ਗੱਤਕਾ ਖੇਡ ਕੁੜੀਆਂ ਦੀ ਸਵੈ-ਰੱਖਿਆ ਲਈ ਬਹੁਤ ਜਰੂਰੀ : ਹੀਰਾ ਸੋਢੀ 9ਵੀਂ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਚ ਲੜਕੀਆਂ ਦੇ ਮੁਕਾਬਲਿਆਂ ਦਾ ਕੀਤਾ ਉਦਘਾਟਨ

ਨਿਊਜ਼ ਪੰਜਾਬ

ਗੁਰੂ ਹਰਸਹਾਏ 8 ਅਗਸਤ :

ਇੱਥੇ ਮਾਤਾ ਸਾਹਿਬ ਕੌਰ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਗੁਰੂ ਹਰਸਹਾਏ ਵਿਖੇ ਚੱਲ ਰਹੀ 9ਵੀਂ ਰਾਸ਼ਟਰੀ ਗਤਕਾ ਚੈਂਪੀਅਨਸ਼ਿੱਪ ਵਿੱਚ ਅੱਜ ਦੁਸਰੇ ਦਿਨ ਵਿੱਚ ਕੁੜੀਆਂ ਦੇ ਮੁਕਾਬਲਿਆਂ ਦਾ ਉਦਘਾਟਨ ਮੌਕੇ ਸ. ਅਨੁਮੀਤ ਸਿੰਘ ਹੀਰਾ ਸੋਢੀ ਸੂਚਨਾ ਕਮਿਸ਼ਨਰ ਪੰਜਾਬ ਨੇ ਮੁੱਖ ਮਹਿਮਾਨ ਅਤੇ ਸ. ਆਤਮਜੀਤ ਸਿੰਘ ਡੇਵਿਡ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਉਂਨਾਂ ਦੇ ਨਾਲ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ, ਡਾ. ਪ੍ਰੀਤਮ ਸਿੰਘ ਮੀਤ ਪ੍ਰਧਾਨ ਨੈਸ਼ਨਲ ਗੱਤਕਾ ਐਸੋਸੀਏਸ਼ਨ, ਅਵਤਾਰ ਸਿੰਘ ਚੇਅਰਮੈਨ ਗੱਤਕਾ ਐਸੋਸੀਏਸ਼ਨ ਪੰਜਾਬ, ਹਰਬੀਰ ਸਿੰਘ ਪ੍ਰਧਾਨ ਪੰਜਾਬ ਗੱਤਕਾ ਐਸੋਸੀਏਸ਼ਨ, ਕਮਲ ਪਾਲ ਸਿੰਘ ਪ੍ਰਧਾਨ ਜਿਲਾ ਗੱਤਕਾ ਐਸੋਸੀਏਸ਼ਨ ਫਿਰੋਜ਼ਪੁਰ ਅਤੇ ਮਾਤਾ ਸਾਹਿਬ ਕੌਰ ਸਕੂਲ ਮੈਨੇਜਮੈਂਟ ਕਮੇਟੀ ਦੇ ਮੁੱਖ ਇੰਚਾਰਜ ਮਹੀਪਾਲ ਸਿੰਘ, ਗੁਰਿੰਦਰ ਸਿੰਘ ਤੇ ਸਕੂਲ ਦੇ ਪ੍ਰਿੰਸੀਪਲ ਡਾ: ਪੰਕਜ ਧਮੀਜਾ ਵੀ ਮੌਜੂਦ ਸਨ।
ਆਪਣੇ ਸੰਬੋਧਨ ਵਿੱਚ ਹੀਰਾ ਸੋਢੀ ਨੇ ਆਖਿਆ ਕਿ ਗੱਤਕਾ ਸਵੈ ਰੱਖਿਆ ਲਈ ਬੜਾ ਲਾਭਦਾਇਕ ਖੇਡ ਹੈ ਖਾਸ ਕਰਕੇ ਲੜਕੀਆਂ ਲਈ। ਇਸ ਕਰਕੇ ਇਸ ਖੇਡ ਨੂੰ ਦੇਸ਼ ਵਿਦੇਸ਼ ਵਿੱਚ ਪ੍ਰਫੁੱਲਤ ਕਰਨ ਦੀ ਬਹੁਤ ਲੋੜ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਗੱਤਕਾ ਮੁਕਾਬਲਿਆਂ ਲਈ ਉਹ ਨੈਸ਼ਨਲ ਗੱਤਕਾ ਐਸੋਸੀਏਸ਼ਨ ਨੂੰ ਹਰ ਤਰਾਂ ਦਾ ਸਹਿਯੋਗ ਦੇਣਗੇ।
ਅੱਜ ਦੇ ਕੁੜੀਆਂ ਦੇ ਮੁਕਾਬਲੇ ਵਿੱਚ ਪੰਜਾਬ ਅਤੇ ਹਰਿਆਣਾ ਦੇ ਵਿਅਕਤੀਗਤ ਅੰਡਰ -14 ਦੇ ਮੈਚ ਵਿੱਚ ਪੰਜਾਬ ਜੇਤੂ ਰਿਹਾ।
ਅੰਡਰ -22 ਸਿੰਗਲ ਸੋਟੀ ਵਿੱਚ ਦਿੱਲੀ ਨੇ ਮਹਾਰਾਸ਼ਟਰ ਨੂੰ ਹਰਾਇਆ। ਅੰਡਰ -17 ਸਿੰਗਲ ਸੋਟੀ ਵਿੱਚ ਦਿੱਲੀ ਤੋਂ ਰਾਜਸਥਾਨ ਜੇਤੂ ਰਿਹਾ। ਅੰਡਰ-19 ਫੱਰੀ ਸੋਟੀ ਟੀਮ ਮੁਕਾਬਲੇ ਵਿੱਚ ਹਿਮਾਚਲ ਅਤੇ ਦਿੱਲੀ ਵਿੱਚੋਂ ਹਿਮਾਚਲ ਜੇਤੂ ਰਿਹਾ।
ਅੰਡਰ-17 ਫੱਰੀ ਸੋਟੀ ਵਿਅਗਤੀਗਤ ਮੁਕਾਬਲੇ ਵਿੱਚ ਪੰਜਾਬ ਨੇ ਉਤਰਾਖੰਡ ਨੂੰ ਹਰਾਇਆ ਅਤੇ ਛੱਤੀਸਗੜ੍ਹ ਨੂੰ ਹਰਾ ਕੇ ਹਰਿਆਣਾ ਦੀ ਟੀਮ ਜੇਤੂ ਰਹੀ।
ਕੱਲ 9 ਅਗਸਤ ਨੂੰ ਨੈਸ਼ਨਲ ਗੱਤਕਾ ਚੈਂਪੀਅਨਸ਼ਿੱਪ ਦੇ ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਰਾਣਾ ਗੁਰਮੀਤ ਸਿੰਘ ਸੋਢੀ ਖੇਡ ਮੰਤਰੀ ਪੰਜਾਬ ਹੋਣਗੇ।