ਡੀ.ਆਈ.ਜੀ. ਲੁਧਿਆਣਾ ਵੱਲੋਂ ਰੇਂਜ ਐਸ.ਐਸ.ਪੀਜ਼ ਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ
ਨਿਊਜ਼ ਪੰਜਾਬ
ਲੁਧਿਆਣਾ, 26 ਅਗਸਤ – ਡੀ.ਆਈ.ਜੀ. ਲੁਧਿਆਣਾ ਰੇਂਜ ਸ.ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਅੱਜ ਤਿੰਨ ਸੀਨੀਅਰ ਪੁਲਿਸ ਕਪਤਾਨਾਂ (ਐਸ.ਐਸ.ਪੀ.), ਹੋਰ ਰੇਂਜ ਦੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਆਪਣੇ ਅਧੀਨ ਖੇਤਰਾਂ ਵਿੱਚ ਹਰ ਪੱਖੋਂ ਸੁਰੱਖਿਆ ਪ੍ਰਬੰਧ ਮਜ਼ਬੂਤ ਰੱਖਣ ਦੇ ਨਿਰਦੇਸ਼ ਦਿੱਤੇ।
ਐਸ.ਐਸ.ਪੀ. ਐਸ.ਬੀ.ਐਸ. ਨਗਰ ਸ.ਹਰਮਨਬੀਰ ਸਿੰਘ ਗਿੱਲ, ਐਸ.ਐਸ.ਪੀ. ਜਗਰਾਉਂ ਸ.ਗੁਰਦਿਆਲ ਸਿੰਘ, ਐਸ.ਐਸ.ਪੀ. ਖੰਨਾ ਸ.ਗੁਰਸ਼ਰਨ ਸਿੰਘ ਅਤੇ ਹੋਰਨਾਂ ਨਾਲ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡੀ.ਆਈ.ਜੀ. ਸ.ਗੁਰਪ੍ਰੀਤ ਸਿੰਘ ਭੁੱਲਰ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਆਪਣੇ ਖੇਤਰਾਂ ਵਿੱਚ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਲਈ ਹਰ ਸੰਭਵ ਯਤਨ ਕਰਨ।
ਉਨ੍ਹਾਂ ਵਿਸ਼ੇਸ਼ ਤੌਰ ‘ਤੇ ਪੁਲਿਸ ਮੁਖੀਆਂ ਦੀ ਅਗਵਾਈ ਵਾਲੀ ਰਾਤ ਦੀ ਗਸ਼ਤ, ਸ਼ਹਿਰਾਂ ਦੇ ਪ੍ਰਵੇਸ਼ ਸਥਾਨਾਂ ਨੂੰ ਸੀਲ ਕਰਨ, ਸਖਤ ਚੈਕਿੰਗ ਅਤੇ ਨਾਕਿਆਂ ਦੀ ਲੋੜ ‘ਤੇ ਜ਼ੋਰ ਦਿੱਤਾ ਅਤੇ ਉਨ੍ਹਾਂ ਨੂੰ ਪ੍ਰਭਾਵੀ ਉਪਾਵਾਂ ਲਈ ਰੋਜ਼ਾਨਾ ਮੀਟਿੰਗਾਂ ਦੇ ਨਾਲ-ਨਾਲ 24 ਘੰਟੇ ਸਥਿਤੀ ਦੀ ਨਿਗਰਾਨੀ ਕਰਨ ਲਈ ਕਿਹਾ।
ਡੀ.ਆਈ.ਜੀ. ਨੇ ਕਿਹਾ ਕਿ ਪ੍ਰਮੁੱਖ ਥਾਵਾਂ ਜਿਵੇਂ ਭੀੜ-ਭਾੜ ਵਾਲੇ ਬਾਜ਼ਾਰਾਂ ਆਦਿ ਵਿੱਚ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਪੁਲਿਸ ਥਾਣਿਆਂ ਅਤੇ ਪੀ.ਸੀ.ਆਰ. ਜਾਂ ਰੂਰਲ ਰੈਪਿਡ ਰਿਸਪਾਂਸ ਟੀਮ ਦੁਆਰਾ ਲੋਕਾਂ ਦੁਆਰਾ ਅਪਰਾਧ ਜਾਂ ਦੁਰਘਟਨਾ ਦੇ ਸੰਬੰਧ ਵਿੱਚ ਕੀਤੀ ਗਈ ਕਿਸੇ ਵੀ ਕਾਲ ਦਾ ਤੁਰੰਤ ਜਵਾਬ ਯਕੀਨੀ ਬਣਾਉਣ ਲਈ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ।
ਇਸ ਤੋਂ ਇਲਾਵਾ, ਉਨ੍ਹਾਂ ਲੋਕਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਅਤੇ ਉਨ੍ਹਾਂ ਨੂੰ ਤੁਰੰਤ ਨਿਆਂ ਯਕੀਨੀ ਬਣਾਉਣ ਵਿੱਚ ਸਭ ਤੋਂ ਵੱਧ ਤਰਜੀਹ ਦੇਣ ਲਈ ਵੀ ਕਿਹਾ।
ਡੀ.ਆਈ.ਜੀ. ਭੁੱਲਰ ਨੇ ਕਿਹਾ ਕਿ ਆਪਣੇ-ਆਪਣੇ ਖੇਤਰਾਂ ਵਿੱਚ ਚੌਕਸੀ ਵਧਾਈ ਜਾਣੀ ਚਾਹੀਦੀ ਹੈ ਅਤੇ ਸੀਨੀਅਰ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣੇ ਖੇਤਰਾਂ ਵਿੱਚ ਨਾਕਿਆਂ ਦੀ ਖੁਦ ਨਿਗਰਾਨੀ ਕਰਨ। ਇਸ ਤੋਂ ਇਲਾਵਾ, ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਮਾਜ ਵਿਰੋਧੀ ਅਨਸਰਾਂ ਨੂੰ ਉਨ੍ਹਾਂ ਦੀਆਂ ਗਤੀਵਿਧੀਆਂ ‘ਤੇ ਬਾਜ਼ ਵਾਲੀ ਅੱਖ ਰੱਖਣ ਦੇ ਨਾਲ-ਨਾਲ ਜ਼ਮਾਨਤ ‘ਤੇ ਆਏ ਅਪਰਾਧੀਆਂ ਦੀ ਨਿਗਰਾਨੀ ਨੂੰ ਵੀ ਯਕੀਨੀ ਬਣਾਉਣ।
ਉਨ੍ਹਾਂ ਕਿਹਾ ਕਿ ਪੀ.ਸੀ.ਆਰ. ਅਤੇ ਰੂਰਲ ਰੈਪਿਡ ਰਿਸਪਾਂਸ ਟੀਮਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਲੋਕਾਂ ਦੁਆਰਾ ਅਪਰਾਧ ਜਾਂ ਦੁਰਘਟਨਾ ਦੇ ਸੰਬੰਧ ਵਿੱਚ ਕੀਤੀ ਗਈ ਕਿਸੇ ਵੀ ਕਾਲ ਦਾ ਜਵਾਬ ਤੁਰੰਤ ਦੇਣ।
ਡੀ.ਆਈ.ਜੀ. ਨੇ ਕਿਹਾ ਕਿ ਸਾਰਿਆਂ ਨੂੰ ਆਪਣੀ ਡਿਊਟੀ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਉਣੀ ਚਾਹੀਦੀ ਹੈ ਤਾਂ ਜੋ ਲੋਕਾਂ ਨੂੰ ਪੁਲਿਸ ਦੀ ਕਾਰਜ ਪ੍ਰਣਾਲੀ ਵਿੱਚ ਵਿਸ਼ਵਾਸ ਹੋਵੇ।
ਸ.ਭੁੱਲਰ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ।