ਜਥੇਦਾਰ ਤਲਵੰਡੀ ਦੀ ਸੁਪਤਨੀ ਮਹਿੰਦਰ ਕੌਰ ਦਾ ਦਿਹਾਂਤ
ਚੰਡੀਗੜ੍ਹ :-
ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਮਰਹੂਮ ਜਥੇਦਾਰ ਲੋਹ ਪੁਰਸ਼ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਪਤਨੀ ਮਹਿੰਦਰ ਕੌਰ (91) ਦਾ ਅੱਜ ਪੀਜੀਆਈ ਚੰਡੀਗੜ੍ਹ ਵਿਖੇ ਦੇਹਾਂਤ ਹੋ ਗਿਆ । ਮਾਤਾ ਮਹਿੰਦਰ ਕੌਰ ਪੰਜਾਬ ਸਰਕਾਰ ਵੱਲੋਂ ਕੈਬਨਿਟ ਰੈਂਕ ਪ੍ਰਾਪਤ ਸਨ । ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਲੋਹ ਪੁਰਸ਼ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ 2014 ਚ ਹੋਈ ਮੌਤ ਸਮੇਂ ਹੀ ਉਨ੍ਹਾਂ ਦੀ ਦੀ ਪਤਨੀ ਮਾਤਾ ਮਹਿੰਦਰ ਕੌਰ ਨੂੰ ਜਥੇਦਾਰ ਤਲਵੰਡੀ ਵੱਲੋਂ ਪੰਜਾਬੀ ਸੂਬੇ ਲਈ ਦਿੱਤੀਆਂ ਕੁਰਬਾਨੀਆਂ ਬਦਲੇ ਉਮਰ ਭਰ ਲਈ ਪੰਜਾਬ ਸਰਕਾਰ ਦੇ ਕੈਬਨਿਟ ਰੈਂਕ ਦਾ ਰੁਤਬਾ ਦੇ ਕੇ ਸਹੂਲਤਾਂ ਦਿੱਤੀਅਾਂ ਸਨ। ਮਾਤਾ ਮਹਿੰਦਰ ਕੌਰ ਵੱਲੋਂ ਵੀ ਪੰਜਾਬੀ ਸੂਬੇ ਲਈ 2 ਮਹੀਨੇ ਦੀ ਸਜ਼ਾ ਅੰਮ੍ਰਿਤਸਰ ਤੇ ਫਿਰੋਜ਼ਪੁਰ ਦੀ ਜੇਲ੍ਹ ਚ ਉਸ ਸਮੇਂ ਕੱਟੀ ਜਦੋਂ ਉਨ੍ਹਾਂ ਦੀ ਵੱਡੀ ਪੁੱਤਰੀ ਹਰਜੀਤ ਕੌਰ 6 ਮਹੀਨਿਆਂ ਦੀ ਸੀ । ਦੂਜੇ ਪਾਸੇ ਉਨ੍ਹਾਂ ਦੇ ਪਤੀ ਜਥੇਦਾਰ ਤਲਵੰਡੀ ਹਿਸਾਰ ਜੇਲ੍ਹ ਵਿੱਚ ਸਨ । ਮਾਤਾ ਮਹਿੰਦਰ ਕੌਰ ਵੱਲੋਂ ਐਮਰਜੈਂਸੀ ਦੌਰਾਨ ਵੀ 2 ਮਹੀਨੇ ਜੇਲ੍ਹ ਚ ਸਜ਼ਾ ਕੱਟੀ ਗਈ ।ਮਾਤਾ ਮਹਿੰਦਰ ਕੌਰ ਤਲਵੰਡੀ ਆਪਣੇ ਪਿੱਛੇ ਦੋ ਪੁੱਤਰੀਆਂ ਹਰਜੀਤ ਕੌਰ ਤਲਵੰਡੀ, ਮਨਜੀਤ ਕੌਰ ਇਸ ਤੋਂ ਇਲਾਵਾ ਦੋ ਪੁੱਤਰ ਸਾਬਕਾ ਵਿਧਾਇਕ ਰਣਜੀਤ ਸਿੰਘ ਤਲਵੰਡੀ ਤੇ ਸ਼੍ਰੋਮਣੀ ਕਮੇਟੀ ਮੈਂਬਰ ਜਗਜੀਤ ਸਿੰਘ ਤਲਵੰਡੀ ਛੱਡ ਗਏ ਹਨ।