ਭਾਰਤ ਭੂਸ਼ਣ ਆਸ਼ੂ ਨੇ ਜੱਚਾ ਬੱਚਾ ਹਸਪਤਾਲ ਨੂੰ 100 ਤੋਂ 200 ਬੈੱਡ ਤੱਕ ਅਪਗ੍ਰੇਡ ਕਰਨ ਦਾ ਨੀਂਹ ਪੱਥਰ ਰੱਖਿਆ

ਨਿਊਜ਼ ਪੰਜਾਬ 

ਲੁਧਿਆਣਾ, 14 ਅਗਸਤ
75ਵੇਂ ਆਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ ‘ਤੇ ਜ਼ਿਲ੍ਹੇ ਦੇ ਲੋਕਾਂ ਨੂੰ ਇਕ ਵੱਡਾ ਤੋਹਫਾ ਦਿੰਦਿਆਂ ਖੁਰਾਕ, ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਸ਼ਨੀਵਾਰ ਨੂੰ ਲਾਰਡ ਮਹਾਵੀਰ ਸਿਵਲ ਹਸਪਤਾਲ ਵਿਖੇ ਮੌਜੂਦਾ ਜੱਚਾ- ਬੱਚਾ ਹਸਪਤਾਲ ਨੂੰ 100 ਤੋਂ 200 ਬੈੱਡ ਤੱਕ ਅਪਗ੍ਰੇਡ ਕਰਨ ਦੇ ਕੰਮ ਦਾ ਨੀਂਹ ਪੱਥਰ ਰੱਖਿਆ।
ਆਸ਼ੂ, ਜਿਨ੍ਹਾਂ ਨਾਲ ਵਿਧਾਇਕ ਸੁਰਿੰਦਰ ਕੁਮਾਰ ਡਾਵਰ ਅਤੇ ਕੁਲਦੀਪ ਸਿੰਘ ਵੈਦ, ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ, ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਵੀ ਮੌਜੂਦ ਸਨ, ਨੇ ਕਿਹਾ ਕਿ ਅਪਗ੍ਰੇਡੇਸ਼ਨ ਦਾ ਕੰਮ ਅਗਲੇ 15 ਮਹੀਨਿਆਂ ਵਿੱਚ ਮੁਕੰਮਲ ਹੋ ਜਾਵੇਗਾ ਅਤੇ ਸੂਬਾ ਸਰਕਾਰ ਵੱਲੋਂ 15 ਕਰੋੜ ਰੁਪਏ ਖਰਚ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਨਵੇਂ ਜੱਚਾ-ਬੱਚਾ ਹਸਪਤਾਲ ਦੀ ਦੋ ਮੰਜ਼ਲਾਂ ਇਮਾਰਤ ਵਿੱਚ ਛੇ ਬਲਾਕ ਹੋਣਗੇ ਅਤੇ ਇਸ ਵਿੱਚ ਆਪ੍ਰੇਸ਼ਨ ਥੀਏਟਰ, ਆਈਸੋਲੇਸ਼ਨ ਵਾਰਡ, ਅਲਟਰਾ ਸਾਊਂਡ ਰੂਮ, ਪ੍ਰਾਈਵੇਟ ਕਮਰੇ, ਗਾਇਨੀਕੋਲੋਜੀ ਅਤੇ ਪੀਡੀਆਟ੍ਰਿਕਸ ਲਈ ਵੱਖਰੀ ਓਪੀਡੀ, ਜਨਰਲ ਵਾਰਡ, ਡਾਕਟਰਾਂ, ਸਟਾਫ ਨਰਸਾਂ ਲਈ ਦਫ਼ਤਰ ਅਤੇ ਕਮਰੇ, ਵੱਖਰੇ ਬਾਥਰੂਮ, ਇੱਕ ਕੰਟੀਨ ਅਤੇ ਉਡੀਕ ਖੇਤਰ ਦੀਆਂ ਸੁਵਿਧਾਵਾਂ ਹੋਣਗੀਆਂ।
ਉਨ੍ਹਾਂ ਕਿਹਾ ਕਿ ਨਵੇਂ 100 ਬੈੱਡ ਸ਼ਾਮਲ ਕਰਨ ਨਾਲ ਸ਼ਹਿਰ ਵਿੱਚ ਰਹਿਣ ਵਾਲੀਆਂ ਖਾਸ ਕਰਕੇ ਸਮਾਜ ਦੇ ਗਰੀਬ ਵਰਗ ਨਾਲ ਸੰਬੰਧਤ ਗਰਭਵਤੀ ਔਰਤਾਂ ਲਈ ਬਿਹਤਰ ਅਤੇ ਉੱਚ ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਯਕੀਨੀ ਬਣਨਗੀਆਂ । ਉਨ੍ਹਾਂ ਕਿਹਾ ਕਿ ਇੱਕ ਵਾਰ ਮੁਕੰਮਲ ਹੋਣ ਤੋਂ ਬਾਅਦ ਇਹ ਨਵਾਂ ਬਲਾਕ ਇਥੇ ਵੱਡੀ ਗਿਣਤੀ ਵਿੱਚ ਆਉਣ ਵਾਲੇ ਮਰੀਜ਼ਾਂ ਦੇ ਇਲਾਜ ਵਿੱਚ ਸਹਾਇਕ ਸਿੱਧ ਹੋਵੇਗਾ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇਨ੍ਹਾਂ ਸੇਵਾਵਾਂ ਨੂੰ ਅਪਗ੍ਰੇਡ ਕਰਨ ਦੀ ਤੁਰੰਤ ਲੋੜ ਸੀ ਅਤੇ ਕਿਹਾ ਕਿ ਅਧਿਕਾਰੀਆਂ ਨੂੰ ਨਿਰਮਾਣ ਕਾਰਜਾਂ ਦੀ ਨਿਯਮਿਤ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਇਸ ਕਾਰਜ ਨੂੰ ਸਮੇਂ ਸਿਰ ਮੁਕੰਮਲ ਹੋਣ ਨੂੰ ਯਕੀਨੀ ਬਣਾਇਆ ਜਾ ਸਕੇ ।
ਇਸ ਉਪਰੰਤ ਉਨ੍ਹਾਂ ਪਰਿਸਰ ਵਿੱਚ ਨਵੇਂ ਸਥਾਪਤ ਪੀਐਸਏ ਆਕਸੀਜਨ ਪਲਾਂਟ ਦਾ ਵੀ ਦੌਰਾ ਕੀਤਾ ਅਤੇ ਬੱਚਿਆਂ ਲਈ ਪੀਡੀਆਟ੍ਰਿਕਸ ਆਈਸੀਯੂ ਦਾ ਉਦਘਾਟਨ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿਵਲ ਸਰਜਨ ਡਾ. ਕਿਰਨ ਗਿੱਲ, ਐਸ.ਐਮ.ਓ. ਡਾ. ਅਮਰਜੀਤ ਕੌਰ, ਪੀ.ਐਚ.ਐਸ.ਸੀ. ਐਸ.ਡੀ.ਓ. ਗੁਰਪਿੰਦਰ ਸਿੰਘ ਸੰਧੂ ਮੌਜੂਦ ਸਨ।