ਸ਼ਹੀਦ ਊਧਮ ਸਿੰਘ ਦੀ ਲਾਸਾਨੀ ਕੁਰਬਾਨੀ ਨੇ ਦਿੱਤਾ ਸਾਂਝੀਵਾਲਤਾ ਤੇ ਕੌਮੀ ਏਕਤਾ ਦਾ ਸੁਨੇਹਾ: ਵਿਜੈ ਇੰਦਰ ਸਿੰਗਲਾ
31 ਜੁਲਾਈ:
ਸ਼ਹੀਦ ਊਧਮ ਸਿੰਘ ਨੂੰ ਉਨ੍ਹਾਂ ਦੇ 82ਵੇਂ ਸ਼ਹੀਦੀ ਦਿਹਾੜੇ ਮੌਕੇ ਸ਼ਰਧਾਂਜਲੀ ਭੇਂਟ ਕਰਦਿਆਂ ਸਕੂਲ ਸਿੱਖਿਆ ਤੇ ਲੋਕ ਨਿਰਮਾਣ ਮੰਤਰੀ ਪੰਜਾਬ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਸਰਦਾਰ ਊਧਮ ਸਿੰਘ ਜੀ ਦੀ ਲਾਸਾਨੀ ਕੁਰਬਾਨੀ ਨੇ ਦੇਸ਼ ਤੇ ਦੁਨੀਆ ਨੂੰ ਸਾਂਝੀਵਾਲਤਾ ਤੇ ਕੌਮੀ ਏਕਤਾ ਦਾ ਸੁਨੇਹਾ ਦਿੱਤਾ ਹੈ। ਸ਼ਹੀਦ ਊਧਮ ਸਿੰਘ ਦੀ ਯਾਦਗਾਰ ‘ਤੇ ਸ਼ਰਧਾਂਜਲੀ ਭੇਂਟ ਕਰਦਿਆਂ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਆਪਣਾ ਨਾਮ ਰਾਮ ਮੁਹੰਮਦ ਸਿੰਘ ਆਜ਼ਾਦ ਵਜੋਂ ਬਦਲਣਾ ਸ਼ਹੀਦ ਊਧਮ ਸਿੰਘ ਦੇ ਧਰਮ ਨਿਰਪੱਖਤਾ ਦੇ ਸੰਦੇਸ਼ ਦੀਆਂ ਲੱਖਾਂ ਪਰਤਾਂ ਆਪਣੇ ਆਪ ‘ਚ ਸਮੋਈ ਬੈਠਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ 21 ਸਾਲ ਬਾਅਦ ਸਰਦਾਰ ਊਧਮ ਸਿੰਘ ਉਦੋਂ ਦੇ ਪੰਜਾਬ ਦੇ ਲੈਫਟੀਨੈਂਟ ਗਵਰਨਰ ਮਾਇਕਲ ਓਡਵਾਇਰ ਨੂੰ ਮਾਰ ਕੇ ਬਦਲਾ ਲਿਆ ਉਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇਸ਼ ਦੀ ਅਣਖ ਤੇ ਗੈਰਤ ਨਾਲ ਸੇਵਾ ਕਰਨ ਲਈ ਪ੍ਰੇਰਤ ਕਰਦਾ ਰਹੇਗਾ।
ਕਾਂਗਰਸ ਦੀ ਅਗਵਾਈ ਵਾਲੀਆਂ ਕੇਂਦਰ ਤੇ ਸੂਬਾ ਸਰਕਾਰਾਂ ਦੇ ਯੋਗਦਾਨ ਨੂੰ ਯਾਦ ਕਰਦਿਆਂ ਸ੍ਰੀ ਸਿੰਗਲਾ ਨੇ ਕਿਹਾ ਕਿ ਦੇਸ਼-ਭਗਤਾਂ ਤੇ ਸ਼ਹੀਦਾਂ ਨੂੰ ਮਾਣ ਦੇਣ ਲਈ ਜ਼ਿਆਦਾਤਰ ਯਾਦਗਾਰਾਂ ਕਾਂਗਰਸ ਪਾਰਟੀ ਦੀ ਅਗਵਾਈ ਵਾਲੀਆਂ ਸਰਕਾਰਾਂ ਵੱਲੋਂ ਹੀ ਬਣਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਉਦੋਂ ਦੇ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ, ਸ਼ੰਕਰ ਦਿਆਲ ਸ਼ਰਮਾ ਅਤੇ ਉਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਰਹੇ ਗਿਆਨੀ ਜੈਲ ਸਿੰਘ ਜੀ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਹੀ ਲਗਭਗ 40 ਸਾਲ ਬਾਅਦ ਉਨ੍ਹਾਂ ਦੀਆਂ ਅਸਥੀਆਂ ਦੇਸ਼ ‘ਚ ਲਿਆਂਦੀਆਂ ਗਈਆਂ ਸਨ।
ਇਸ ਮੌਕੇ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਗੁੰਮਨਾਮ ਦੇਸ਼-ਭਗਤਾਂ ਦੀ ਯਾਦ ਨੂੰ ਸਮਰਪਿਤ ਯਾਦਗਾਰ ਬਣਾਉਣ ਦਾ ਐਲਾਨ ਕਰਨ ‘ਤੇ ਧੰਨਵਾਦ ਕਰਦਿਆਂ ਕਿਹਾ ਕਿ ਇਹ ਯਾਦਗਾਰ ਉਨ੍ਹਾਂ ਅਣਗਿਣਤ ਯੋਧਿਆਂ ਦੀਆਂ ਅਣਸੁਣੀਆਂ ਗਾਥਾਵਾਂ ਨੂੰ ਸੰਭਾਲਣ ਦਾ ਕੰਮ ਕਰੇਗੀ ਜਿਨ੍ਹਾਂ ਪੰਜਾਬੀਆਂ ਨੇ ਦੇਸ਼ ਦੀ ਆਜ਼ਾਦੀ ਦੀ ਲਹਿਰ ਵਿੱਚ ਜਾਨਾਂ ਵਾਰ ਕੇ ਆਪਣਾ ਯੋਗਦਾਨ ਪਾਇਆ।