ਲੰਬੀ ਜੱਦੋ ਜਹਿਦ ਤੋ ਬਾਅਦ ਜਬਰਜਨਾਹ ਦੇ ਮਾਮਲੇ ਵਿੱਚ ਐਮਐਲਏ ਸਿਮਰਜੀਤ ਸਿੰਘ ਬੈਂਸ ਦੇ ਖਿਲਾਫ ਮੁਕੱਦਮਾ ਦਰਜ
6 ਹੋਰ ਵਿਅਕਤੀਆਂ ਨੂੰ ਵੀ ਕੀਤਾ ਨਾਮਜ਼ਦ
ਲੁਧਿਆਣਾ, 12 ਜੁਲਾਈ
ਅਦਾਲਤ ਦੇ ਆਦੇਸ਼ਾਂ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ ਛੇ ਦੀ ਪੁਲਿਸ ਨੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਲੁਧਿਆਣਾ ਤੋਂ ਐਮਐਲਏ ਸਿਮਰਜੀਤ ਸਿੰਘ ਬੈਂਸ ਸਮੇਤ ਸੱਤ ਹੋਰ ਵਿਅਕਤੀਆਂ ਦੇ ਖਿਲਾਫ ਧਮਕੀਆਂ ਦੇਣ, ਸਾਜ਼ਿਸ਼ ,ਛੇਡ਼ ਛਾਡ਼ ਅਤੇ ਜਬਰ ਜਨਾਹ ਦੀਆਂ ਧਾਰਾਵਾਂ ਤਹਿਤ ਐਫਆਈਆਰ ਦਰਜ ਕਰ ਲਈ ਹੈ । ਕਾਬਲੇਗੌਰ ਹੈ ਕਿ ਪੀਡ਼ਤ ਅੌਰਤ ਪਿਛਲੇ ਪੰਜ ਮਹੀਨਿਆਂ ਤੋਂ ਇਨਸਾਫ਼ ਲਈ ਲੜ ਰਹੀ ਸੀ । ਲੁਧਿਆਣਾ ਪੁਲਿਸ ਨੂੰ ਸ਼ਿਕਾਇਤ ਦੇਣ ਦੇ ਬਾਵਜੂਦ ਵੀ ਜੱਦ ਪੁਲਿਸ ਨੇ ਕਾਰਵਾਈ ਨਾ ਕੀਤੀ ਤਾਂ ਔਰਤ ਪਿਛਲੇ ਕਈ ਮਹੀਨਿਆਂ ਤੋਂ ਪੱਕੇ ਤੌਰ ਤੇ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨੇ ਤੇ ਬੈਠੀ ਹੋਈ ਸੀ ।
ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਕੀਤੀ ਮੰਗ
ਅਦਾਲਤ ਦੇ ਆਦੇਸ਼ਾਂ ਦੇ ਬਾਵਜੂਦ ਵੀ ਮਾਮਲਾ ਨਾ ਦਰਜ ਕਰਨ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਲੀਡਰਾਂ ਨੇ ਸੋਮਵਾਰ ਨੂੰ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਸੀ ,ਪਰ ਉਸਤੋਂ ਪਹਿਲਾਂ ਹੀ ਪੁਲਿਸ ਨੇ ਐਫ ਆਈ ਆਰ ਦਰਜ ਕਰ ਲਈ ਸੀ । ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੇ ਮੁਲਜ਼ਮਾਂ ਦੀ ਜਲਦ ਤੋਂ ਜਲਦ ਗ੍ਰਿਫਤਾਰੀ ਦੀ ਮੰਗ ਕੀਤੀ ।ਇਸ ਮਾਮਲੇ ਵਿਚ ਸਿਮਰਜੀਤ ਸਿੰਘ ਬੈਂਸ ਤੋਂ ਇਲਾਵਾ ਕੋਟ ਮੰਗਲ ਸਿੰਘ ਦੇ ਰਹਿਣ ਵਾਲੇ ਕਰਮਜੀਤ ਸਿੰਘ, ਪਰਮਜੀਤ ਸਿੰਘ, ਜਸਬੀਰ ਕੌਰ, ਈਸ਼ਰ ਨਗਰ ਦੀ ਰਹਿਣ ਵਾਲੀ ਬਲਜਿੰਦਰ ਕੌਰ,ਸੁਖਚੈਨ ਸਿੰਘ ਅਤੇ ਪੀਏ ਗੋਗੀ ਸ਼ਰਮਾ ਹਨ । ਲੁਧਿਆਣਾ ਪੁਲਿਸ ਨੇ ਈਸ਼ਰ ਨਗਰ ਦੀ ਰਹਿਣ ਵਾਲੀ ਇਕ ਔਰਤ ਦੀ ਸ਼ਿਕਾਇਤ ਉੱਪਰ ਇਹ ਐੱਫਆਈਆਰ ਦਰਜ ਕੀਤੀ ਹੈ ।ਅੌਰਤ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ ਕਿ ਇਕ ਪ੍ਰਾਪਰਟੀ ਵਿਵਾਦ ਤੋਂ ਬਾਅਦ ਉਹ ਵਿਧਾਇਕ ਦੇ ਸੰਪਰਕ ਵਿੱਚ ਆਈ । ਜਿਸ ਤੋਂ ਬਾਅਦ ਉਸ ਦਾ ਸਰੀਰਿਕ ਸ਼ੋਸ਼ਣ ਕੀਤਾ ਗਿਆ ਅਤੇ ਬਾਕੀ ਮੁਲਜ਼ਮਾਂ ਨੇ ਐਮਐਲਏ ਬੈਂਸ ਦਾ ਸਾਥ ਦਿੱਤਾ ।