ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕੇਂਦਰੀ ਜੇਲ੍ਹ ‘ਚ ਵਿਸ਼ੇਸ਼ ਕੈਂਪ ਕੋਰਟ ਆਯੋਜਿਤ
ਨਿਊਜ਼ ਪੰਜਾਬ
ਲੁਧਿਆਣਾ, 23 ਜੁਲਾਈ – ਮਾਨਯੋਗ ਜਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ੍ਰੀ ਪੀ.ਐਸ. ਕਾਲੇਕਾ, ਚੀਫ ਜ਼ੂਡੀਸ਼ਿਅਲ ਮੈਜਿਸਟਰੇਟ-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ 22 ਜੁਲਾਈ, 2021 ਨੂੰ ਕੇਂਦਰੀ ਜੇਲ੍ਹ, ਲੁਧਿਆਣਾ ਵਿੱਚ ਇੱਕ ਵਿਸ਼ੇਸ਼ ਕੈਂਪ ਕੋਰਟ ਦਾ ਆਯੋਜਨ ਕੀਤਾ ਗਿਆ।
ਇਸ ਕੈਂਪ ਕੋਰਟ ਦੌਰਾਨ ਮਾਨਯੋਗ ਚੀਫ ਜ਼ੂਡੀਸ਼ਿਅਲ ਮੈਜਿਸਟਰੇਟ -ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਛੋਟੇ ਜ਼ੁਰਮਾਂ (Petty Offences) ਅਧੀਨ ਜੇਲ੍ਹ ਵਿੱਚ ਬੰਦ ਹਵਾਲਾਤੀਆਂ ਦੇ ਕੇਸਾਂ ਦੀ ਸੁਣਵਾਈ ਕੀਤੀ ਗਈ। ਇਸ ਕੈਂਪ ਕੋਰਟ ਦੌਰਾਨ ਛੋਟੇ ਜ਼ੁਰਮਾਂ (Petty Offences) ਅਧੀਨ 3 ਵੱਖ-ਵੱਖ ਕੇਸਾਂ ਵਿੱਚ ਜੇਲ੍ਹ ਵਿੱਚ ਬੰਦ 4 ਹਵਾਲਾਤੀਆਂ ਵੱਲੋਂ ਕੈਂਪ ਕੋਰਟ ਵਿੱਚ ਮਾਨਯੋਗ ਸੀ.ਜੇ.ਐਮ. ਸਾਹਮਣੇ ਪੇਸ਼ ਹੋ ਕੇ ਆਪਣੇ ਜੁਰਮ ਦਾ ਇਕਬਾਲ ਕੀਤਾ ਗਿਆ ਅਤੇ ਮਾਨਯੋਗ ਸੀ.ਜੇ.ਐਮ. ਵੱਲੋਂ ਇਨ੍ਹਾਂ ਹਵਾਲਾਤੀਆਂ ਦੇ ਕੇਸਾਂ ਵਿੱਚ ਮੌਕੇ ‘ਤੇ ਹੀ ਫੈਸਲਾ ਸੁਣਾਇਆ ਗਿਆ।
ਇਸ ਮੌਕੇ ਤੇ ਮਾਨਯੋਗ ਚੀਫ ਜੂਡੀਸ਼ਿਅਲ ਮੈਜਿਸਟਰੇਟ-ਕਮ-ਸਕੱਤਰ, ਜਿਲ੍ਹਾ਼ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਦੱਸਿਆ ਗਿਆ ਕਿ ਇਸ ਕੈਂਪ ਕੋਰਟ ਦਾ ਮੁੱਖ ਮਕਸਦ ਛੋਟੇ ਜ਼ੁਰਮਾਂ (Petty Offences) ਅਧੀਨ ਜੇਲ੍ਹ ਵਿੱਚ ਬੰਦ ਅਜਿਹੇ ਹਵਾਲਾਤੀਆਂ ਜੋ ਆਪਣੀ ਗਲਤੀ ਦਾ ਅਹਿਸਾਸ ਕਰਦੇ ਹੋਏ ਅਤੇ ਆਪਣੇ ਜੁਰਮ ਦਾ ਇਕਬਾਲ ਕਰਕੇ ਆਪਣੇ ਆਪ ਵਿੱਚ ਸੁਧਾਰ ਕਰਨਾ ਚਾਹੁੰਦੇ ਹਨ, ਉਨ੍ਹਾਂ ਦੇ ਕੇਸਾਂ ਦਾ ਨਿਪਟਾਰਾ ਕਰਕੇ ਸੁਧਰਨ ਦਾ ਮੌਕਾ ਦੇਣਾ ਹੈ ।