ਸ਼ਾਸ਼ਨ ਵੱਲੋਂ ਸਕੂਲਾਂ ‘ਚ ਰੋਜ਼ਾਨਾ 1500 ਕੋਵਿਡ-19 ਟੈਸਟ ਕੀਤੇ ਜਾਣਗੇ – ਡੀ.ਸੀ. ਵਰਿੰਦਰ ਕੁਮਾਰ ਸ਼ਰਮਾ
ਲੁਧਿਆਣਾ, 11 ਅਗਸਤ – ਲੁਧਿਆਣਾ ਵਿੱਚ ਦੋ ਸਕੂਲਾਂ ਦੇ 20 ਵਿਦਿਆਰਥੀਆਂ ਦੇ ਕੋਰੋਨਾ ਪੋਜ਼ਟਿਵ ਪਾਏ ਜਾਣ ਤੋਂ ਇੱਕ ਦਿਨ ਬਾਅਦ, ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸੀਮਿਟਰੀ ਰੋਡ ਵਿਖੇ ਸੈਂਪਲਿੰਗ ਮੁਹਿੰਮ ਦਾ ਜਾਇਜ਼ਾ ਲਿਆ ਅਤੇ ਸਿਹਤ ਵਿਭਾਗ ਨੂੰ ਸਕੂਲਾਂ ਦੀ ਟੈਸਟਿੰਗ ਮੁਹਿੰਮ ਵਿੱਚ ਹੋਰ ਤੇਜ਼ੀ ਲਿਆਉਂਦਿਆਂ ਰੋਜ਼ਾਨਾ 1500 ਵਿਦਿਆਰਥੀਆਂ ਦੇ ਨਮੂਨੇ ਲੈਣ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।
ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀ ਸੰਦੀਪ ਕੁਮਾਰ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਰਾਹੁਲ ਚਾਬਾ ਅਤੇ ਐਸ.ਡੀ.ਐਮ. ਡਾ. ਵਨੀਤ ਕੁਮਾਰ ਦੇ ਨਾਲ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਸਿਹਤ ਵਿਭਾਗ ਨੂੰ ਕਿਹਾ ਕਿ ਸੈਂਪਲਿੰਗ ਦੀ ਤੀਬਰਤਾ ਨੂੰ ਯਕੀਨੀ ਬਣਾਉਣ ਲਈ ਟੀਮਾਂ ਦੀ ਗਿਣਤੀ 250 ਤੋਂ ਵਧਾ ਕੇ 300 ਕੀਤੀ ਜਾਵੇ ਤਾਂ ਜੋ ਸੰਭਾਵਿਤ ਕੋਵਿਡ ਕੇਸਾਂ ਦਾ ਨਮੂਨਾ ਲੈਣ, ਜਲਦ ਭਾਲ ਅਤੇ ਇਕਾਂਤਵਾਸ ਕਰਕੇ ਤੁਰੰਤ ਇਲਾਜ਼ ਕੀਤਾ ਜਾ ਸਕੇ।
ਉਨ੍ਹਾਂ ਅੱਗੇ ਅਧਿਕਾਰੀਆਂ ਨੂੰ ਕੋਵਾ ਐਪ ਵਿੱਚ ਪੋਜ਼ਟਿਵ ਮਾਮਲਿਆਂ ਦੇ ਡੇਟਾ ਨੂੰ ਤੁਰੰਤ ਅਪਲੋਡ ਕਰਨ ਲਈ ਵੀ ਕਿਹਾ ਜੋ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਹੋਰਾਂ ਦੇ ਨਮੂਨੇ ਛੇਤੀ ਤੋਂ ਛੇਤੀ ਇਕੱਤਰ ਕਰਨ ਵਿੱਚ ਰੈਪਿਡ ਰਿਸਪਾਂਸ ਟੀਮਾਂ (ਆਰ.ਆਰ.ਟੀ.) ਦਾ ਸਹਿਯੋਗ ਕਰੇਗੀ ਅਤੇ ਪ੍ਰਸ਼ਾਸਨ ਨੂੰ ਇਸ ਮਹਾਂਮਾਰੀ ‘ਤੇ ਕਾਬੂ ਪਾਉਣ ਲਈ ਵੀ ਸਹਾਈ ਸਿੱਧ ਹੋਵੇਗੀ।
ਇਸ ਤੋਂ ਇਲਾਵਾ, ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫਸਰਾਂ (ਡੀ.ਈ.ਓਜ਼) ਨੂੰ ਆਦੇਸ਼ ਦਿੱਤੇ ਕਿ ਉਹ ਇਹ ਯਕੀਨੀ ਬਣਾਉਣ ਕਿ ਸਕੂਲ ਵਿੱਚ ਵਿਦਿਆਰਥੀਆਂ ਨੂੰ ਸਿਰਫ ਓਸੇ ਸਟਾਫ ਵੱਲੋਂ ਹੀ ਪੜ੍ਹਾਇਆ ਜਾਵੇ ਜਿਸ ਦੇ ਵੈਕਸੀਨੇਸ਼ਨ ਦੇ ਦੌਵੇਂ ਟੀਕੇ ਲੱਗੇ ਹੋਣ ਅਤੇ ਨਾਲ ਹੀ ਮਾਸਕਿੰਗ ਅਤੇ ਸਮਾਜਿਕ ਦੂਰੀ ਦੀ ਵੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ।
ਸ੍ਰੀ ਸ਼ਰਮਾ ਨੇ ਇਹ ਵੀ ਕਿਹਾ ਕਿ ਮਹਾਂਮਾਰੀ ‘ਤੇ ਕਾਬੂ ਪਾਉਣ ਦਾ ਇੱਕੋ-ਇੱਕ ਤਰੀਕਾ ਹੈ ਕਿ ਮਰੀਜ਼ਾਂ ਦੀ ਜਲਦ ਤੋਂ ਜਲਦ ਜਾਂਚ, ਇਲਾਜ ਅਤੇ ਇਕਾਂਤਵਾਸ ਕਰਕੇ ਇਸ ਦੀ ਪਸਾਰ ਲੜੀ ਨੂੰ ਤੋੜਿਆ ਜਾਵੇ।
ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਕੋਵਿਡ-19 ਮਹਾਂਮਾਰੀ ਕਾਰਨ ਪੈਦਾ ਹੋਣ ਵਾਲੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਨ੍ਹਾਂ ਮੁਸ਼ਕਲ ਹਾਲਾਤਾਂ ਵਿੱਚ ਲੋਕਾਂ ਦੀ ਹਰ ਸੰਭਵ ਸੇਵਾ ਕਰਨ ਲਈ ਯਤਨਸ਼ੀਲ ਹੈ।