ਸਿਹਤ ਵਿਭਾਗ ਵੱਲੋਂ ਤੰਬਾਕੂ ਕੰਟਰੋਲ ਐਕਟ(ਕੋਟਪਾ) ਦੀ ਉਲੰਘਣਾ ਕਰਨ ਵਾਲਿਆਂ ਦੇ ਕੱਟੇ ਚਾਲਾਨ

ਲੁਧਿਆਣਾ, 17 ਅਗਸਤ  – ਸਿਵਲ ਸਰਜਨ ਲੁਧਿਆਣਾ ਡਾ. ਕਿਰਨ ਆਹਲੂਵਾਲੀਆ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਡਾ. ਮੰਨੂੰ ਵਿਜ ਐਸ.ਐਮ.ਓ. ਨੋਡਲ ਅਫਸਰ (ਕੋਟਪਾ) ਦੀ ਅਗਵਾਈ ਵਿਚ ਮਾਸ ਮੀਡੀਆ ਟੀਮ ਵਲੋ ਅੱਜ ਸ਼ਹਿਰ ਵਿੱਚ ਤੰਬਾਕੂ ਕੰਟਰੋਲ ਐਕਟ (ਕੋਟਪਾ) ਦੀ ਉਲੰਘਣ ਕਰਨ ਵਾਲਿਆਂ ਦੇ ਚਲਾਨ ਕੱਟੇ ਅਤੇ ਐਕਟ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਵਿੱਖ ਵਿਚ ਅਜਿਹਾ ਕਰਨ ਵਾਲਿਆਂ ਨੂੰ ਭਾਰੀ ਜੁਰਮਾਨੇ ਕੀਤੇ ਜਾਣਗੇ ਅਤੇ ਨਿਯਮਾਂ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ।
ਸਿਵਲ ਸਰਜਨ ਡਾ. ਆਹਲੂਵਾਲੀਆ ਨੇ ਦੱਸਿਆ ਕਿ ਕੋਟਪਾ ਐਕਟ ਤਹਿਤ ਕੋਈ ਵੀ ਵਿਅਕਤੀ ਜਨਤਕ ਥਾਂ ‘ਤੇ ਤੰਬਾਕੂ ਉਤਪਾਦ ਦੀ ਵਰਤੋ ਅਤੇ ਸਿਗਰਟਨੋਸੀ ਨਹੀ ਕਰ ਸਕਦਾ ਕਿਉਕਿ ਅਜਿਹਾ ਕਰਨ ਨਾਲ ਨੇੜੇ ਖੜੇ ਅਨਜਾਣ ਵਿਅਕਤੀ ਨੂੰ ਤੰਬਾਕੂ ਦੇ ਧੂੰਏ ਦਾ ਨੁਕਸਾਨ ਹੁੰਦਾ ਹੈ। ਐਕਟ ਤਹਿਤ 18 ਸਾਲ ਤੋ ਘੱਟ ਉਮਰ ਦਾ ਕੋਈ ਵੀ ਵਿਅਕਤੀ ਨਾ ਹੀ ਸਿਗਰਟ ਖਰੀਦ ਸਕਦਾ ਹੈ ਅਤੇ ਨਾ ਹੀ ਵੇਚ ਸਕਦਾ ਹੈ। ਧਾਰਮਿਕ ਅਤੇ ਵਿਦਿਅਕ ਸੰਸਥਾਂਵਾਂ ਦੇ ਨਜਦੀਕ ਤੰਬਾਕੂ ਉਤਪਾਦ ਦੀ ਵਿਕਰੀ ਤੇ ਪੂਰਨ ਤੋਰ ਤੇ ਪਾਬੰਦੀ ਹੈ। ਦੁਕਾਨਦਾਰ (ਤਬਾਕੂ ਵਿਕਰੇਤਾ) ਲਈ ਜਰੂਰੀ ਹੈ ਕਿ ਉਹ ਖੁੱਲੀ ਸਿਗਰਟ, ਵਿਦੇਸ਼ੀ ਸਿਗਰਟ ਅਤੇ ਈ ਸਿਗਰਟ ਦੀ ਵਿਕਰੀ ਨਾ ਕਰਨ। ਵਿਕਰੇਤਾ ਦੀ ਰੇੜੀ, ਦੁਕਾਨ ਅਤੇ ਤੰਬਾਕੂ ਦੀ ਵਰਤੋ ਨਾਲ ਸਰੀਰ ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਬੈਨਰ, ਪੋਸਟ ਲਗਾਉਣੇ ਅਤੀ ਜਰੂਰੀ ਹਨ।
ਨੋਡਲ ਅਫਸਰ ਡਾ. ਮੰਨੂੰ ਵਿਜ ਨੇ ਦੱਸਿਆ ਕਿ ਕੈਂਸਰ ਵਰਗੀ ਭਿਆਨਕ ਬਿਮਾਰੀ ਤੋ ਬਚਣ ਲਈ ਤੰਬਾਕੂ ਦੀ ਵਰਤੋ ਦੀ ਆਦਤ ਨੂੰ ਤਰੁੰਤ ਛੱਡ ਦੇਣਾ ਜਰੂਰੀ ਹੈ। ਉਨਾਂ ਜਨਤਾ ਅਤੇ ਤੰਬਾਕੂ ਵਿਕਰੇਤਾ ਨੂੰ ਅਪੀਲ ਕੀਤੀ ਕਿ ਤੰਬਾਕੂ ਕੰਟਰੋਲ ਐਕਟ ਦੀ ਪੂਰੀ ਤਰ੍ਹਾ ਪਾਲਣਾ ਕੀਤੀ ਜਾਵੇ ਨਹੀ ਤਾਂ ਉਲੰਘਣਾ ਕਰਨ ਵਾਲਿਆ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਸਿਵਲ ਸਰਜਨ ਡਾ ਆਹਲੂਵਾਲੀਆ ਨੇ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।