ਕੈਥ ਲੈਬ ਪਟਿਆਲਾ ਦਾ 14 ਸਤੰਬਰ ਨੂੰ ਉਦਘਾਟਨ ਕਰਨਗੇ ਓਮ ਪ੍ਰਕਾਸ਼ ਸੋਨੀ ਅਤੇ ਪਰਨੀਤ ਕੌਰ
ਨਿਊਜ਼ ਪੰਜਾਬ
ਚੰਡੀਗੜ੍ਹ, 7 ਸਤੰਬਰ:
ਰਾਜਿੰਦਰਾ ਕਾਲਜ ਪਟਿਆਲਾ ਵਿਖੇ ਨਵੀਂ ਤਿਆਰ ਕੀਤੀ ਗਈ ਕੈਥ ਲੈਬ ਦਾ ਉਦਘਾਟਨ 14 ਸਤੰਬਰ, 2021 ਨੂੰ ਪੰਜਾਬ ਦੇ ਡਾਕਟਰੀ ਸਿੱਖਿਆ ਅਤੇ ਖੋਜ ਬਾਰੇ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਅਤੇ ਮੈਂਬਰ ਪਾਰਲੀਮੈਂਟ ਪਟਿਆਲਾ ਸ੍ਰੀਮਤੀ ਪਰਨੀਤ ਕੌਰ ਵੱਲੋਂ ਕੀਤਾ ਜਾਵੇਗਾ। ਇਸ ਲੈਬ ਦੇ ਬਣਨ ਨਾਲ ਪਟਿਆਲਾ ਜ਼ਿਲ੍ਹਾ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਰਾਜਿੰਦਰਾ ਮੈਡੀਕਲ ਕਾਲਜ ਵਿਖੇ ਇਲਾਜ ਕਰਵਾਉਣ ਵਾਲੇ ਲੋਕਾਂ ਨੂੰ ਵੱਡਾ ਲਾਭ ਮਿਲੇਗਾ।
ਇਹ ਲੈਬ ਦਿਲ ਦੇ ਰੋਗਾਂ ਤੋਂ ਪੀੜਤ ਮਰੀਜਾਂ ਨੂੰ ਕਿਫ਼ਾਇਤੀ ਦਰਾਂ ‘ਤੇ ਉੱਚ ਪੱਧਰੀ ਇਲਾਜ ਸਹੂਲਤਾਂ ਮੁਹੱਈਆ ਕਰਵਾਏਗੀ ਜਿਹਨਾਂ ਵਿੱਚ ਐਨਜੀਓਗ੍ਰਾਫੀ, ਸਟੰਟ, ਪਰਮਾਨੈਂਟ ਪੇਸਮੇਕਰ ਅਤੇ ਓਪਨ ਹਾਰਟ ਸਰਜਰੀ ਵਰਗੀਆਂ ਸਹੂਲਤਾਂ ਸ਼ਾਮਲ ਹਨ।
ਸ੍ਰੀ ਸੋਨੀ ਵੱਲੋਂ ਅੱਜ ਇਥੇ ਡਾਕਟਰੀ ਸਿੱਖਿਆ ਵਿਭਾਗ ਅਧੀਨ ਬਣਾਏ ਜਾ ਰਹੇ ਸੂਬੇ ਦੇ ਤਿੰਨ ਨਵੇਂ ਮੈਡੀਕਲ ਕਾਲਜਾਂ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ ਗਿਆ ਅਤੇ ਸਮੂਹ ਅਧਿਕਾਰੀਆਂ ਅਤੇ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਮਿੱਥੇ ਸਮੇਂ ਤੱਕ ਸਾਰੇ ਕਾਰਜ ਮੁਕੰਮਲ ਕਰ ਲਏ ਜਾਣ।
ਉਹਨਾਂ ਕਿਹਾ ਕਿ ਅਕਤੂਬਰ ਮਹੀਨੇ ਵਿੱਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਵਿੱਚ ਬਣਾਏ ਜਾਣ ਵਾਲੇ ਤਿੰਨ ਮੈਡੀਕਲ ਕਾਲਜਾਂ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਡਾਕਟਰੀ ਸਿੱਖਿਆ ਅਤੇ ਖੋਜ ਸ੍ਰੀ ਆਲੋਕ ਸ਼ੇਖਰ, ਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ ਦੇ ਡਾਇਰੈਕਟਰ ਡਾ. ਸੁਜਾਤਾ ਸ਼ਰਮਾ ਤੋਂ ਇਲਾਵਾ ਪੀਡਬਲਿਊਡੀ (ਬੀ ਐਂਡ ਆਰ), ਹੈਲਥ ਐਂਡ ਸੈਨੀਟੇਸ਼ਨ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਅਤੇ ਆਰਕੀਟੈਕਟ ਵਿਭਾਗ ਪੰਜਾਬ ਦੇ ਅਧਿਕਾਰੀ ਹਾਜ਼ਰ ਸਨ।