ਕਪੂਰਥਲਾ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦੇ ਵੱਡੇ ਡਰੱਗ ਸਿੰਡੀਕੇਟ ਦਾ ਪਰਦਾਫਾਸ਼ ਕਰਕੇ 100 ਕਰੋੜ ਰੁਪਏ ਦੀ ਕੀਮਤ ਦੀ 20 ਕਿਲੋ ਹੈਰੋਇਨ ਕੀਤੀ ਜ਼ਬਤ, ਦੋ ਦੋਸ਼ੀ ਗਿ੍ਰਫਤਾਰ
ਨਿਊਜ਼ ਪੰਜਾਬ
ਚੰਡੀਗੜ/ਕਪੂਰਥਲਾ, 31 ਅਗਸਤ:
ਜੇਲਾਂ ਵਿੱਚ ਬੰਦ ਖ਼ਤਰਨਾਕ ਗੈਂਗਸਟਰਾਂ ਦੁਆਰਾ ਸ਼ੱਕੀ ਤੌਰ ’ਤੇ ਚਲਾਏ ਜਾ ਰਹੇ ਡਰੱਗ ਸਿੰਡੀਕੇਟ ਦਾ ਪਰਦਾਫਾਸ਼ ਕਰਦਿਆਂ, ਕਪੂਰਥਲਾ ਪੁਲਿਸ ਨੇ ਸੋਮਵਾਰ ਨੂੰ ਦੋ ਨਸ਼ਾ ਤਸਕਰਾਂ ਦੀ ਗਿ੍ਰਫਤਾਰੀ ਨਾਲ ਅੰਤਰਰਾਸ਼ਟਰੀ ਬਾਜ਼ਾਰ ਵਿੱਚ 100 ਕਰੋੜ ਰੁਪਏ ਦੀ ਕੀਮਤ ਦੀ 20 ਕਿਲੋ ਹੈਰੋਇਨ ਬਰਾਮਦ ਕੀਤੀ ਹੈ।
ਨਸ਼ਾ ਤਸਕਰਾਂ ਦੀ ਪਛਾਣ ਬਲਵਿੰਦਰ ਸਿੰਘ ਪਿੰਡ ਸਾਰੰਗਵਾਲ ਹੁਸ਼ਿਆਰਪੁਰ ਅਤੇ ਪੀਟਰ ਮਸੀਹ ਵਾਸੀ ਬਸਤੀ ਦਾਨਿਸ਼ਮੰਦਾ ਜਲੰਧਰ ਵਜੋਂ ਹੋਈ ਹੈ। ਪੀਟਰ ਪਹਿਲਾਂ ਹੀ ਦੋ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ।
ਡੀਜੀਪੀ ਪੰਜਾਬ ਦਿਨਕਰ ਗੁਪਤਾ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਸੋਮਵਾਰ ਨੂੰ ਕਪੂਰਥਲਾ ਦੇ ਹਾਈ-ਟੈਕ ਢਿਲਵਾਂ ਪੁਲਿਸ ਨਾਕੇ ’ਤੇ ਇੱਕ ਟਰੱਕ ਅਤੇ ਇੱਕ ਹੁੰਡਈ ਆਈ 20 ਕਾਰ ਨੂੰ ਰੋਕਿਆ, ਜਿਨਾਂ ਦੀ ਤਲਾਸ਼ੀ ਲੈਣ ’ਤੇ ਤਸਕਰਾਂ ਦੇ ਕਬਜ਼ੇ’ ਚੋਂ 20 ਕਿਲੋ ਹੈਰੋਇਨ ਦੀ ਖੇਪ ਬਰਾਮਦ ਹੋਈ।
ਡੀਜੀਪੀ ਨੇ ਅੱਗੇ ਦਸਿਆ ਕਿ ਵਾਹਨਾਂ ਦੇ ਡਰਾਈਵਰਾਂ ਨੂੰ ਪੁਲਿਸ ਪਾਰਟੀ ਵੱਲੋਂ ਚੈਕ ਪੁਆਇੰਟ ’ਤੇ ਰੁਕਣ ਦਾ ਇਸ਼ਾਰਾ ਕੀਤਾ ਗਿਆ ਪਰ ਵਿਅਕਤੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਹਾਲਾਂਕਿ, ਪੁਲਿਸ ਵਲੋਂ ਉਨਾਂ ਨੂੰ ਥੋੜੀ ਦੇਰ ਪਿੱਛਾ ਕਰਨ ਤੋਂ ਬਾਅਦ ਹੀ ਮੌਕੇ ’ਤੇ ਕਾਬੂ ਕਰ ਲਿਆ ਗਿਆ।
ਡੀਜੀਪੀ ਨੇ ਦੱਸਿਆ ਕਿ ਉਨਾਂ ਦੇ ਸਰੀਰ ਦੀ ਜਾਂਚ ਦੌਰਾਨ ਪੁਲਿਸ ਨੇ ਉਨਾਂ ਦੇ ਨਿੱਜੀ ਕਬਜ਼ੇ ਅਤੇ ਉਨਾਂ ਦੇ ਦੋ ਵਾਹਨਾਂ ਵਿੱਚੋਂ 20 ਪੈਕਟ ਹੈਰੋਇਨ (ਪ੍ਰਤੀ ਇੱਕ ਕਿਲੋ) ਬਰਾਮਦ ਕੀਤੇ। ਐਸਐਸਪੀ ਕਪੂਰਥਲਾ, ਐਚਐਸ ਖੱਖ ਨੇ ਅੱਗੇ ਦੱਸਿਆ ਕਿ ਖੇਪ ਨੂੰ ਲੁਕਾਉਣ ਲਈ ਡਰੱਗ ਤਸਕਰਾਂ ਵੱਲੋਂ ਟਰੱਕ ਦੇ ਡਰਾਈਵਰ ਦੇ ਕੈਬਿਨ ਦੀ ਛੱਤ ਵਿੱਚ ਦੋ ਵਿਸ਼ੇਸ਼ ਬਕਸੇ ਬਣਾਏ ਗਏ ਸਨ।
ਡੀਜੀਪੀ ਨੇ ਕਿਹਾ ਕਿ ਮੁੱਢਲੀ ਪੁੱਛਗਿੱਛ ਦੌਰਾਨ, ਡਰੱਗ ਤਸਕਰਾਂ ਨੇ ਖੁਲਾਸਾ ਕੀਤਾ ਕਿ ਹੈਰੋਇਨ ਦੀ ਖੇਪ ਬਲਵਿੰਦਰ ਸਿੰਘ ਦੁਆਰਾ ਟਰੱਕ ਨੰਬਰ ਐਚਆਰ 55 ਕੇ 2510 ਵਿੱਚ ਸ੍ਰੀਨਗਰ ਦੀ ਪੂਰਮਰਾ ਮੰਡੀ ਤੋਂ ਤਸਕਰੀ ਕਰ ਕੇ ਲਿਆਂਦੀ ਗਈ ਸੀ ਅਤੇ ਪੀਟਰ ਮਸੀਹ ਨੇ ਉਸ ਤੋਂ ਖੇਪ ਪ੍ਰਾਪਤ ਕੀਤੀ ਸੀ।
ਡੀਜੀਪੀ ਨੇ ਕਿਹਾ ਕਿ ਪੁਲਿਸ ਨੂੰ ਇਸ ਮਾਮਲੇ ਵਿੱਚ ਨਾਰਕੋ-ਗੈਂਗਸਟਰ ਐਂਗਲ ਹੋਣ ਦਾ ਸ਼ੱਕ ਹੈ ਅਤੇ ਇਹ ਵੀ ਪਤਾ ਲੱਗਾ ਹੈ ਕਿ ਪੀਟਰ ਮਸੀਹ ਨੂੰ ਖ਼ਤਰਨਾਕ ਗੈਂਗਸਟਰ ਰਜਨੀਸ਼ ਕੁਮਾਰ ਉਰਫ਼ ਪ੍ਰੀਤ ਫਗਵਾੜਾ ਦੇ ਭਰਾ ਗਗਨਦੀਪ ਨੇ ਖੇਪ ਪ੍ਰਾਪਤ ਕਰਨ ਲਈ ਭੇਜਿਆ ਸੀ।
ਡੀਜੀਪੀ ਨੇ ਕਿਹਾ ਕਿ ਪੁਲਿਸ ਗਿ੍ਰਫਤਾਰ ਕੀਤੇ ਗਏ ਦੋਸ਼ੀਆਂ ਨੂੰ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰੇਗੀ ਅਤੇ ਅੱਗੇ ਦੀ ਜਾਂਚ ਲਈ ਉਨਾਂ ਦੇ ਪੁਲਿਸ ਰਿਮਾਂਡ ਦੀ ਮੰਗ ਕਰੇਗੀ ਤਾਂ ਕਿ ਪੁਲਿਸ ਇਸ ਡਰੱਗ ਨੈਟਵਰਕ ਵਿੱਚ ਸ਼ਾਮਲ ਸਾਰੇ ਸੰਪਰਕਾਂ ਦਾ ਪਤਾ ਲਗਾ ਸਕੇ।