ਰਾਣਾ ਸੋਢੀ ਵੱਲੋਂ ਕ੍ਰਿਕਟਰ ਯਸ਼ਪਾਲ ਸ਼ਰਮਾ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਚੰਡੀਗੜ੍ਹ, 13 ਜੁਲਾਈ:

ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਭਾਰਤੀ ਕ੍ਰਿਕਟਰ ਯਸ਼ਪਾਲ ਸ਼ਰਮਾ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਖੇਡ ਵਿਰਾਸਤ ਦੀਆਂ ਪੰਜਾਬ ਵਿੱਚ ਡੂੰਘੀਆਂ ਤੰਦਾਂ ਜੁੜੀਆਂ ਹੋਈਆਂ ਹਨ। ਭਾਰਤ ਦੀ 1983 ਦੀ ਵਿਸ਼ਵ ਕੱਪ ਜੇਤੂ ਟੀਮ ਦਾ ਅਹਿਮ ਅੰਗ ਰਹੇ ਅਤੇ ਆਪਣੇ ਸਮੇਂ ਦੇ ਮੱਧ-ਕ੍ਰਮ ਦੇ ਬੱਲੇਬਾਜ਼ ਹੋਣ ਦਾ ਨਾਮਣਾ ਖੱਟਦੇ ਰਹੇ ਸ਼ਰਮਾ (66) ਨੇ ਨਵੀਂ ਦਿੱਲੀ ਵਿਖੇ ਦਿਲ ਦਾ ਦੌਰਾ ਪੈਣ ਨਾਲ ਆਖ਼ਰੀ ਸਾਹ ਲਏ। ਉਹ ਆਪਣੇ ਪਿੱਛੇ ਪਤਨੀ, ਦੋ ਧੀਆਂ ਅਤੇ ਇੱਕ ਪੁੱਤਰ ਛੱਡ ਗਏ ਹਨ।

ਆਪਣੇ ਸ਼ੋਕ ਸੰਦੇਸ਼ ਵਿੱਚ ਰਾਣਾ ਸੋਢੀ ਨੇ ਕਿਹਾ ਕਿ 70ਵਿਆਂ ਅਤੇ 80ਵਿਆਂ ਦੌਰਾਨ ਮੱਧ-ਕ੍ਰਮ ਦੇ ਧਮਾਕੇਦਾਰ ਬੱਲੇਬਾਜ਼ ਰਹੇ ਸ਼ਰਮਾ ਨੇ ਆਪਣੇ ਵੱਲ ਸਭ ਤੋਂ ਪਹਿਲਾਂ ਧਿਆਨ ਉਦੋਂ ਖਿੱਚਿਆ, ਜਦੋਂ ਉਨ੍ਹਾਂ ਨੇ 1972 ਵਿੱਚ ਜੰਮੂ ਕਸ਼ਮੀਰ ਸਕੂਲਜ਼ ਵਿਰੁੱਧ ਖੇਡਦਿਆਂ ਪੰਜਾਬ ਸਕੂਲਜ਼ ਲਈ 260 ਦੌੜਾਂ ਬਣਾਈਆਂ। ਦੋ ਸਾਲਾਂ ਦੇ ਅੰਦਰ-ਅੰਦਰ ਉਹ ਰਾਜ ਦੀ ਟੀਮ ਵਿੱਚ ਆ ਗਏ ਅਤੇ ਉੱਤਰੀ ਜ਼ੋਨ ਦੀ ਟੀਮ ਦੇ ਮੈਂਬਰ ਬਣੇ ਅਤੇ ਇਸੇ ਟੀਮ ਨੇ ਉਦੋਂ ਵਿਜੈ ਹਜਾਰੇ ਟਰਾਫੀ ਜਿੱਤੀ। ਲੁਧਿਆਣਾ ਵਿੱਚ ਜੰਮੇ-ਪਲੇ ਯਸ਼ਪਾਲ ਸ਼ਰਮਾ ਸੰਨ 2000 ਦੇ ਸ਼ੁਰੂ ਵਿੱਚ ਕੌਮੀ ਟੀਮ ਲਈ ਚੁਣੇ ਗਏ। ਇਸ ਤੋਂ ਇਲਾਵਾ ਉਹ ਰਣਜੀ ਟਰਾਫੀ ਵਿੱਚ ਪੰਜਾਬ, ਹਰਿਆਣਾ ਅਤੇ ਰੇਲਵੇ ਦੀ ਨੁਮਾਇੰਦਗੀ ਕਰਦੇ ਰਹੇ।

ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਦੁਖੀ ਪਰਿਵਾਰ, ਸਕੇ-ਸਬੰਧੀਆਂ ਅਤੇ ਮਿੱਤਰਾਂ ਨਾਲ ਦਿਲੀ ਹਮਦਰਦੀ ਸਾਂਝੀ ਕਰਦਿਆਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਇਸ ਦੁੱਖ ਦੀ ਘੜੀ ਵਿੱਚ ਇਸ ਨਾ ਪੂਰੇ ਜਾਣ ਵਾਲੇ ਘਾਟੇ ਨੂੰ ਸਹਿਣ ਦਾ ਬਲ ਅਤੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ।