ਲਾਹੌਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਇੱਕ ਵਾਰ ਫਿਰ ਤੋੜਿਆ – ਪੁਲਿਸ ਨੇ ਦੋਸ਼ੀ ਨੂੰ ਮੌਕੇ ਤੇ ਹੀ ਕੀਤਾ ਕਾਬੂ

ਨਿਊਜ਼ ਪੰਜਾਬ

ਲਾਹੌਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਇੱਕ ਵਾਰ ਫਿਰ ਤੋੜ ਦਿੱਤਾ ਗਿਆ ਹੈ। ਪੁਲਿਸ ਨੇ ਦੋਸ਼ੀ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ l ਬੁੱਤ ਤੋੜਣ ਵਾਲੇ ਦਾ ਸਬੰਧ ਤਹਿਰੀਕ-ਏ-ਲਬਾਇਕ ਪਾਕਿਸਤਾਨ (ਟੀਐਲਪੀ) ਸੰਗਠਨ ਨਾਲ ਦੱਸਿਆ ਜਾ ਰਿਹਾ ਹੈ।

ਮਹਾਰਾਜਾ ਰਣਜੀਤ ਸਿੰਘ ਦੇ ਇਸ ਬੁੱਤ ਨੂੰ ਲਾਹੌਰ ਕਿਲ੍ਹੇ ਦੇ ਬਾਹਰ ਜੂਨ 2019 ਵਿੱਚ ਸਥਾਪਿਤ ਕੀਤਾ ਗਿਆ ਸੀ। ਉਦੋਂ ਤੋਂ, ਇਹ ਤੀਜੀ ਘਟਨਾ ਹੈ ਜਦੋਂ ਇਸ ਨੂੰ ਤੋੜਿਆ ਗਿਆ ਹੈ. ਇਸ ਤੋਂ ਪਹਿਲਾਂ ਵੀ ਦੋ ਵਾਰ ਮੂਰਤੀ ਨੂੰ ਨੁਕਸਾਨ ਪਹੁੰਚਿਆ ਹੈ। ਇਸ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਇਸ ਵੀਡੀਓ ਵਿੱਚ ਚਿੱਟਾ ਕੁੜਤਾ-ਪਜਾਮਾ ਅਤੇ ਟੋਪੀ ਪਹਿਨੇ ਇੱਕ ਆਦਮੀ ਮੂਰਤੀ ਨੂੰ ਤੋੜਦੇ ਹੋਏ ਦਿਖਾਈ ਦੇ ਰਿਹਾ ਹੈ । ਆਦਮੀ ਬੁੱਤ ‘ਤੇ ਹਮਲਾ ਕਰਦੇ ਹੋਏ ਨਾਅਰੇ ਵੀ ਲਗਾ ਰਿਹਾ ਹੈ , ਹਾਲਾਂਕਿ, ਉੱਥੇ ਮੌਜੂਦ ਲੋਕਾਂ ਨੇ ਉਸ ਵਿਅਕਤੀ ਨੂੰ ਫੜ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਤਹਿਰੀਕ-ਏ-ਲਬਾਇਕ ਪਾਕਿਸਤਾਨ (ਟੀਐਲਪੀ) ਪਾਕਿਸਤਾਨ ਦੀ ਇੱਕ ਰਾਜਨੀਤਿਕ ਪਾਰਟੀ ਹੈ। ਪਾਰਟੀ ਦਾ ਗਠਨ 2015 ਵਿੱਚ ਕੀਤਾ ਗਿਆ ਸੀ, ਪਰ ਪਿਛਲੇ ਸਾਲ ਇਸ ਉੱਤੇ ਪਾਬੰਧੀ ਲਗਾ ਦਿੱਤੀ ਗਈ ਸੀ।

ਬੀ ਬੀ ਸੀ ਨੇ ਪਾਕਿਸਤਾਨ ਦੇ ( Federal Minister for information &Broadcasting Government of Pakistan ) ਚੌਧਰੀ ਫ਼ਵਾਦ ਹੁਸੈਨ ਵਲੋਂ ਆਪਣੇ ਟਵੀਟਰ ਅਕਾਊਂਟ ਤੇ ਘਟਨਾ ਦੀ ਪਾਈ ਵੀਡਿਓ ਦੇ ਹਵਾਲੇ ਨਾਲ ਕਿਹਾ ਕਿ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਲਾਹੌਰ ਕਿਲ੍ਹੇ ਵਿੱਚ ਮੰਗਲਵਾਰ ਨੂੰ ਪਹਿਲੇ ਸਿੱਖ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਦੇ ਨੌ ਫੁੱਟ ਉੱਚੇ ਕਾਂਸੀ ਦੇ ਬੁੱਤ ਦੀ ਭੰਨ -ਤੋੜ ਦੀ ਵਾਇਰਲ ਵੀਡੀਓ ਵਿੱਚ ਇੱਕ ਆਦਮੀ ਨੂੰ ਨਾਅਰੇ ਲਗਾਉਂਦੇ ਹੋਏ ਮੂਰਤੀ ਤੋੜਦੇ ਹੋਏ ਦੇਖਿਆ ਜਾ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਪਾਬੰਦੀਸ਼ੁਦਾ ਸੰਗਠਨ ਤਹਿਰੀਕ-ਏ-ਲਬਾਇਕ ਪਾਕਿਸਤਾਨ (ਟੀਐਲਪੀ) ਦਾ ਕਾਰਕੁਨ ਹੈ।  ਲਾਹੌਰ ਕਿਲ੍ਹੇ ਦੇ ਪ੍ਰਸ਼ਾਸਨ ਨੇ ਕਿਹਾ ਹੈ ਕਿ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।

ਭਾਰਤ ਸਰਕਾਰ ਨੇ ਇਸ ਘਟਨਾ ‘ਤੇ ਸਖਤ ਪ੍ਰਤੀਕਿਰਿਆ ਦਿੱਤੀ ਹੈ। ਭਾਰਤੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਕਿਹਾ, “ਅਸੀਂ ਅੱਜ ਲਾਹੌਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਤੋੜੇ ਜਾਣ ਦੀਆਂ ਪ੍ਰੇਸ਼ਾਨ ਕਰਨ ਵਾਲੀਆਂ ਖ਼ਬਰਾਂ ਵੇਖੀਆਂ। ਪਾਕਿਸਤਾਨ ਵਿੱਚ ਘੱਟ ਗਿਣਤੀ ਭਾਈਚਾਰਿਆਂ ਦੀ ਸਭਿਆਚਾਰਕ ਵਿਰਾਸਤ ‘ਤੇ ਇਸ ਤਰ੍ਹਾਂ ਦੇ ਹਮਲੇ ਪਾਕਿਸਤਾਨ ਵਿੱਚ ਅਸਹਿਣਸ਼ੀਲਤਾ ਅਤੇ ਘੱਟ ਗਿਣਤੀ ਭਾਈਚਾਰਿਆਂ ਦੇ ਸਤਿਕਾਰ ਦੀ ਘਾਟ ਨੂੰ ਦਰਸਾਉਂਦੇ ਹਨ “