ਰਾਣਾ ਸੋਢੀ ਵੱਲੋਂ ਸਾਈਖੋਮ ਮੀਰਾਬਾਈ ਚਾਨੂ ‘ਦੇਸ਼ ਦੀ ਸ਼ਾਨ’ ਕਰਾਰ

ਨਿਊਜ਼ ਪੰਜਾਬ
ਚੰਡੀਗੜ੍ਹ, 24 ਜੁਲਾਈ:
ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਸਾਈਖੋਮ ਮੀਰਾਬਾਈ ਚਾਨੂ ਨੂੰ ‘ਦੇਸ਼ ਦੀ ਸ਼ਾਨ’ ਦੱਸਦਿਆਂ ਕਿਹਾ ਕਿ ਹਾਲੇ ਤਿੰਨ ਦਿਨ ਪਹਿਲਾਂ ਉਸ ਨੇ ਕਿਹਾ ਸੀ ਕਿ “ਮੈਨੂੰ ਟੋਕੀਓ ਵਿੱਚ ਤਮਗ਼ਾ ਜਿੱਤਣ ਦਾ ਪੂਰਾ ਭਰੋਸਾ ਹੈ।” ਅੱਜ ਉਸ ਨੇ ਇਹ ਸ਼ਬਦ ਸੱਚ ਕਰ ਵਿਖਾਏ ਅਤੇ ਟੋਕੀਓ ਉਲੰਪਿਕ ਵਿੱਚ ਭਾਰਤ ਲਈ ਪਹਿਲਾ ਚਾਂਦੀ ਦਾ ਤਮਗ਼ਾ ਜਿੱਤ ਕੇ ਆਪਣਾ ਵਾਅਦਾ ਪੂਰਾ ਕੀਤਾ।
ਰਾਣਾ ਸੋਢੀ ਨੇ ਵੇਟਲਿਫ਼ਟਰ ਸਾਈਖੋਮ ਮੀਰਾਬਾਈ ਚਾਨੂ ਨੂੰ 49 ਕਿੱਲੋ ਵਰਗ ਵਿੱਚ ਭਾਰਤ ਲਈ ਚਾਂਦੀ ਦਾ ਤਮਗ਼ਾ ਜਿੱਤਣ ਦੇ ਸ਼ਾਨਦਾਰ ਕਾਰਨਾਮੇ ਲਈ ਵਧਾਈ ਦਿੱਤੀ। ਉਨ੍ਹਾਂ ਟਵੀਟ ਕੀਤਾ ਕਿ “ਸਾਈਖੋਮ ਮੀਰਾਬਾਈ ਚਾਨੂ ਨੂੰ ਟੋਕੀਓ ‘ਚ ਚਾਂਦੀ ਨਾਲ ਭਾਰਤ ਦੀ ਤਮਗ਼ਾ ਸੂਚੀ ਸ਼ੁਰੂ ਕਰਨ ਲਈ ਵਧਾਈਆਂ।” ਖੇਡ ਮੰਤਰੀ ਨੇ ਪੰਜਾਬ ਨਾਲ ਸਬੰਧਤ ਉਸ ਦੇ ਸਹਾਇਕ ਕੋਚ ਸੰਦੀਪ ਕੁਮਾਰ ਨੂੰ ਵੀ ਵਧਾਈ ਦਿੱਤੀ, ਜੋ ਜ਼ਿਲ੍ਹਾ ਜਲੰਧਰ ਦੇ ਪਿੰਡ ਬੜਾ ਦੇ ਰਹਿਣ ਵਾਲੇ ਹਨ। ਸੰਦੀਪ ਕੁਮਾਰ ਨੇ ਖ਼ੁਦ ਵੇਟਲਿਫ਼ਟਰ ਵਜੋਂ 1996 ਦੀਆਂ ਐਟਲਾਂਟਾ ਉਲੰਪਿਕ ਖੇਡਾਂ ਵਿੱਚ ਹਿੱਸਾ ਲਿਆ ਅਤੇ 1998 ਦੀਆਂ ਕੁਆਲਾਲੰਪੁਰ (ਮਲੇਸ਼ੀਆ) ਰਾਸ਼ਟਰਮੰਡਲ ਖੇਡਾਂ ਵਿੱਚ 69 ਕਿਲੋ ਭਾਰ ਵਰਗ ਵਿੱਚ ਕਾਂਸੀ ਦਾ ਤਮਗ਼ਾ ਜਿੱਤਿਆ। ਉਹ ਪੰਜਾਬ ਪੁਲਿਸ ਵਿੱਚ ਬਤੌਰ ਇੰਸਪੈਕਟਰ ਸੇਵਾ ਨਿਭਾਅ ਰਹੇ ਹਨ।
ਇਸ ਤੋਂ ਪਹਿਲਾਂ ਰਾਣਾ ਗੁਰਮੀਤ ਸਿੰਘ ਸੋਢੀ ਨੇ ਭਾਰਤੀ ਹਾਕੀ ਟੀਮ ਨੂੰ ਉਲੰਪਿਕ ਦੇ ਪਹਿਲੇ ਹਾਕੀ ਮੈਚ ਵਿੱਚ ਨਿਊਜ਼ੀਲੈਂਡ ਨੂੰ 3-2 ਨਾਲ ਹਰਾਉਣ ਲਈ ਵਧਾਈ ਦਿੱਤੀ। ਉਨ੍ਹਾਂ ਟਵੀਟ ਕੀਤਾ “ਟੋਕੀਓ 2020 ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਟੀਮ ਇੰਡੀਆ ਨੂੰ ਵਧਾਈ। #ਮੈਨ ਇਨ ਬਲੂ ਨੇ ਓਪਨਰ ਮੈਚ ਵਿੱਚ ਨਿਊਜ਼ੀਲੈਂਡ ਨੂੰ 3-2 ਨਾਲ ਮਾਤ ਦਿੱਤੀ।” ਉਨ੍ਹਾਂ ਕਿਹਾ ਕਿ ਇਹ ਸਾਡੇ ਸਭਨਾਂ ਲਈ ਮਾਣ ਵਾਲੀ ਗੱਲ ਹੈ ਕਿ ਤਿੰਨੇ ਸਕੋਰ ਪੰਜਾਬ ਦੇ ਖਿਡਾਰੀਆਂ ਹਰਮਨਪ੍ਰੀਤ ਸਿੰਘ ਅਤੇ ਰੁਪਿੰਦਰਪਾਲ ਸਿੰਘ ਨੇ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਤੁਹਾਡੇ ’ਤੇ ਮਾਣ ਹੈ।