ਪੀ.ਵਾਈ.ਡੀ.ਬੀ. ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਵੱਲੋਂ ਸੂਬੇ ਦੇ ਸਮਾਜਿਕ-ਆਰਥਿਕ ਵਿਕਾਸ ‘ਚ ਯੂਥ ਨੂੰ ਭਾਈਵਾਲ ਬਣਾਉਣ ‘ਤੇ ਦਿੱਤਾ ਜ਼ੋਰ

ਨਿਊਜ਼ ਪੰਜਾਬ 

ਲੁਧਿਆਣਾ, 02 ਅਗਸਤ  – ਪੰਜਾਬ ਯੂਥ ਡਿਵੈਲਪਮੈਂਟ ਬੋਰਡ (ਪੀ.ਵਾਈ.ਡੀ.ਬੀ.) ਦੇ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਨੇ ਅੱਜ ਨੌਜਵਾਨਾਂ ਦੀ ਅਸੀਮ ਊਰਜ਼ਾ ਨੂੰ ਇੱਕ ਸਕਾਰਾਤਮਕ ਦਿਸ਼ਾ ਵਿੱਚ ਲਿਆਉਣ ਦੀ ਲੋੜ ‘ਤੇ ਜ਼ੋਰ ਦਿੱਤਾ ਤਾਂ ਜੋ ਉਨ੍ਹਾਂ ਨੂੰ ਦੇਸ਼ ਅਤੇ ਸੂਬੇ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਭਾਈਵਾਲ ਬਣਾਇਆ ਜਾ ਸਕੇ।

ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸਰਾਭਾ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਗਰੁੱਪ ਆਫ਼ ਮੈਡੀਕਲ ਇੰਸਟੀਚਿਊਟ ਵਿਖੇ ਸਪੋਰਟਸ ਐਂਡ ਯੂਥ ਫੈਸਟੀਵਲ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਪੀ.ਵਾਈ.ਡੀ.ਬੀ. ਦੇ ਚੇਅਰਮੈਨ ਨੇ ਕਿਹਾ ਕਿ ਪੰਜਾਬੀ ਨੌਜਵਾਨ ਲੰਮੇ ਸਮੇਂ ਤੋਂ ਆਪਣੀ ਮਿਹਨਤ, ਇਮਾਨਦਾਰੀ ਤੇ ਦ੍ਰਿੜ ਸੰਕਲਪ ਲਈ ਵਿਸ਼ਵ ਭਰ ਵਿੱਚ ਪ੍ਰਸਿੱਧ ਹਨ।

ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਪੰਜਾਬੀ ਨੌਜਵਾਨਾਂ ਨੇ ਨਾ ਸਿਰਫ ਆਪਣੇ ਸੂਬੇ, ਦੇਸ਼ ਵਿੱਚ ਬਲਕਿ ਵਿਸ਼ਵ ਪੱਧਰ ‘ਤੇ ਸਮਾਜਿਕ-ਆਰਥਿਕ ਵਿਕਾਸ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ।

ਉਨ੍ਹਾਂ ਕਿਹਾ ਕਿ ਦੇਸ਼ ਦੀ ਬਿਹਤਰੀ ਲਈ ਨੌਜਵਾਨਾਂ ਦੀ ਭਰਪੂਰ ਊਰਜ਼ਾ ਦੀ ਵਰਤੋਂ ਕਰਨ ਦੀ ਲੋੜ ਹੈ ਜਿਸ ਲਈ ਅਜਿਹੇ ਯੂਥ ਫੈਸਟੀਵਲਾਂ ਦੀ ਅਹਿਮ ਭੂਮਿਕਾ ਹੁੰਦੀ ਹੈ।

ਸ੍ਰੀ ਬਿੰਦਰਾ ਨੇ ਕਿਹਾ ਕਿ ਯੂਥ ਫੈਸਟੀਵਲ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਸੰਗੀਤ, ਡਾਂਸ, ਥੀਏਟਰ ਅਤੇ ਹੋਰਾਂ ਦੇ ਖੇਤਰ ਵਿੱਚ ਵੱਖ-ਵੱਖ ਗਤੀਵਿਧੀਆਂ ਲਈ ਨੌਜਵਾਨਾਂ ਨੂੰ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ।

ਉਨ੍ਹਾਂ ਕਿਹਾ ਕਿ ਕਲਾ ਅਤੇ ਸਭਿਆਚਾਰ ਦੀ ਵਿਅਕਤੀਗਤ ਸ਼ਖਸੀਅਤ ਦੇ ਸਰਵਪੱਖੀ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਹੁੰਦੀ ਹੈ ਅਤੇ ਇਸ ਤਰ੍ਹਾਂ ਅਜਿਹੇ ਤਿਉਹਾਰ ਸਾਡੇ ਨੌਜਵਾਨਾਂ ਨੂੰ ਆਪਣੀ ਅਨੋਖੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਇੱਕ ਸਿਹਤਮੰਦ ਮੰਚ ਪ੍ਰਦਾਨ ਕਰ ਸਕਦੇ ਹਨ।

ਉਨ੍ਹਾਂ ਕਾਲਜ ਮੈਨੇਜਮੈਂਟ ਨੂੰ ਅਪੀਲ ਕੀਤੀ ਕਿ ਉਹ ਨੌਜਵਾਨਾਂ ਦੀ ਅਸੀਮ ਊਰਜ਼ਾ ਨੂੰ ਉਸਾਰੂ ਢੰਗ ਨਾਲ ਚਲਾਉਣ ਦੀ ਕੋਸ਼ਿਸ਼ ਜਾਰੀ ਰੱਖਣ ਜਿਸ ਨਾਲ ਸਹੀ ਤਰੀਕੇ ਨਾਲ ਦੇਸ਼ ਦੀ ਸੇਵਾ ਕੀਤੀ ਜਾ ਸਕੇ।

ਉਨ੍ਹਾਂ ਕਿਹਾ, ‘ਸਮੇਂ ਦੀ ਲੋੜ ਹੈ ਕਿ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਅਜਿਹੇ ਹੋਰ ਯੂਥ ਫੈਸਟੀਵਲਾਂ ਦਾ ਆਯੋਜਨ ਕੀਤਾ ਜਾਵੇ ਅਤੇ ਇਸ ਤਰ੍ਹਾਂ ਸੂਬੇ ਦੁਆਰਾ ਦਰਪੇਸ਼ ਸਮਾਜਿਕ ਬੁਰਾਈਆਂ ਨੂੰ ਰੋਕਣ ਲਈ ਉਸਾਰੂ ਢੰਗ ਨਾਲ ਉਨ੍ਹਾਂ ਦੀ ਸਮਰੱਥਾ ਦਾ ਉਪਯੋਗ ਕੀਤਾ ਜਾਵੇ’।

ਚੇਅਰਮੈਨ ਨੇ ਸਮਾਗਮ ਵਿੱਚ ਨੌਜਵਾਨਾਂ ਵਿੱਚ ਖੇਡ ਕਿੱਟਾਂ ਵੀ ਵੰਡੀਆਂ ਅਤੇ ਪ੍ਰਬੰਧਕ ਕਮੇਟੀ ਨੂੰ ਹਰ ਸੰਭਵ ਪੂਰਨ ਸਹਿਯੋਗ ਦਾ ਭਰੋਸਾ ਵੀ ਦਿੱਤਾ।

ਇਸ ਤੋਂ ਪਹਿਲਾਂ, ਸੰਸਥਾਵਾਂ ਵਿੱਚ ਕਾਲਜਾਂ ਦੇ ਪ੍ਰਿੰਸੀਪਲ, ਡਾ. ਅਜੈ ਛਾਬੜਾ, ਡਾ. ਸਤੀਸ਼ ਸ਼ੁਕਲਾ, ਸ਼੍ਰੀਮਤੀ ਪ੍ਰਭਜੋਤ ਸੈਣੀ ਅਤੇ ਕਾਲਜ ਪ੍ਰਬੰਧਕ ਕਮੇਟੀ ਨੇ ਕਾਲਜ ਵਿੱਚ ਆਏ ਪਤਵੰਤਿਆਂ ਦਾ ਸਵਾਗਤ ਕੀਤਾ।

ਇਸ ਮੌਕੇ ਚੇਅਰਮੈਨ ਪਰਮਜੀਤ ਸਿੰਘ, ਮੈਡੀਕਲ ਸੁਪਰਡੈਂਟ ਡਾ. ਮੋਨਿਕਾ ਧਵਨ, ਡਾ. ਮਨੀਸ਼, ਐਸੋਸੀਏਟ ਪ੍ਰੋਫੈਸਰ ਡਾ. ਸਿਮਰਨਪਾਲ ਸਿੰਘ ਬਿੰਦਰਾ ਅਤੇ ਹੋਰ ਹਾਜ਼ਰ ਸਨ।