ਮੁੱਖ ਮੰਤਰੀ ਵਲੋਂ ਐਲਾਨ – ਹਰ ਮਜ਼ਦੂਰ ਨੂੰ ਮਿਲਣਗੇ 3000 ਰੁਪਏ –
ਪੰਜਾਬ ਵਿੱਚ ਉਸਾਰੀ ਮਜ਼ਦੂਰਾਂ ਨੂੰ ਵੱਡੀ ਰਾਹਤ
ਚੰਡੀਗੜ੍ਹ, 21 ਮਾਰਚ: (ਨਿਊਜ਼ ਪੰਜਾਬ )ਸੂਬਾ ਭਰ ਵਿਚ ਉਸਾਰੀ ਕਿਰਤੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦੂਰ ਕਰਨ ਦੇ ਯਤਨ ਵਜੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ-19 ਦੇ ਕਾਰਨ ਰੁਜ਼ਗਾਰ ਦੇ ਮੌਕੇ ਘਟਣ ਕਰਕੇ ਸਾਰੇ ਰਜਿਸਟਰਡ ਉਸਾਰੀ ਕਾਮਿਆਂ ਲਈ ਤਿੰਨ-ਤਿੰਨ ਹਜ਼ਾਰ ਰੁਪਏ ਦੀ ਫੌਰੀ ਰਾਹਤ ਦੇਣ ਦਾ ਐਲਾਨ ਕੀਤਾ ਹੈ।
ਇਹ ਪ੍ਰਗਟਾਵਾ ਕਰਦਿਆਂ ਅੱਜ ਮੁੱਖ ਮੰਤਰੀ ਦਫਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਗਰੀਬ ਪੱਖੀ ਕਦਮ ਨਾਲ ਸੂਬਾ ਭਰ ਵਿਚ 3.2 ਲੱਖ ਉਸਾਰੀ ਕਾਮਿਆਂ ਦੇ ਬੈਂਕ ਖਾਤਿਆਂ ਵਿਚ ਪਾ ਦਿੱਤੇ ਜਾਣਗੇ।
ਇੱਕ ਸਰਕਾਰੀ ਨੇ ਬੁਲਾਰੇ ਨੇ ਦੱਸਿਆ ਕਿ ਇਸ ਉਦੇਸ਼ ਲਈ 96 ਕਰੋੜ ਰੁਪਏ ਜਾਰੀ ਕੀਤੇ ਜਾਣਗੇ। ਮੁੱਖ ਮੰਤਰੀ ਨੇ ਕਿਰਤ ਵਿਭਾਗ ਨੂੰ ਹੁਕਮ ਦਿੱਤੇ ਕਿ ਸੋਮਵਾਰ ਤੱਕ ਵਿਚ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿਚ ਇਹ ਰਾਸ਼ੀ ਪੈ ਜਾਣੀ ਚਾਹੀਦੀ ਹੈ। ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਸੰਕਟ ਦੀ ਇਸ ਘੜੀ ਵਿਚ ਸਮਾਜ ਦੇ ਅਜਿਹੇ ਤਬਕਿਆਂ ਦੀ ਸਹਾਇਤਾ ਕਰਨ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾ ਚੁੱਕੇ ਹਨ। ਇਸੇ ਦੌਰਾਨ ਮੁੱਖ ਮੰਤਰੀ ਨੇ ਕਿਰਤੀ ਕਾਮਿਆਂ ਨੂੰ ਵੀ ਸਿਹਤ ਵਿਭਾਗ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪੂਰੀ ਤਰਾਂ ਪਾਲਣਾ ਕਰਨ ਅਤੇ ਸਾਰੇ ਇਹਤਿਆਦੀ ਕਦਮ ਚੁੱਕਣ ਦੀ ਅਪੀਲ ਕੀਤੀ। ਉਨ੍ਹਾਂ ਇਨ੍ਹਾਂ ਕਾਮਿਆਂ ਨੂੰ ਭਰੋਸਾ ਦਿਵਾਇਆ ਕਿ ਇਸ ਔਖੀ ਘੜੀ ਵਿਚ ਸਰਕਾਰ ਉੁਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਹਰ ਸੰਭਵ ਮਦਦ ਕਰੇਗੀ।