਂ ਲਈ ਲਾਹੇਵੰਦ ਰੋ}ਗਾਰ ਪ੍ਰਾਪਤ ਕਰਨ ਦੇ ਨਾਲ ਮਾਣ ਨਾਲ ਜੀਵਨ ਬਤੀਤ ਕਰਨ ਦੇ ਬਹੁਤ ਸਾਰੇ ਰਾਹ ਖੋਲ੍ਹਣਗੇ।

ਉਨ੍ਹਾਂ ਕਿਹਾ ਕਿ ਇਨ੍ਹਾਂ ਚਾਰ ਰੋਜ਼ਗਾਰ ਮੇਲਿਆਂ ਵਿੱਚ 17 ਹਜ਼ਾਰ ਨੌਕਰੀਆਂ ਦੀ ਪੇਸ਼ਕਸ਼ ਕੀਤੀ ਜਾਵੇਗੀ ਅਤੇ ਨੌਜਵਾਨਾਂ ਨੂੰ ਉਨ੍ਹਾਂ ਦੀ ਜ਼ਰੂਰਤ ਅਤੇ ਯੋਗਤਾਵਾਂ ਅਨੁਸਾਰ ਚੁਣਿਆ ਜਾਵੇਗਾ।

ਪੀ.ਵਾਈ.ਡੀ.ਬੀ. ਦੇ ਚੇਅਰਮੈਨ ਨੇ ਅੱਗੇ ਕਿਹਾ ਕਿ ਇਹ ਰੋਜ਼ਗਾਰ ਮੇਲੇ ਇੱਕ ਪਾਸੇ ਜ਼ਿਲ੍ਹੇ ਦੇ ਲੋੜਵੰਦ ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕਰਨ ਅਤੇ ਦੂਜੇ ਪਾਸੇ ਸਥਾਨਕ ਉਦਯੋਗ ਦੀਆਂ ਜ਼ਰੂਰਤਾਂ ਨਾਲ ਨਿਪਟਣ ਲਈ ਹੁਨਰਮੰਦ ਮਨੁੱਖੀ ਸ਼ਕਤੀ ਪ੍ਰਦਾਨ ਕਰਨ ਦੇ ਦੋ ਉਦੇਸ਼ਾਂ ਦੀ ਪੂਰਤੀ ਕਰਨਗੇ।

ਉਨ੍ਹਾਂ ਦੱਸਿਆ ਕਿ 9 ਸਤੰਬਰ ਨੂੰ ਪਹਿਲਾ ਮੇਲਾ ਸਰਕਾਰੀ ਆਈ.ਟੀ.ਆਈ. ਗਿੱਲ ਰੋਡ ‘ਤੇ, ਦੂਜਾ 13 ਸਤੰਬਰ ਨੂੰ ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟ, ਖੰਨਾ ਵਿੱਚ, ਤੀਜਾ 15 ਸਤੰਬਰ ਨੂੰ ਐਸ.ਆਰ.ਐਸ. ਸਰਕਾਰੀ ਪੌਲੀਟੈਕਨਿਕ ਕਾਲਜ ਆਫ਼ ਗਰਲਜ਼ ਅਤੇ ਆਖਰੀ ਮੇਲਾ 17 ਸਤੰਬਰ ਨੂੰ ਸੀ.ਆਈ.ਸੀ.ਯੂ. ਫੋਕਲ ਪੁਆਇੰਟ ਵਿਖੇ ਆਯੋਜਿਤ ਕੀਤਾ ਜਾਵੇਗਾ। ਸ੍ਰੀ ਬਿੰਦਰਾ ਨੇ ਦੱਸਿਆ ਕਿ ਇਨ੍ਹਾਂ ਮੇਲਿਆਂ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ।

ਸ੍ਰੀ ਬਿੰਦਰਾ ਨੇ ਅੱਗੇ ਕਿਹਾ ਕਿ ਪ੍ਰਸ਼ਾਸਨ ਅਤੇ ਡੀ.ਬੀ.ਈ.ਈ. ਦੁਆਰਾ ਇਨ੍ਹਾਂ ਮੇਲਿਆਂ ਦਾ ਢੁੱਕਵਾਂ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਜੋ ਵੱਧ ਤੋਂ ਵੱਧ ਨੌਜਵਾਨ ਇਨ੍ਹਾਂ ਰੋਜ਼ਗਾਰ  ਮੇਲਿਆਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਣ।

ਉਨ੍ਹਾਂ ਕਿਹਾ ਕਿ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਮੁਹੱਈਆ ਕਰਵਾਉਣ ਲਈ 200 ਪ੍ਰਮੁੱਖ ਕੰਪਨੀਆਂ ਅਤੇ ਉਦਯੋਗਿਕ ਘਰਾਣੇ ਇਨ੍ਹਾਂ ਮੇਲਿਆਂ ਵਿੱਚ ਸ਼ਮੂਲੀਅਤ ਕਰਨਗੇ ਅਤੇ ਉਨ੍ਹਾਂ ਕਿਹਾ ਕਿ ਬੇਰੁਜ਼ਗਾਰ ਨੌਜਵਾਨ ਜੋ ਮੈਟ੍ਰਿਕ ਪਾਸ, 12ਵੀਂ, ਆਈ.ਟੀ.ਆਈ., ਡਿਪਲੋਮਾ ਹੋਲਡਰ, ਗ੍ਰੈਜੂਏਟ ਜਾਂ ਪੋਸਟ ਗ੍ਰੈਜੂਏਟ ਹਨ, ਨੂੰ ਇਨ੍ਹਾਂ ਨੌਕਰੀ ਮੇਲਿਆਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ।

ਉਨ੍ਹਾਂ ਨੌਜਵਾਨਾਂ ਨੂੰ ਹੋਰ ਨੌਕਰੀਆਂ ਲਈ ਵੈਵਸਾਈਟ www.pgrkam.com  ‘ਤੇ ਰਜਿਸਟਰਡ ਕਰਨ ਦਾ ਸੱਦਾ ਦਿੱਤਾ।

ਪੀ.ਵਾਈ.ਡੀ.ਬੀ. ਦੇ ਚੇਅਰਮੈਨ ਨੇ ਖੁਲਾਸਾ ਕੀਤਾ ਕਿ ਨਵੰਬਰ 2018 ਤੋਂ ਹੁਣ ਤੱਕ ਜ਼ਿਲ੍ਹਾ ਲੁਧਿਆਣਾ ਵਿੱਚ ਤਕਰੀਬਨ 30266 ਨੌਜਵਾਨ ਡੀ.ਬੀ.ਈ.ਈ. ਰਾਹੀਂ ਰੁਜ਼ਗਾਰ ਪ੍ਰਾਪਤ ਕਰ ਚੁੱਕੇ ਹਨ।

ਇਸ ਮੌਕੇ ਡਿਪਟੀ ਡਾਇਰੈਕਟਰ ਮੀਨਾਕਾਸ਼ੀ ਸ਼ਰਮਾ, ਡਿਪਟੀ ਸੀਈਓ ਨਵਦੀਪ ਸਿੰਘ, ਪਲੇਸਮੈਂਟ ਅਫਸਰ ਘਨਸ਼ਿਆਮ, ਗਾਈਡੈਂਸ ਕਾਉਂਸਲਰ ਨਿਧੀ ਸਿੰਘੀ, ਵਿਕਾਸ ਖੋਸਲਾ ਅਤੇ ਹੋਰ ਹਾਜ਼ਰ ਸਨ।