ਦਿਲ ਦੇ ਦੌਰੇ ਤੋਂ ਕੀਮਤੀ ਜਾਨਾਂ ਬਚਾਉਣ ਲਈ, ਆਈ.ਸੀ.ਐਮ.ਆਰ. ਦਾ ਪ੍ਰੋਜੈਕਟ ਕੱਲ ਤੋਂ ਸੁ਼ਰੂ
ਦਿਲ ‘ਚ ਖੂਨ ਦੇ ਕਲੋਟਜ਼ ਨੂੰ ਖਤਮ ਕਰਨ ਲਈ ਟੈਨੈਕਟੈਪਲੇਜ਼ ਦਵਾਈ 11 ਕੇਂਦਰਾਂ ਵਿੱਚ ਮਰੀਜ਼ਾਂ ਨੂੰ ਮੁਫਤ ਦਿੱਤੀ ਜਾਵੇਗੀ
ਲੁਧਿਆਣਾ, 03 ਸਤੰਬਰ –
ਕੀਮਤੀ ਜਾਨਾਂ ਨੂੰ ਦਿਲ ਦੇ ਦੌਰੇ ਤੋਂ ਬਚਾਉਣ ਦੀ ਇੱਕ ਵੱਡੀ ਪਹਿਲਕਦਮੀ ਤਹਿਤ, ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਐਮ.ਆਰ.) ਦੁਆਰਾ ਸਪੋੰਸਰ ਪ੍ਰਾਜੈਕਟ ਕੱਲ (4 ਸਤੰਬਰ) ਨੂੰ ਜ਼ਿਲ੍ਹੇ ਵਿੱਚ ਸ਼ੁਰੂ ਕੀਤਾ ਜਾਵੇਗਾ ਜਿਸਦੇ ਤਹਿਤ ਦਿਲ ਵਿੱਚ ਖੂਨ ਦੇ ਕਲੋਟਜ਼ ਨੂੰ ਖਤਮ ਕਰਨ ਲਈ ਟੈਨੈਕਟੈਪਲੇਜ਼ ਦਵਾਈ 11 ਕੇਂਦਰਾਂ ਵਿੱਚ ਮਰੀਜ਼ਾਂ ਨੂੰ ਮੁਫਤ ਦਿੱਤੀ ਜਾਵੇਗੀ।
ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਦਿਲ ਦਾ ਦੌਰਾ ਅਜਿਹੀ ਸਥਿਤੀ ਹੈ ਜਦੋਂ ਦਿਲ ਦੀਆਂ ਮਾਸਪੇਸ਼ੀਆਂ ਦੇ ਹਿੱਸੇ ਨੂੰ ਲੋੜੀਂਦੀ ਆਕਸੀਜਨ ਨਹੀਂ ਮਿਲਦੀ ਅਤੇ ਜੇ ਇਸ ਸਥਿਤੀ ਦਾ ਜਲਦ ਤੋਂ ਜਲਦ ਇਲਾਜ ਨਾ ਕੀਤਾ ਜਾਵੇ ਤਾਂ ਇਹ ਮੌਤ ਜਾਂ ਹੋਰ ਘਾਤਕ ਨਤੀਜਿਆਂ ਦਾ ਕਾਰਨ ਬਣ ਸਕਦਾ ਹੈ।
ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਦੇਸ਼ ਦੇ 12 ਜ਼ਿਲ੍ਹਿਆਂ ਵਿੱਚ ਕੱਲ ਤੋਂ ਚਲਾਇਆ ਜਾਵੇਗਾ, ਜਿਨ੍ਹਾਂ ਵਿੱਚੋਂ ਦੋ ਪੰਜਾਬ ਸਮੇਤ ਲੁਧਿਆਣਾ ਹੈ, ਜਿੱਥੇ ਦਿਲ ਦੇ ਦੌਰੇ ਤੋਂ ਪੀੜਤ ਮਰੀਜ਼ਾਂ ਦਾ ਜਲਦ ਤੋਂ ਜਲਦ ਇਲਾਜ ਮੁਹੱਈਆ ਕਰਵਾਉਣ ਲਈ 11 ਸੈਂਟਰਾਂ ਨੂੰ ਸੁਚੱਜੀ ਸਹੂਲਤਾਂ ਨਾਲ ਸਥਾਪਤ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਕੇਂਦਰਾਂ ਵਿੱਚ ਸਿਵਲ ਹਸਪਤਾਲ, ਕ੍ਰਿਸ਼ਨਾ ਹਸਪਤਾਲ, ਪਾਹਵਾ ਹਸਪਤਾਲ, ਆਰ.ਸੀ.ਐਚ. ਪੋਹੀੜ, ਸਰਾਭਾ ਹਸਪਤਾਲ, ਐਸ.ਡੀ.ਐਚ. ਜਗਰਾਉਂ, ਐਸ.ਡੀ.ਐਚ. ਪਾਇਲ, ਐਸ.ਡੀ.ਐਚ. ਸਮਰਾਲਾ, ਲਾਈਫ ਕੇਅਰ ਹਸਪਤਾਲ ਅਤੇ ਐਸ.ਡੀ.ਐਚ. ਮਾਛੀਵਾੜਾ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਹਸਪਤਾਲਾਂ ਦੇ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਨੂੰ ਪਿਛਲੇ ਇੱਕ ਸਾਲ ਤੋਂ ਡੀ.ਐਮ.ਸੀ.ਐਚ. ਵਿਖੇ ਸਿਖਲਾਈ ਦਿੱਤੀ ਜਾ ਰਹੀ ਹੈ।
ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ (ਡੀ.ਐਮ.ਸੀ.ਐਚ.) ਦੇ ਡਾਕਟਰ ਬਿਸ਼ਵ ਮੋਹਨ ਨੇ ਕਿਹਾ ਕਿ ਦਿਲ ਦੀਆਂ ਬਿਮਾਰੀਆਂ, ਖ਼ਾਸਕਰ ਐਸ.ਟੀ. ਐਲੀਵੇਸ਼ਨ ਮਾਇਓਕਾਰਡੀਅਲ ਇਨਫਾਰਕਸ਼ਨ (ਐਸ.ਟੀ.ਈ.ਐਮ.ਆਈ. ਜਾਂ ਦਿਲ ਦਾ ਦੌਰਾ) ਵਿਸ਼ਵਵਿਆਪੀ ਅਤੇ ਭਾਰਤ ਵਿੱਚ ਮੌਤ ਦਾ ਇੱਕ ਪ੍ਰਮੁੱਖ ਕਾਰਨ ਹਨ। ਉਨ੍ਹਾਂ ਕਿਹਾ ਕਿ ਕੀਮਤੀ ਜਾਨਾਂ ਬਚਾਉਣ ਦੇ ਇਸ ਮਕਸਦ ਨਾਲ, ਆਈ.ਸੀ.ਐਮ.ਆਰ. ਨੇ ਦਿਲ ਦੇ ਦੌਰੇ ਦਾ ਸਮੇਂ ਸਿਰ ਪ੍ਰਬੰਧਨ ਅਤੇ ਪੇਂਡੂ ਖੇਤਰਾਂ ਲਈ ਵਧੀਆ ਡਾਕਟਰੀ ਸਹੂਲਤਾਂ ਮੁਹੱਈਆ ਕਰਵਾ ਕੇ ਇਸ ਪ੍ਰੋਜੈਕਟ ਨੂੰ ਅੱਗੇ ਲਿਆਂਦਾ ਹੈ।
ਡਾ. ਬਿਸ਼ਵ ਮੋਹਨ ਨੇ ਕਿਹਾ ਕਿ ਇਹ 11 ਕੇਂਦਰ ਹੁਣ ਦਿਲ ਦੇ ਮਰੀਜ਼ਾਂ ਨੂੰ ਸੰਭਾਲਣ ਲਈ ਤਿਆਰ ਹਨ ਅਤੇ ਤਿੰਨ ਘੰਟਿਆਂ ਤੱਕ ਇਨ੍ਹਾਂ ਥਾਵਾਂ ‘ਤੇ ਜਾਂਚ ਅਤੇ ਮੁੱਢਲੇ ਇਲਾਜ ਤੋਂ ਬਾਅਦ, ਮਰੀਜ਼ ਨੂੰ ਅਗਲੇਰੇ ਇਲਾਜ ਲਈ ਉੱਚ ਕੇਂਦਰਾਂ ‘ਤੇ ਭੇਜਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਦਿਲ ਵਿੱਚ ਖੂਨ ਦੇ ਕਲੋਟਜ਼ ਨੂੰ ਖ਼ਤਮ ਕਰਨ ਲਈ ਵਰਤੀ ਜਾਣ ਵਾਲੀ ਨਵੀਨਤਮ ਦਵਾਈ ਟੇਨੈਕਟੇਪਲੇਸ ਆਮ ਤੌਰ ਤੇ ਪ੍ਰਾਇਮਰੀ ਅਤੇ ਸੈਕੰਡਰੀ ਸਿਹਤ ਸੰਭਾਲ ਕੇਂਦਰਾਂ ਤੇ ਉਪਲਬਧ ਨਹੀਂ ਹੁੰਦੀ ਕਿਉਂਕਿ ਇਹ ਕਾਫੀ ਮਹਿੰਗੀ (ਲਗਭਗ 25 ਤੋਂ 30 ਹਜ਼ਾਰ ਰੁਪਏ) ਹੈ ਜੋਕਿ ਇਨ੍ਹਾਂ ਕੇਂਦਰਾਂ ਵਿੱਚ ਮੁਫਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ 70 ਫੀਸਦੀ ਮਾਮਲਿਆਂ ਵਿੱਚ, ਇਹ ਦਵਾਈ ਮਰੀਜ਼ ਵੱਲੋਂ ਦੇਰੀ ਨਾਲ ਪਹੁੰਚਣ ਕਾਰਨ ਨਹੀਂ ਦਿੱਤੀ ਜਾਂਦੀ ਅਤੇ ਇਸ ਪਾੜੇ ਨੂੰ ਘਟਾਉਣ ਲਈ, ਇਨ੍ਹਾਂ ਕੇਂਦਰਾਂ ਦੁਆਰਾ ਆਪਣੇ-ਆਪਣੇ ਖੇਤਰ ਵਿੱਚ ਲੱਛਣਾਂ ਬਾਰੇ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ।
ਇਸ ਤੋਂ ਇਲਾਵਾ, ਡੀ.ਐਮ.ਸੀ.ਐਚ. ਲੁਧਿਆਣਾ, ਕ੍ਰਿਸ਼ਚੀਅਨ ਮੈਡੀਕਲ ਕਾਲਜ ਅਤੇ ਹਸਪਤਾਲ, ਲੁਧਿਆਣਾ ਅਤੇ ਰਾਜਿੰਦਰਾ ਹਸਪਤਾਲ ਪਟਿਆਲਾ ਇਨ੍ਹਾਂ ਨਿਰਧਾਰਤ ਸੈਂਟਰਾਂ ਦੇ ਹੋਰ ਪ੍ਰਬੰਧਨ ਲਈ ਤਾਲਮੇਲ ਕਰਨਗੇ ਜਾਂ ਉੱਥੇ ਇਲਾਜ ਅਧੀਨ ਮਰੀਜ਼ਾਂ ਨੂੰ ਕਿਸੇ ਹੋਰ ਮੈਡੀਕਲ ਸੰਸਥਾ ਵਿੱਚ ਭੇਜਿਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਇੱਕ ਵਟਸਐਪ ਗਰੁੱਪ ਬਣਾਇਆ ਗਿਆ ਹੈ ਜਿੱਥੇ ਮਾਹਿਰ ਡਾਕਟਰ ਇਲਾਜ਼ ਦੇ ਸੰਬੰਧ ਵਿੱਚ ਹਰ ਤਰ੍ਹਾਂ ਦੀ ਸਲਾਹ ਲਈ 24 ਘੰਟੇ ਉਪਲਬਧ ਰਹਿਣਗੇ।